ਸਾਂਝ ਕੇਂਦਰਾਂ ਰਾਹੀਂ ਕੀਤੀ ਜਾ ਰਹੀ ਹੈ ਪਾਰਦਰਸ਼ੀ ਢੰਗ ਨਾਲ ਪਾਸਪੋਰਟ ਇਨਕੁਆਰੀ

Last Updated: Jan 06 2020 12:53
Reading time: 2 mins, 6 secs

ਪੰਜਾਬ ਸਰਕਾਰ ਦੇ ਪੁਲਿਸ ਸਾਂਝ ਪ੍ਰੋਜੈਕਟ ਤਹਿਤ ਪਾਸਪੋਰਟ ਇਨਕੁਆਰੀ ਸਬੰਧੀ ਅਪਣਾਈ ਗਈ ਨੀਤੀ ਨਾਲ ਪਾਸਪੋਰਟ ਇਨਕੁਆਰੀ ਸੁਖਾਲੀ ਅਤੇ ਪਾਰਦਰਸ਼ੀ ਸਾਬਤ ਹੋਈ ਹੈ। ਭਾਵੇਂ ਕਿ ਸੂਬਾ ਸਰਕਾਰ ਨੇ ਪਾਸਪੋਰਟ ਇਨਕੁਆਰੀ ਨੂੰ ਸੇਵਾ ਅਧਿਕਾਰ ਕਾਨੂੰਨ ਹੇਠ ਲਿਆ ਕੇ ਇਸ ਨੂੰ ਪੁਲਿਸ ਸਾਂਝ ਕੇਂਦਰਾਂ ਰਾਹੀਂ 21 ਦਿਨਾਂ 'ਚ ਮੁਕੰਮਲ ਕਰਨ ਦਾ ਸਮਾਂ ਨਿਸ਼ਚਿਤ ਕੀਤਾ ਹੈ, ਪਰ ਸਾਂਝ ਕੇਂਦਰਾਂ ਦੇ ਸਟਾਫ਼ ਵੱਲੋਂ ਪਾਸਪੋਰਟ ਇਨਕੁਆਰੀ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ 5 ਦਿਨਾਂ 'ਚ ਮੁਕੰਮਲ ਕਰ ਲਈ ਜਾਂਦੀ ਹੈ। ਪਾਸਪੋਰਟ ਇਨਕੁਆਰੀ 'ਚ ਆਈ ਪਾਰਦਰਸ਼ਤਾ ਤੇ ਸੌਖਿਆਈ ਤੋਂ ਆਮ ਲੋਕ ਬੇਹੱਦ ਸੰਤੁਸ਼ਟ ਹਨ ਅਤੇ ਲੋਕਾਂ ਵੱਲੋਂ ਰਾਜ ਸਰਕਾਰ ਤੇ ਪੁਲਿਸ ਦੇ ਇਸ ਉੱਦਮ ਨੂੰ ਸਰਾਹਿਆ ਜਾ ਰਿਹਾ ਹੈ।

ਪਾਸਪੋਰਟ ਇਨਕੁਆਰੀ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਟਾਲਾ ਦੇ 13 ਸਾਂਝ ਕੇਂਦਰਾਂ ਵੱਲੋਂ ਪਾਸਪੋਰਟ ਇਨਕੁਆਰੀ ਦਾ ਕੰਮ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਂਝ ਕੇਂਦਰ 'ਚ ਇੱਕ ਸਹਾਇਕ ਥਾਣੇਦਾਰ ਤੇ ਦੋ ਹਵਲਦਾਰਾਂ ਦਾ ਵਿਸ਼ੇਸ਼ ਸਟਾਫ਼ ਪਾਸਪੋਰਟ ਇਨਕੁਆਰੀ ਲਈ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਸਪੋਰਟ ਇਨਕੁਆਰੀ ਲਈ ਸਿਰਫ਼ ਉਨ੍ਹਾਂ ਪੁਲਿਸ ਮੁਲਾਜ਼ਮ ਨੂੰ ਲਗਾਇਆ ਗਿਆ ਹੈ ਜਿਨ੍ਹਾਂ ਦਾ ਪਿਛਲਾ ਸਰਵਿਸ ਰਿਕਾਰਡ ਬਹੁਤ ਵਧੀਆ ਤੇ ਇਮਾਨਦਾਰੀ ਵਾਲਾ ਹੈ। ਇਨਕੁਆਰੀ ਦਸਤੇ ਨੂੰ ਫ਼ੀਲਡ ਵਿੱਚ ਜਾਣ ਸਮੇਂ ਕੋਈ ਮੁਸ਼ਕਲ ਨਾ ਆਵੇ ਇਸ ਲਈ ਸਰਕਾਰ ਵੱਲੋਂ ਮੋਟਰਸਾਈਕਲ ਦਿੱਤੇ ਗਏ ਹਨ ਅਤੇ ਇਨ੍ਹਾਂ ਮੋਟਰਸਾਈਕਲਾਂ ਲਈ ਤੇਲ ਅਤੇ ਰਿਪੇਅਰ ਦਾ ਖਰਚਾ ਵੀ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ।

ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਪਾਸਪੋਰਟ ਇਨਕੁਆਰੀ ਲਈ ਪੰਜਾਬ ਸਰਕਾਰ ਵੱਲੋਂ 100 ਰੁਪਏ ਫ਼ੀਸ ਨਿਰਧਾਰਿਤ ਕੀਤੀ ਗਈ ਹੈ ਅਤੇ ਇਹ ਫ਼ੀਸ ਲੈ ਕੇ ਬਿਨੈਕਾਰ ਨੂੰ ਇਸਦੀ ਰਸੀਦ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਾਸਪੋਰਟ ਇਨਕੁਆਰੀ ਨੂੰ ਸੌਖਿਆਂ ਤੇ ਪਾਰਦਰਸ਼ੀ ਬਣਾਉਣ ਲਈ ਪੜਤਾਲੀਆ ਟੀਮ ਵੱਲੋਂ ਬਿਨੈਕਾਰ ਨੂੰ ਐੱਸ.ਐੱਮ.ਐੱਸ. ਰਾਹੀਂ ਉਸਦੇ ਘਰ ਆਉਣ ਦੀ ਅਗਾਊਂ ਸੂਚਨਾ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਪਿੰਡ/ਵਾਰਡ ਦੇ ਮੋਹਤਬਰ ਵਿਅਕਤੀ ਨੂੰ ਗਵਾਹੀ ਲਈ ਪਹਿਲਾਂ ਹੀ ਆਪਣੇ ਘਰ ਬੁਲਾ ਸਕੇ। ਐੱਸ.ਐੱਸ.ਪੀ. ਸ. ਘੁੰਮਣ ਨੇ ਦੱਸਿਆ ਕਿ ਇਸ ਤੋਂ ਬਾਅਦ ਬਿਨੈਕਾਰ ਨੂੰ ਉਸਦੀ ਪਾਸਪੋਰਟ ਇਨਕੁਆਰੀ ਦੇ ਸਟੇਟਸ ਸਬੰਧੀ ਐੱਸ.ਐੱਮ.ਐੱਸ. ਭੇਜ ਕੇ ਸੂਚਿਤ ਕੀਤਾ ਜਾਂਦਾ ਹੈ ਤਾਂ ਜੋ ਬਿਨੈਕਾਰ ਨੂੰ ਸਾਰੀ ਜਾਣਕਾਰੀ ਘਰ ਬੈਠੇ ਹੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੜਤਾਲੀਆ ਟੀਮ ਨੂੰ ਇਸ ਕੰਮ ਲਈ ਮੁਫ਼ਤ ਸਮਾਰਟ ਫ਼ੋਨ ਵੀ ਮੁਹੱਈਆ ਕਰਾਏ ਗਏ ਹਨ।

ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਦੇ ਇਸ ਨਵੇਂ ਉੱਦਮ ਨਾਲ ਪਾਸਪੋਰਟ ਇਨਕੁਆਰੀ ਪਾਰਦਰਸ਼ੀ ਤੇ ਸੁਖਾਲੀ ਹੋਈ ਹੈ ਜਿਸ ਤੋਂ ਆਮ ਲੋਕ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਹੁਣ ਆਮ ਲੋਕ ਦਲਾਲਾਂ ਦੇ ਚੁੰਗਲ 'ਚ ਨਹੀਂ ਫਸਣਗੇ ਅਤੇ ਸਿਰਫ਼ ਇੱਕ ਸੌ ਰੁਪਏ 'ਚ ਉਨ੍ਹਾਂ ਦੀ ਪਾਸਪੋਰਟ ਇਨਕੁਆਰੀ ਮੁਕੰਮਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਾਸਪੋਰਟ ਇਨਕੁਆਰੀ ਦੀ 100 ਰੁਪਏ ਫ਼ੀਸ ਦੇ ਕੇ ਪੁਲਿਸ ਮੁਲਾਜ਼ਮਾਂ ਕੋਲੋਂ ਰਸੀਦ ਜ਼ਰੂਰ ਪ੍ਰਾਪਤ ਕੀਤੀ ਜਾਵੇ।