ਡੀਸੀ ਦਫਤਰ ਕਾਮਿਆਂ ਨੇ ਕੀਤੀ ਰੈਲੀ ਅਤੇ ਸਾੜੀਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ.!!

Last Updated: Jan 06 2020 16:25
Reading time: 1 min, 30 secs

ਦੀ ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫਤਰ ਕਰਮਚਾਰੀ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਡੀਸੀ ਦਫਤਰ ਕਰਮਚਾਰੀ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਡੀਸੀ ਦਫਤਰ ਦੇ ਸਾਹਮਣੇ ਗੇਟ ਰੈਲੀ ਕੀਤੀ ਗਈ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਜਾਰੀ ਕਾਲੇ ਕਾਨੂੰਨ ਮੰਨੇ ਜਾਣ ਵਾਲੇ ਨੋਟੀਫਿਕੇਸ਼ਨ ਜਿਸ ਰਾਹੀਂ ਸਰਕਾਰ ਵੱਲੋਂ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਲਈ ਅਤੇ ਆਪਣੀਆਂ ਹੱਕੀ ਮੰਗਾਂ ਲਈ ਅਵਾਜ਼ ਉਠਾਉਣ ਲਈ ਹਥਿਆਰ ਮੰਨੀ ਜਾਣ ਵਾਲੀ ਹੜਤਾਲ ਦੌਰਾਨ ਮੁਲਾਜ਼ਮਾਂ ਨੂੰ ਤਨਖਾਹ ਨਾ ਦੇਣ ਦੇ ਕੀਤੇ ਫੈਸਲੇ ਕੀਤਾ ਹੈ, ਦੀ ਮੁਲਾਜਮਾਂ ਨੇ ਨਿਖੇਧੀ ਕਰਦੇ ਹੋਏ ਸਰਕਾਰ ਵੱਲੋਂ ਜਾਰੀ ਇਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ। ਰੈਲੀ ਵਿੱਚ ਸ਼ਾਮਲ ਜੋਗਿੰਦਰ ਕੁਮਾਰ ਸੂਬਾ ਜਨਰਲ ਸਕੱਤਰ ਦੀ ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਆਪਣੀ ਕਮਜੋਰ ਕਾਰਗੁਜ਼ਾਰੀ ਨੂੰ ਲੁਕਾਉਣ ਲਈ ਹੁਣ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਵੱਲ ਤੁਰ ਪਈ ਹੈ।

ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਕੇਵਲ ਮੁਲਾਜ਼ਮਾਂ ਤੇ ਕੰਮ ਅਤੇ ਟੈਕਸਾਂ ਦੇ ਬੋਝ ਨੂੰ ਵਧਾਇਆ ਜਾ ਰਿਹਾ ਹੈ, ਪਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਸੁਨਣ ਲਈ ਤਿਆਰ ਨਹੀਂ ਹੈ ਅਤੇ ਮੁਲਾਜ਼ਮਾਂ ਨਾਲ ਸਰਕਾਰ ਹਮੇਸ਼ਾ ਹੀ ਵਿਤਵਰਾ ਕਰਦੀ ਹੈ। ਮੁਲਾਜ਼ਮਾਂ ਕੋਲ ਮੌਜ਼ੂਦ ਸੰਵਿਧਾਨਿਕ ਹੱਕ ਨੂੰ ਵੀ ਹੁਣ ਸਰਕਾਰ ਨੇ ਖੋਹਣ ਦੀ ਕੋਸ਼ਿਸ਼ ਕੀਤੀ ਹੈ, ਪਰ ਮੁਲਾਜ਼ਮ ਇਸ ਤਾਨਾਸ਼ਾਹੀ ਨੂੰ ਸਹਿਣ ਕਰਨ ਦੇ ਹੱਕ ਵਿੱਚ ਨਹੀਂ ਹਨ ਅਤੇ ਆਪਣੇ ਹੱਕਾਂ ਦੀ ਰੱਖਿਆ ਕਰਨ ਲਈ ਤਿਆਰ ਹਨ। ਇਸ ਮੌਕੇ ਤੇ ਸੂਬਾ ਜਨਰਲ ਸਕੱਤਰ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਜੇਕਰ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਸਖਤ ਐਕਸ਼ਨ ਲੈਣ ਲਈ ਮਜ਼ਬੂਰ ਹੋਣਾ ਪਵੇਗਾ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ ਪੀਐੱਸਐੱਮਐੱਸਯੂ, ਪ੍ਰਦੀਪ ਕੁਮਾਰ ਜ਼ਿਲ੍ਹਾ ਪ੍ਰਧਾਨ ਡੀਸੀ ਦਫਤਰ ਕਰਮਚਾਰੀ ਐਸੋਸੀਏਸ਼ਨ, ਪ੍ਰਵੀਨ ਸੇਠੀ, ਰਜਿੰਦਰ ਕੁਮਾਰ, ਸੁਖਵੰਤ ਸਿੰਘ ਖੋਸਾ, ਰਜ਼ਨੀਸ਼ ਕੁਮਾਰ, ਮਧੂ ਬਾਲਾ, ਸਵਰਨ ਕੌਰ, ਵਿਸ਼ਾਲ ਮਹਿਤਾ, ਗੁਰਜਿੰਦਰ ਸਿੰਘ, ਮਹਿਤਾਬ ਸਿੰਘ, ਓਮ ਪ੍ਰਕਾਸ਼ ਰਾਣਾ, ਰੁਪਵਿੰਦਰ ਸਿੰਘ, ਰੀਮਾ ਆਦਿ ਡੀਸੀ ਦਫਤਰ ਦੇ ਸਾਥ ਹਾਜ਼ਰ ਸਨ।