ਆਏ ਦਿਨ ਹੋ ਰਹੇ ਮਜ਼ਦੂਰ ਨੌਸਰਬਾਜ਼ਾਂ ਦੀ ਠੱਗੀ ਦੇ ਸ਼ਿਕਾਰ, ਏਟੀਐਮ ਬਦਲ ਕੇ ਖਾਤੇ 'ਚੋਂ ਉਡਾਈ ਨਗਦੀ...!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 02 2020 17:48
Reading time: 3 mins, 12 secs

ਆਏ ਦਿਨ ਨੌਸਰਬਾਜ਼ਾਂ ਵੱਲੋਂ ਏਟੀਐਮ ਕਾਰਡ ਬਦਲੀ ਕਰਕੇ ਖਾਤੇ 'ਚੋਂ ਧੋਖੇ ਨਾਲ ਨਗਦੀ ਕਢਵਾਏ ਜਾਣ ਸਬੰਧੀ ਅਕਸਰ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਬਾਵਜੂਦ ਇਸਦੇ ਲੋਕ ਸਹਾਇਤਾ ਲਈ ਆਪਣੇ ਏਟੀਐਮ ਕਾਰਡ ਅਣਪਛਾਤੇ ਵਿਅਕਤੀਆਂ ਨਾਲ ਸਾਂਝਾ ਕਰਨ ਤੋਂ ਨਹੀਂ ਹਟ ਰਹੇ ਹਨ। ਖਾਸ ਕਰਕੇ ਘੱਟ ਪੜ੍ਹੇ ਲਿਖੇ ਫੈਕਟਰੀ ਮਜ਼ਦੂਰਾਂ ਨੂੰ ਨੌਸਰਬਾਜ਼ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਕਾਰਡ ਬਦਲੀ ਕਰਕੇ ਖਾਤਿਆਂ 'ਚੋਂ ਰੁਪਏ ਕਢਵਾਕੇ ਰਫੁਚੱਕਰ ਹੋ ਜਾਂਦੇ ਹਨ। ਹਾਲਾਂਕਿ, ਬੈਂਕ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਤੇ ਆਪਣੇ ਗ੍ਰਾਹਕਾਂ ਨੂੰ ਆਪਣਾ ਏਟੀਐਮ ਕਾਰਡ ਅਤੇ ਪਾਸਵਰਡ ਸਬੰਧੀ ਕਿਸੇ ਦੂਸਰੇ ਵਿਅਕਤੀ ਨੂੰ ਜਾਣਕਾਰੀ ਨਾ ਦੇਣ ਸਬੰਧੀ ਜਾਗਰੂਕ ਕਰਨ ਦੇ ਨਾਲ ਮੋਬਾਇਲ ਫੋਨ ਤੇ ਮੈਸੇਜ ਭੇਜ ਕੇ ਅਲਰਟ ਕੀਤਾ ਜਾਂਦਾ ਹੈ। ਪ੍ਰੰਤੂ ਫਿਰ ਵੀ ਲੋਕ ਠੱਗੀ ਦਾ ਸ਼ਿਕਾਰ ਹੋ ਕੇ ਆਪਣੇ ਖੂਨ ਪਸੀਨੇ ਦੀ ਕਮਾਈ ਠੱਗਾਂ ਦੇ ਹੱਥੀਂ ਲੁਟਾ ਰਹੇ ਹਨ।

