ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਮੁੰਡਾ ਕੁੜੀ ਲੈ ਕੇ ਭੱਜਿਆ !!!

Last Updated: Jan 05 2020 12:37
Reading time: 1 min, 3 secs

ਨਜ਼ਦੀਕੀ ਪਿੰਡ ਜੋਗੇ ਵਾਲਾ ਦੀ ਰਹਿਣ ਵਾਲੀ ਇੱਕ 14 ਵਰ੍ਹਿਆਂ ਦੀ ਕੁੜੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਮੁੰਡਾ ਭਜਾ ਕੇ ਲੈ ਗਿਆ। ਇਸ ਸਬੰਧ ਵਿੱਚ ਪੁਲਿਸ ਥਾਣਾ ਮੱਖੂ ਦੇ ਵੱਲੋਂ ਇੱਕ ਮੁੰਡੇ ਦੇ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪਿੰਡ ਜੋਗੇ ਵਾਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਥਾਣਾ ਮੱਖੂ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ 31 ਦਸੰਬਰ 2019 ਦੀ ਰਾਤ ਕਰੀਬ 11 ਵਜੇ ਉਸ ਦੀ ਇੱਕ 14 ਸਾਲਾਂ ਲੜਕੀ ਨੂੰ ਪਿੰਡ ਡਿੱਬ ਵਾਲਾ ਦੇ ਰਹਿਣ ਵਾਲਾ ਨਛੱਤਰ ਸਿੰਘ ਨਾਂਅ ਦਾ ਮੁੰਡਾ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਭਜਾ ਕੇ ਆਪਣੇ ਨਾਲ ਲੈ ਗਿਆ ਹੈ।

ਵਿਅਕਤੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਪਣੀ ਲੜਕੀ ਦੀ ਕਾਫ਼ੀ ਜ਼ਿਆਦਾ ਭਾਲ ਕੀਤੀ, ਪਰ ਉਹ ਕਿਧਰੇ ਵੀ ਨਹੀਂ ਮਿਲੀ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਨਛੱਤਰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਡਿੱਬ ਵਾਲਾ ਦੇ ਵਿਰੁੱਧ 363-ਏ ਆਈਪੀਸੀ, 3/4 ਦੀ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸ਼ੂਅਲ ਆਫੈਂਸ ਐਕਟ 2012 ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਨੌਜਵਾਨ ਨਛੱਤਰ ਸਿੰਘ ਦੀ ਭਾਲ ਲਈ ਪੁਲਿਸ ਦੇ ਵੱਲੋਂ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ।