26 ਜਨਵਰੀ ਦੇ ਸਮਾਗਮਾਂ ਨੂੰ ਲੈ ਕੇ ਪੱਬਾਂ ਭਾਰ ਹੋਈ ਪਟਿਆਲਾ ਪੁਲਿਸ !!!

Last Updated: Jan 06 2020 14:00
Reading time: 0 mins, 56 secs

26 ਜਨਵਰੀ ਦੇ ਸਮਾਗਮਾਂ ਦਾ ਕਾਊਂਟ ਡਾਊਨ ਸ਼ੁਰੂ ਹੋ ਚੁੱਕਾ ਹੈ। ਇਸ ਵਾਰ ਪਟਿਆਲਾ ਚ ਤਿਰੰਗਾ ਕੌਣ ਲਹਿਰਾਏਗਾ? ਇਸ ਸਵਾਲ ਦਾ ਜਵਾਬ ਤਾਂ ਅਜੇ ਨਹੀਂ ਮਿਲ ਪਾਇਆ ਹੈ ਪਰ, ਇਹਨਾਂ ਸਮਾਗਮਾਂ ਮੌਕੇ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ, ਉਸ ਲਈ ਜ਼ਿਲ੍ਹਾ ਪੁਲਿਸ ਨੇ ਹੁਣੇ ਤੋਂ ਹੀ ਆਪ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਸ਼ਾਇਦ ਇਹੋ ਕਾਰਨ ਹੋਵੇਗਾ ਕਿ ਪੁਲਿਸ ਨੇ ਜ਼ਿਲ੍ਹੇ ਭਰ ਚ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦੇ ਨਾਲ-ਨਾਲ ਨਾਕਾਬੰਦੀਆਂ ਵੀ ਵਧਾ ਦਿੱਤੀਆਂ ਹਨ। ਜਿੱਥੇ ਸ਼ਹਿਰ ਦੇ ਅੰਦਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਗੈਰ ਸਮਾਜੀ ਅਨਸਰਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਵੀ ਖ਼ਾਸ ਅਭਿਆਨ ਚਲਾਇਆ ਜਾ ਰਿਹਾ ਹੈ। ਲੰਘੀ ਦੇਰ ਸ਼ਾਮ ਵੀ ਜ਼ਿਲ੍ਹਾ ਪੁਲਿਸ ਨੇ ਲਗਭਗ 4 ਚਾਰ ਦਰਜਨ ਕਮਾਂਡੋਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਹੋਟਲਾਂ, ਧਾਰਮਿਕ ਸਥਾਨਾਂ ਦੀਆਂ ਸਰਾਂਵਾਂ, ਰੇਲਵੇ ਸਟੇਸ਼ਨ, ਬੱਸ ਅੱਡਾ ਤੇ ਭੀੜ ਭੜੱਕੇ ਵਾਲੀਆਂ ਹੋਰ ਥਾਵਾਂ ਤੇ ਕੋਮਬਿੰਗ ਓਪਰੇਸ਼ਨ ਚਲਾਇਆ।

ਇਸੇ ਦੌਰਾਨ ਪੁਲਿਸ ਕਰਮਚਾਰੀਆਂ ਨੇ ਰੇਲਵੇ ਸਟੇਸ਼ਨ ਤੇ ਬੱਸ ਅੱਡੇ ਤੇ ਆਉਣ ਜਾਣ ਵਾਲੀਆਂ ਸਵਾਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ, ਇਹ ਗੱਲ ਵੱਖਰੀ ਹੈ ਕਿ ਕੇਵਲ ਮਹਾਤੜ ਭਾਈਆਂ ਦੀ ਹੀ। ਪੁਲਿਸ ਦਾ ਇਹ ਤਲਾਸ਼ੀ ਅਭਿਆਨ ਆਉਣ ਵਾਲੇ ਹੋਰ ਕਈ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।