ਅਜਿਹਾ ਹੀ ਮਾਮਲਾ ਉਸੇ ਸਮੇਂ ਸਾਹਮਣੇ ਆਇਆ ਜਦੋਂ ਨਜ਼ਦੀਕੀ ਪਿੰਡ ਸ਼ੇਰਪੁਰ ਕਲਾਂ 'ਚ ਏਟੀਐਮ 'ਚ ਰੁਪਏ ਕਢਵਾਉਣ ਗਏ ਇੱਕ ਫੈਕਟਰੀ ਮਜ਼ਦੂਰ ਦਾ ਧੋਖੇ ਨਾਲ ਏਟੀਐਮ ਕਾਰਡ ਬਦਲ ਕੇ ਇੱਕ ਨੌਸਰਬਾਜ਼ ਨੇ ਖਾਤੇ 'ਚੋਂ 23 ਹਜ਼ਾਰ ਰੁਪਏ ਕਢਵਾਕੇ ਫਰਾਰ ਹੋ ਗਿਆ। ਧੋਖਾਧੜੀ ਦਾ ਪਤਾ ਲੱਗਣ ਬਾਦ ਉਕਤ ਵਿਅਕਤੀ ਨੇ ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਣ ਦੇ ਬਾਅਦ ਥਾਣਾ ਮੋਤੀਨਗਰ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਧੋਖਾਧੜੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਨਜ਼ਦੀਕੀ ਪਿੰਡ ਟਿੱਬਾ ਰੋਡ ਇਲਾਕੇ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਅਨਪ੍ਰਸਾਦ ਪ੍ਰਜਾਪਤੀ ਨੇ ਪੁਲਿਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਹ ਫੈਕਟਰੀ ਮਜ਼ਦੂਰੀ ਦਾ ਕੰਮ ਕਰਦਾ ਹੈ। ਬੀਤੇ ਦਿਨ ਉਹ ਪਿੰਡ ਸ਼ੇਰਪੁਰ ਕਲਾਂ ਸਥਿਤ ਬੈਂਕ ਦੇ ਏਟੀਐਮ ਕਾਊਂਟਰ ਤੋਂ ਰੁਪਏ ਕਢਵਾਉਣ ਗਿਆ ਸੀ। ਕਈ ਵਾਰ ਏਟੀਐਮ ਮਸ਼ੀਨ 'ਚ ਪਾਏ ਜਾਣ ਦੇ ਬਾਅਦ ਉਸ ਵਿੱਚੋਂ ਰੁਪਏ ਨਹੀਂ ਨਿਕਲ ਸਕੇ। ਇਸੇ ਦੌਰਾਨ ਏਟੀਐਮ ਕੈਬਿਨ 'ਚ ਆਏ ਇੱਕ ਵਿਅਕਤੀ ਨੇ ਉਸਨੂੰ ਮਦਦ ਦੀ ਪੇਸ਼ਕਸ਼ ਕਰਦੇ ਹੋਏ ਉਸਦਾ ਏਟੀਐਮ ਕਾਰਡ ਲੈ ਕੇ ਮਸ਼ੀਨ 'ਚ ਪਾਉਣ ਦੇ ਨਾਲ ਪਾਸਵਰਡ ਭਰ ਦਿੱਤਾ। ਪ੍ਰੰਤੂ ਫਿਰ ਵੀ ਏਟੀਐਮ 'ਚੋਂ ਰੁਪਏ ਨਹੀਂ ਨਿਕਲ ਸਕੇ। ਬਾਅਦ 'ਚ ਨੌਸਰਬਾਜ਼ ਨੇ ਉਸਨੂੰ ਏਟੀਐਮ ਕਾਰਡ ਫੜਾ ਦਿੱਤਾ ਅਤੇ ਉਹ ਵਾਪਸ ਆਪਣੇ ਘਰ ਆ ਗਿਆ।

ਸ਼ਿਕਾਇਤਕਰਤਾ ਅਨਪ੍ਰਸਾਦ ਪ੍ਰਜਾਪਤੀ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਇਸਦੇ ਬਾਅਦ ਉਸਨੂੰ ਉਸਦੇ ਮੋਬਾਇਲ ਫੋਨ ਤੇ ਉਸਦੇ ਬੈਂਕ ਖਾਤੇ 'ਚੋਂ 23 ਹਜ਼ਾਰ ਰੁਪਏ ਕਢਵਾਏ ਜਾਣ ਸਬੰਧੀ ਮੈਸੇਜ ਆਇਆ, ਜਦਕਿ ਉਸਨੇ ਰੁਪਏ ਕਢਵਾਏ ਨਹੀਂ ਸਨ। ਇਸਦੇ ਬਾਅਦ ਉਸਨੇ ਬੈਂਕ ਅਧਿਕਾਰੀਆਂ ਕੋਲ ਜਾ ਕੇ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਕਿਸੇ ਵਿਅਕਤੀ ਨੇ ਉਸਦਾ ਏਟੀਐਮ ਕਾਰਡ ਬਦਲਾ ਕਰਕੇ ਉਸਦੇ ਖਾਤੇ 'ਚੋਂ 23 ਹਜ਼ਾਰ ਰੁਪਏ ਕਢਵਾਕੇ ਧੋਖਾਧੜੀ ਕੀਤੀ ਹੈ। ਧੋਖਾਧੜੀ ਸਬੰਧੀ ਪਤਾ ਲੱਗਣ ਦੇ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।

ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ
ਦੂਜੇ ਪਾਸੇ, ਥਾਣਾ ਮੋਤੀ ਨਗਰ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਸ਼ਿਕਾਇਤ ਮਿਲਣ ਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਏਟੀਐਮ ਕਾਊਂਟਰ ਤੇ ਜਾ ਕੇ ਜਾਂਚ ਸ਼ੁਰੂ ਕੀਤੀ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਕਢਵਾਕੇ ਚੈਕਿੰਗ ਕੀਤੀ ਗਈ। ਸ਼ਿਕਾਇਤਕਰਤਾ ਵੱਲੋਂ ਉਸਦੇ ਨਾਲ ਹੋਈ ਧੋਖਾਧੜੀ ਸਬੰਧੀ ਦਰਜ ਕਰਵਾਈ ਗਈ ਸ਼ਿਕਾਇਤ ਦੇ ਬਾਅਦ ਅਣਪਛਾਤੇ ਵਿਅਕਤੀ ਦੇ ਖਿਲਾਫ ਧੋਖਾਧੜੀ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਏਟੀਐਮ ਕਾਰਡ ਧਾਰਕ ਕੀ-ਕੀ ਰੱਖਣ ਸਾਵਧਾਨੀਆਂ
-ਕਿਸੇ ਅਣਪਛਾਤੇ ਵਿਅਕਤੀ ਨੂੰ ਏਟੀਐਮ ਕਾਰਡ ਨਾ ਦੇਣ।
-ਬਾਹਰੀ ਵਿਅਕਤੀ ਨਾਲ ਪਾਸਵਰਡ ਤੇ ਪਿੰਨ ਨੰਬਰ ਸਾਂਝਾ ਨਾ ਕਰਨ।
-ਮੋਬਾਇਲ ਫੋਨ ਤੇ ਖਾਤਾ ਨੰ. ਅਤੇ ਏਟੀਐਮ ਕਾਰਡ ਸਬੰਧੀ ਕੋਈ ਜਾਣਕਾਰੀ ਨਾ ਸਾਂਝਾ ਕਰਨ।
-ਏਟੀਐਮ ਕਾਰਡ ਉੱਪਰ ਪਾਸਵਰਡ ਨੰ. ਨਾ ਲਿਖਣ।
-ਏਟੀਐਮ ਕਾਰਡ ਪ੍ਰਯੋਗ ਕਰਨ ਬਾਅਦ ਮਸ਼ੀਨ ਦਾ ਕੈਂਸਲ ਬਟਨ ਜ਼ਰੂਰ ਦਬਾਉਣ।

ਕੀ ਕਹਿਣਾ ਹੈ ਬੈਂਕ ਅਧਿਕਾਰੀਆਂ ਦਾ
ਉੱਧਰ, ਏਟੀਐਮ ਕਾਰਡ ਬਦਲੀ ਕਰਕੇ ਧੋਖੇ ਦੇ ਨਾਲ ਰੁਪਏ ਕਢਵਾਏ ਜਾਣ ਸਬੰਧੀ ਕੇਨਰਾ ਬੈਂਕ ਦੇ ਅਸਿਸਟੈਂਟ ਮੈਨੇਜਰ ਗੁਰਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਬੈਂਕ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਉੱਪਰ ਆਪਣੇ ਗ੍ਰਾਹਕਾਂ ਨੂੰ ਏਟੀਐਮ ਕਾਰਡ ਅਤੇ ਪਾਸਵਰਡ ਸਬੰਧੀ ਜਾਣਕਾਰੀ ਕਿਸੇ ਦੂਸਰੇ ਵਿਅਕਤੀ ਦੇ ਨਾਲ ਸਾਂਝਾ ਨਾ ਕਰਨ ਬਾਰੇ ਚੌਕੰਨਾ ਕੀਤਾ ਜਾਂਦਾ ਹੈ। ਏਟੀਐਮ ਕਾਰਡ ਧਾਰਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵਿਅਕਤੀ ਨਾਲ ਆਪਣਾ ਕਾਰਡ ਸਾਂਝਾ ਨਾ ਕਰਨ ਅਤੇ ਖਾਤਾ ਨੰਬਰ ਤੋਂ ਇਲਾਵਾ ਕਾਰਡ ਦੇ ਪਾਸਵਰਡ ਤੇ ਪਿਨ ਨੰਬਰ ਬਾਰੇ ਕੋਈ ਜਾਣਕਾਰੀ ਨਾ ਦੇਣ। ਅਜਿਹਾ ਕਰਕੇ ਹੀ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕਦਾ ਹੈ। ਅਜਿਹੀਆਂ ਘਟਨਾਵਾਂ ਸਬੰਧੀ ਬੈਂਕ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਅਕਸਰ ਘੱਟ ਪੜ੍ਹੇ ਲਿਖੇ ਮਜ਼ਦੂਰ ਵਰਗ ਨਾਲ ਸਬੰਧਿਤ ਲੋਕ ਨੌਸਰਬਾਜ਼ਾਂ ਦਾ ਸ਼ਿਕਾਰ ਬਣ ਰਹੇ ਹਨ।