ਸੇਖੜੀ, ਫ਼ਤਿਹ ਤੇ ਲਾਡੀ ਹੋਏ ਇਕੱਠੇ, ਘੇਰਨਗੇ ਕੈਬਨਿਟ ਮੰਤਰੀ ਬਾਜਵਾ ਨੂੰ

Last Updated: Jan 06 2020 12:35
Reading time: 1 min, 42 secs

ਸਿਆਸਤ ਕਿਸ ਵੇਲੇ ਕਿੱਧਰ ਨੂੰ ਮੋੜਾ ਕੱਟ ਜਾਵੇ ਪਤਾ ਹੀ ਨਹੀਂ ਲੱਗਦਾ। ਅਜਿਹਾ ਹੀ ਅੱਜਕੱਲ੍ਹ ਬਟਾਲਾ ਵਿਖੇ ਵੀ ਹੁੰਦਾ ਦਿਖਾਈ ਦੇ ਰਿਹਾ ਹੈ। ਬਟਾਲਾ ਵਿਧਾਨ ਸਭਾ ਹਲਕਾ ਜਿੱਥੋਂ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦੀ ਟਿਕਟ ਤੇ ਅਸ਼ਵਨੀ ਸੇਖੜੀ ਚੋਣ ਲੜਦੇ ਆ ਰਹੇ ਹਨ, 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਏ ਸਨ ਜਿਸ ਤੋਂ ਬਾਅਦ ਫ਼ਤਿਹਗੜ੍ਹ ਚੂੜੀਆਂ ਤੋਂ ਜਿੱਤੇ ਕਾਂਗਰਸ ਦੇ ਵਿਧਾਇਕ ਤ੍ਰਿਪਤਰਾਜਿੰਦਰ ਸਿੰਘ ਬਾਜਵਾ ਜਿਨ੍ਹਾਂ ਨੂੰ ਕੈਬਨਿਟ ਵਿੱਚ ਸਥਾਨ ਮਿਲਣ ਨੇ ਨਾਲ-ਨਾਲ ਕੈਪਟਨ ਦੇ ਖਾਸਮਖਾਸਾਂ ਵਿੱਚ ਵੀ ਗਿਣਿਆ ਜਾ ਰਿਹਾ ਹੈ ਵੱਲੋਂ ਬਟਾਲਾ ਵਿੱਚ ਸਿੱਧੀ ਸਿਆਸੀ ਦਖ਼ਲਅੰਦਾਜ਼ੀ ਵਧਾ ਦਿੱਤੀ ਗਈ।

ਸੁਣਨ ਵਿੱਚ ਮਿਲ ਰਿਹਾ ਸੀ ਕਿ ਬਾਜਵਾ ਨੇ ਚੰਡੀਗੜ੍ਹ ਤੋਂ ਹਦਾਇਤਾਂ ਜਾਰੀ ਕਰਵਾ ਕੇ ਬਟਾਲਾ ਦੇ ਪ੍ਰਸ਼ਾਸਨ ਨੂੰ ਸੇਖੜੀ ਖੇਮੇ ਦੀ ਸਰਕਾਰੇ ਦਰਬਾਰੇ ਪੁੱਛ ਪ੍ਰਤੀਤ ਘਟਵਾ ਦਿੱਤੀ ਸੀ ਜਿਸ ਨੂੰ ਲੈ ਕੇ ਪਹਿਲਾਂ ਤਾਂ ਸੇਖੜੀ ਆਪ ਖ਼ੁਦ ਤੇ ਉਨ੍ਹਾਂ ਦਾ ਧੜਾ ਪਿਛਲੇ ਲਗਭਗ ਦੋ ਸਾਲਾਂ ਤੋਂ ਠੰਡੇ ਹੀ ਹੋਏ ਪਏ ਸਨ ਪਰ ਹੁਣ ਜਿਸ ਤਰ੍ਹਾਂ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਹੀ ਸੇਖੜੀ ਮੁੜ ਪੂਰੀ ਸਰਗਰਮੀ ਦਿਖਾ ਰਹੇ ਹਨ ਤੇ ਕੈਬਨਿਟ ਮੰਤਰੀ ਬਾਜਵਾ ਨੂੰ ਮੀਡੀਆ ਰਾਹੀਂ ਸ਼ਰੇਆਮ ਖਰੀਆਂ-ਖਰੀਆਂ ਸੁਣਾ ਰਹੇ ਹਨ ਉਸ ਤੋਂ ਤਾਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਟਾਲਾ ਦੀ ਸਿਆਸਤ ਭਖਣ ਜਾ ਰਹੀ ਹੈ।

ਹੁਣ ਤਾਂ ਸੇਖੜੀ ਵੱਲੋਂ ਕੈਬਨਿਟ ਮੰਤਰੀ ਬਾਜਵਾ ਵਿਰੋਧੀ ਵਿਧਾਇਕਾਂ ਨਾਲ ਲਾਬਿੰਗ ਵੀ ਕੀਤੀ ਜਾ ਰਹੀ ਹੈ ਜਿਸ ਤਹਿਤ ਕਾਦੀਆਂ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਸੇਖੜੀ ਦੀ ਪਿੱਠ ਤੇ ਆ ਖਲੋਤੇ ਹਨ। ਬੀਤੇ ਦਿਨੀਂ ਤਾਂ ਸੇਖੜੀ ਦੀ ਕੋਠੀ ਬਟਾਲਾ ਵਿਖੇ ਜਿੱਥੇ ਦੋਵਾਂ ਵਿਧਾਇਕਾਂ ਨੇ ਸ਼ਮੂਲੀਅਤ ਵੀ ਕੀਤੀ ਸੀ ਉੱਥੇ ਫਤਿਹਜੰਗ ਬਾਜਵਾ ਨੇ ਤਾਂ ਕੈਬਨਿਟ ਮੰਤਰੀ ਬਾਜਵਾ ਦੇ ਖ਼ਿਲਾਫ਼ ਭੜਾਸ ਵੀ ਕੱਢੀ ਸੀ ਤੇ ਆਪਣੀ ਆਵਾਜ਼ ਹੋਰ ਬੁਲੰਦ ਕਰਨ ਦੇ ਸੰਕੇਤ ਦਿੱਤੇ ਸਨ ਜਿਸ ਤੋਂ ਬਾਅਦ ਕੈਬਨਿਟ ਮੰਤਰੀ ਬਾਜਵਾ ਨੂੰ ਕਹਿਣ ਲਈ ਮਜਬੂਰ ਹੋਣਾ ਪਿਆ ਸੀ ਕਿ ਉਹ ਤਾਂ ਆਪਣੇ ਹਲਕੇ ਫ਼ਤਿਹਗੜ੍ਹ ਚੂੜੀਆਂ ਤੋਂ ਹੀ ਚੋਣ ਲੜਣਗੇ ਨਾ ਕਿ ਬਟਾਲਾ ਤੋਂ। ਹੁਣ ਜਿਸ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੀ ਕਾਂਗਰਸ ਵਿੱਚ ਧੜੇਬੰਦੀ ਖੁੱਲ ਕੇ ਸਾਹਮਣੇ ਆਉਣ ਲੱਗ ਪਈ ਹੈ ਤਾਂ ਫੇਰ ਆਉਣ ਵਾਲੇ ਦਿਨਾਂ ਵਿੱਚ ਠੰਡ ਵਿੱਚ ਹੀ ਸਿਆਸੀ ਮੌਸਮ ਗਰਮਾਉਂਦਾ ਜ਼ਰੂਰ ਨਜ਼ਰ ਆਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।