ਪੀਏਯੂ ਮਾਹਿਰਾਂ ਨੇ ਫਲਾਂ ਤੋਂ ਸਿਰਕਾ ਤਿਆਰ ਕਰਨ ਦੀ ਕਿਸਾਨਾਂ ਤੇ ਨੌਜਵਾਨਾਂ ਨੂੰ ਦਿੱਤੀ ਟ੍ਰੇਨਿੰਗ

Last Updated: Jan 02 2020 13:39
Reading time: 1 min, 29 secs

ਕਿਸਾਨਾਂ ਅਤੇ ਪੇਂਡੂ ਇਲਾਕਿਆਂ ਤੇ ਨੌਜਵਾਨਾਂ ਨੂੰ ਖੇਤੀਬਾੜੀ ਦੇ ਨਾਲ ਫਲਾਂ ਤੋਂ ਸਿਰਕਾ ਤਿਆਰ ਕਰਕੇ ਸਹਾਇਕ ਧੰਦੇ ਵਜੋਂ ਅਪਣਾ ਕੇ ਆਰਥਿਕ ਸਥਿਤੀ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਇਕਰੋਬਾਇਓਲੋਜੀ ਵਿਭਾਗ ਦੇ ਸਹਿਯੋਗ ਨਾਲ ਫਲਾਂ ਤੋਂ ਸਿਰਕਾ ਤਿਆਰ ਕਰਨ ਲਈ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਪ੍ਰੋਗਰਾਮ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਹਰਿੰਦਰ ਸਿੰਘ ਵੱਲੋਂ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ।

ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਹਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਮੌਜੂਦਾ ਸਮੇਂ ਦੀ ਮੁੱਖ ਜ਼ਰੂਰਤ ਹਨ। ਕਿਸਾਨਾਂ ਦੀ ਆਮਦਨ ਨੂੰ ਵਧਾਉਣ ਅਤੇ ਖੇਤੀ ਨੂੰ ਫਾਇਦੇਮੰਦ ਬਣਾਉਣ ਲਈ ਇਸ ਹੁਨਰ ਨੂੰ ਵਪਾਰਕ ਪੱਧਰ 'ਤੇ ਅਪਣਾਉਣ ਦੀ ਲੋੜ ਹੈ ਤਾਂ ਜੋ ਕਿਸਾਨ ਇਸ ਕਿੱਤੇ ਨੂੰ ਕਿਸਾਨੀ ਦੇ ਨਾਲ ਸਹਾਇਕ ਧੰਦੇ ਵਜੋਂ ਵੀ ਅਪਣਾ ਕੇ ਆਰਥਿਕ ਸਥਿਤੀ ਮਜ਼ਬੂਤ ਕਰ ਸਕਣ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੀਨੀਅਰ ਮਾਈਕਰੋਬਾਇਲੋਜਿਸਟ ਡਾ. ਗੁਰਵਿੰਦਰ ਸਿੰਘ ਕੋਛੜ ਨੇ ਸਿੱਖਿਆਰਥੀਆਂ ਨੂੰ ਕੁਦਰਤੀ ਸਿਰਕਾ ਬਣਾਉਣ ਦੀ ਵਿਧੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਕਿਹਾ ਕਿ ਪੰਜਾਬ ਵਿੱਚ ਰਵਾਇਤੀ ਤਰੀਕੇ ਨਾਲ ਸਿਰਕਾ ਬਣਾਉਣ ਦਾ ਚਲਨ ਖਤਮ ਹੁੰਦਾ ਜਾ ਰਿਹਾ ਹੈ ਜਿਸਦਾ ਮੁੱਖ ਕਾਰਨ ਸਿਰਕਾ ਤਿਆਰ ਕਰਨ ਵਿੱਚ ਜ਼ਿਆਦਾ ਸਮਾਂ ਲੱਗਣਾ ਹੈ।

ਉਨ੍ਹਾਂ ਦੱਸਿਆ ਕਿ ਦਿਹਾਤੀ ਖੇਤਰ ਦੇ ਲੋਕਾਂ ਦਾ ਇਸ ਦਿਸ਼ਾ ਵੱਲ ਰੁਝਾਨ ਵਧਾਉਣ ਲਈ ਯੂਨੀਵਰਸਿਟੀ ਵੱਲੋਂ ਘੱਟ ਸਮੇਂ 'ਚ ਗੰਨੇ ਅਤੇ ਅੰਗੂਰਾਂ ਦੇ ਰਸ ਤੋਂ ਸਿਰਕਾ ਬਣਾਉਣ ਦੀ ਵਿਧੀ ਦੀ ਸਿਫਾਰਸ਼ ਕੀਤੀ ਗਈ ਹੈ। ਇਸਦੇ ਨਾਲ ਹੀ ਸਿੱਖਿਆਰਥੀਆਂ ਨੂੰ ਘੱਟ ਸਮੇਂ ਦੌਰਾਨ ਤਿਆਰ ਕੀਤਾ ਜਾਣ ਵਾਲਾ ਗੰਨੇ ਦੇ ਰਸ ਤੋਂ ਸਿਰਕਾ ਬਣਾਉਣ ਦੀ ਟ੍ਰੇਨਿੰਗ ਵੀ ਦਿੱਤੀ ਗਈ। ਇਸ ਮੌਕੇ ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ਡਾ. ਮਨੀਸ਼ਾ ਭਾਟੀਆ ਨੇ ਦੱਸਿਆ ਕਿ ਕੁਦਰਤੀ ਸਿਰਕਾ ਕੱਚੀ ਸਮੱਗਰੀ ਜਿਵੇਂ ਕਿ ਫਲਾਂ, ਸਬਜ਼ੀਆਂ ਤੋਂ ਬਣਦਾ ਹੈ, ਇਸ ਲਈ ਇਹ ਵਿਟਾਮਿਨਾਂ ਤੇ ਮਿਨਰਲਾਂ ਨਾਲ ਭਰਪੂਰ ਹੁੰਦਾ ਹੈ। ਜਿਸ ਕਾਰਨ ਇਸਨੂੰ ਨਿਉਟਰਾਸਿਊਟੀਕਰਨ ਵੀ ਕਿਹਾ ਜਾਂਦਾ ਹੈ। ਇਹ ਭੋਜਨ, ਦਵਾਈਆਂ, ਰੋਗਾਣੂ ਨਾਸ਼ਕ ਅਤੇ ਟੌਨਿਕ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।