ਅਣਪਛਾਤੇ ਵਾਹਨ ਦੀ ਟੱਕਰ ਲੱਗਣ ਕਾਰਨ ਰਾਹਗੀਰ ਦੀ ਹੋਈ ਮੌਤ

Last Updated: Jan 04 2020 17:58
Reading time: 1 min, 25 secs

ਕੰਮ ਤੋਂ ਛੁੱਟੀ ਕਰਕੇ ਵਾਪਸ ਘਰ ਨੂੰ ਜਾ ਰਹੇ ਇੱਕ ਵਿਅਕਤੀ ਦੀ ਨਜ਼ਦੀਕੀ ਪਿੰਡ ਕੋਹਾੜਾ ਕੋਲ ਬੀਤੀ ਰਾਤ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਕਾਰਨ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਹਿਚਾਣ ਪ੍ਰੇਮ ਕੁਮਾਰ (40) ਵਾਸੀ ਪਿੰਡ ਮਾਨਗੜ ਦੇ ਤੌਰ ਤੇ ਹੋਈ ਹੈ। ਹਾਦਸੇ ਸਬੰਧੀ ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਪਹੁੰਚਾਇਆ।

ਮਿਲੀ ਜਾਣਕਾਰੀ ਦੇ ਮੁਤਾਬਕ ਕਿਸੇ ਲੋਹਾ ਫੈਕਟਰੀ 'ਚ ਕੰਮ ਕਰਨ ਵਾਲਾ ਪ੍ਰੇਮ ਕੁਮਾਰ ਬੀਤੀ ਰਾਤ ਆਪਣੇ ਕੰਮ ਤੋਂ ਛੁੱਟੀ ਹੋਣ ਦੇ ਬਾਅਦ ਵਾਪਸ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਕੋਹਾੜਾ ਪਿੰਡ ਕੋਲ ਪਹੁੰਚਿਆ ਤਾਂ ਉਸਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਵਾਹਨ ਦੀ ਟੱਕਰ ਲੱਗਣ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਸੇ ਦੌਰਾਨ ਬਿਸਕੁਟ ਫੈਕਟਰੀ 'ਚ ਕੰਮ ਕਰਨ ਵਾਲੀ ਮ੍ਰਿਤਕ ਦੀ ਪਤਨੀ ਜਾਨਕੀ ਦੇਵੀ ਆਪਣੀ ਡਿਊਟੀ ਖਤਮ ਹੋਣ ਬਾਅਦ ਵਾਪਸ ਘਰ ਜਾ ਰਹੀ ਸੀ।

ਰਸਤੇ 'ਚ ਹੋਏ ਹਾਦਸੇ ਨੂੰ ਦੇਖ ਕੇ ਉਹ ਮੌਕੇ ਤੇ ਰੁਕ ਗਈ। ਉਸਨੇ ਕੋਲ ਜਾ ਕੇ ਦੇਖਿਆ ਤਾਂ ਸੜਕ ਤੇ ਜ਼ਖਮੀ ਹਾਲਤ 'ਚ ਪਿਆ ਵਿਅਕਤੀ ਉਸਦਾ ਪਤੀ ਸੀ। ਜਿਸਦੇ ਬਾਅਦ ਉਸਨੇ ਤੁਰੰਤ ਲੋਕਾਂ ਦੀ ਮਦਦ ਦੇ ਨਾਲ ਜ਼ਖਮੀ ਪਤੀ ਨੂੰ ਐਂਬੂਲੈਂਸ 'ਚ ਬੁਲਾ ਕੇ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਜ਼ਖਮੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਬਾਅਦ 'ਚ ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਥਾਣਾ ਕੂੰਮਕਲਾਂ ਤੋਂ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਦਰਜ ਕਰਕੇ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।