ਪਾਵਰਕਾਮ ਸੀ.ਐੱਚ.ਵੀ ਠੇਕਾ ਕਾਮਿਆਂ ਨੂੰ ਤਿੰਨ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ, ਹੁਣ ਸੰਘਰਸ਼ ਦਾ ਐਲਾਨ

Last Updated: Jan 04 2020 18:23
Reading time: 1 min, 28 secs

ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਕਪੂਰਥਲਾ ਵੱਲੋਂ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਣ ਸੰਘਰਸ਼ ਵਿੱਢਣ ਲਈ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਰਕਲ ਪ੍ਰਧਾਨ ਜਗਤਾਰ ਸਿੰਘ, ਸਰਕਲ ਸਕੱਤਰ ਗੁਲਜਾਰ ਸਿੰਘ, ਡਵੀਜ਼ਨ ਪ੍ਰਧਾਨ ਗੁਰਦੇਵ ਸਿੰਘ, ਡਵੀਜ਼ਨ ਮੀਤ ਪ੍ਰਧਾਨ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਤਿੰਨ ਮਹੀਨੇ ਤੋਂ ਪਾਵਰਕਾਮ ਸੀ.ਐਚ.ਵੀ ਠੇਕਾ ਕਾਮਿਆਂ ਨੂੰ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ। ਤਨਖ਼ਾਹਾਂ ਜਾਰੀ ਕਰਵਾਉਣ ਲਈ ਲਗਾਤਾਰ ਸੰਘਰਸ਼ ਵਿੱਢਿਆ ਜਾ ਰਿਹਾ ਹੈ। ਪਾਵਰਕਾਮ ਦੀ ਅਫ਼ਸਰਸ਼ਾਹੀ ਵੱਲੋਂ ਸੰਘਰਸ਼ ਨੂੰ ਦੱਬਣ ਕੁਚਲਣ ਲਈ ਸੀ.ਐੱਚ.ਵੀ ਠੇਕਾ ਕਾਮਿਆਂ ਤੇ ਪਾਏ ਝੂਠੇ ਕੇਸ ਇੱਕ ਢੌਂਗ ਰਚਿਆ ਜਾ ਰਿਹਾ ਹੈ ਕਿ ਕਾਮੇ ਤਨਖਾਹਾਂ ਦੀ ਮੰਗ ਨਾ ਕਰਨ, ਆਪਣੀਆਂ ਮੰਗਾਂ ਲਈ ਨਾ ਲੜਨ, ਸੰਘਰਸ਼ ਨਾ ਕਰਨ। ਇਹ ਸਾਰਾ ਕੁਝ ਸੰਘਰਸ਼ ਨੂੰ ਦੱਬਣ ਕੁਚਲਣ ਲਈ ਕੀਤਾ ਜਾ ਰਿਹਾ ਹੈ। ਜਿਸਨੂੰ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ। 

ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕਾਮੇ ਦੀ ਸੰਘਰਸ਼ ਦੇ ਦੌਰਾਨ ਗੈਰ ਹਾਜ਼ਰੀ ਲਗਾਈ ਤਾਂ ਕਾਮੇ ਕਿਰਤ ਕਮਿਸ਼ਨਰ ਪੰਜਾਬ ਦੇ ਦਫ਼ਤਰ ਨੂੰ ਲਗਾਈਆਂ ਜਾ ਰਹੀਆਂ ਧੱਕੇ ਨਾਲ ਗ਼ੈਰ ਹਾਜ਼ਰੀਆਂ ਬਾਰੇ ਮੰਗ ਪੱਤਰ ਸੌਂਪਣਗੇ। ਕਾਮਿਆਂ ਨੇ ਸੰਘਰਸ਼ ਦਾ ਐਲਾਨ ਕਰਦੇ ਹੋਏ 6 ਜਨਵਰੀ ਪਟਿਆਲਾ ਹੈੱਡ ਆਫ਼ਿਸ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਪਰਿਵਾਰਾਂ ਤੇ ਬੱਚਿਆਂ ਸਮੇਤ ਸੂਬਾ ਪੱਧਰੀ ਧਰਨੇ ਤੇ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਲਈ ਕਾਮਿਆਂ ਨੂੰ ਲਾਮਵੰਦ ਵੀ ਕੀਤਾ, ਦੇਸ਼ ਵਿਆਪੀ ਕੀਤੀ ਜਾ ਰਹੀ 8 ਜਨਵਰੀ ਨੂੰ ਹੜਤਾਲ ਵਿੱਚ ਸ਼ਾਮਲ ਹੋਣ ਲਈ ਕਾਮਿਆਂ ਨੂੰ ਸੱਦਾ ਦਿੱਤਾ ਅਤੇ 30 ਜਨਵਰੀ ਨੂੰ ਕਿਰਤ ਕਮਿਸ਼ਨਰ ਪੰਜਾਬ ਦੇ ਸੂਬਾ ਪੱਧਰੀ ਧਰਨੇ ਤੇ ਮੁਜ਼ਾਹਰੇ ਵਿੱਚ 22-7-19 ਤੇ 24-10-19 ਦਾ ਹੋਇਆਂ ਸਮਝੌਤਾ ਲਾਗੂ ਕਰਨ, ਕੱਢੇ ਕਾਮੇ ਬਹਾਲ ਕਰਨ ਵਰਕਓਡਰ ਵਿੱਚ ਪਾਇਆ ਐੱਚ.ਟੀ 11 ਹਜ਼ਾਰ ਵੋਲਟਸ ਦੇ ਕੰਮ ਦੀ ਤਨਖਾਹ ਵਿੱਚ ਤੇ ਮੁਆਵਜ਼ੇ ਵਿੱਚ ਵਾਧਾ ਕਰਨ, ਮੋਟਰਸਾਈਕਲ/ਤੇਲ ਖਰਚਾ ਦੇਣ ਤੇ ਮੈਡੀਕਲ ਤੇ ਸਾਲ ਦੀਆਂ ਆਊਟਸੋਰਸਿੰਗ ਕਾਮਿਆਂ ਨੂੰ ਮਿਲਦੀਆਂ ਸਾਰੀਆਂ ਛੁੱਟੀਆਂ ਦਾ ਪ੍ਰਬੰਧ ਕਰਨ ਲਈ ਵੀ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ, ਕਰਮ ਕੁਮਾਰ, ਪਰਮਿੰਦਰ ਸਿੰਘ, ਸੰਨੀ ਕਲਿਆਣ, ਭੁਪਿੰਦਰ ਸਿੰਘ, ਹਰਵੰਤ ਸਿੰਘ ਤੇ ਹੋਰ ਸਾਥੀਆਂ ਨੇ ਸ਼ਮੂਲੀਅਤ ਕੀਤੀ।