ਕ੍ਰਾਈਮ ਮੁਕਤ ਰਿਹਾ ਦਸੰਬਰ ਦਾ ਆਖ਼ਰੀ ਦਿਨ !!! (ਵਿਅੰਗ)

Last Updated: Jan 01 2020 12:45
Reading time: 2 mins, 17 secs

ਬੇਸ਼ੱਕ ਸਾਲ 2019 ਦੇ ਦੌਰਾਨ ਵੱਡੀ ਪੱਧਰ 'ਤੇ ਕਤਲ, ਲੁੱਟਾਂਖੋਹਾਂ, ਚੋਰੀਆਂ, ਡਕੈਤੀਆਂ ਅਤੇ ਨਸ਼ਾ ਪੁਲਿਸ ਦੇ ਵੱਲੋਂ ਬਰਾਮਦ ਕਰਦਿਆਂ ਹੋਇਆਂ ਕਈ ਲੋਕਾਂ 'ਤੇ ਪਰਚੇ ਦਰਜ ਕਰਕੇ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਲ 2019 ਦੇ ਆਖ਼ਰੀ ਦਿਨ ਪੁਲਿਸ ਨੂੰ ਕੋਈ ਵੀ ਅਜਿਹਾ ਸ਼ਖ਼ਸ ਨਹੀਂ ਮਿਲਿਆ, ਜਿਸ ਦੇ ਵਿਰੁੱਧ ਪਰਚਾ ਦਰਜ ਕੀਤਾ ਜਾਂਦਾ। ਭਾਵੇਂ ਹੀ 31 ਦਸੰਬਰ ਸਾਲ 2019 ਦਾ ਆਖ਼ਰੀ ਦਿਨ ਸੀ, ਪਰ.!! ਸਵਾਲ ਉੱਠਦਾ ਹੈ ਕਿ ਕੀ 31 ਦਸੰਬਰ ਨੂੰ ਕਿਤੇ ਕੋਈ ਵੀ ਕ੍ਰਾਈਮ ਨਹੀਂ ਹੋਇਆ?

ਦੋਸਤੋ, ਵੇਖਿਆ ਜਾਵੇ ਤਾਂ, ਪੰਜਾਬ ਭਰ ਦੇ ਅੰਦਰ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਦੇ ਵੱਲੋਂ ਪਰਚੇ ਦਰਜ ਕੀਤੇ ਗਏ ਹਨ ਅਤੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਦੇ ਅੰਦਰ ਵੀ ਸੁੱਟਿਆ ਗਿਆ ਹੈ। ਪਰ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਸਾਲ 2019 ਦੇ ਆਖ਼ਰੀ ਦਿਨ ਯਾਨੀ ਕਿ 31 ਦਸੰਬਰ ਨੂੰ ਕੀ ਕੋਈ ਵੀ ਸਮਗਲਰ ਨਸ਼ਾ ਲੈ ਕੇ ਇੱਧਰੋਂ ਉੱਧਰ ਨਹੀਂ ਗਿਆ? ਕੀ 31 ਦਸੰਬਰ ਵਾਲੇ ਦਿਨ ਜ਼ਿਲ੍ਹੇ ਵਿੱਚ ਕਿਤੇ ਵੀ ਕੋਈ ਲੜਾਈ ਝਗੜਾ ਜਾਂ ਫਿਰ ਚੋਰੀ/ਲੁੱਟਖੋਹ ਦੀ ਵਾਰਦਾਤ ਨਹੀਂ ਵਾਪਰੀ?

ਦੋਸਤੋ, ਜੇਕਰ ਆਪਾਂ ਬੁੱਧੀਜੀਵੀਆਂ ਦੀ ਮੰਨੀਏ ਤਾਂ, ਉਨ੍ਹਾਂ ਮੁਤਾਬਿਕ ਪੁਲਿਸ ਹਮੇਸ਼ਾ ਹੀ ਅਜਿਹੇ ਟੋਟਕੇ ਲਗਾਉਂਦੀ ਹੈ ਅਤੇ 31 ਦਸੰਬਰ ਨੂੰ ਮੁਕੱਦਮਾ ਦਰਜ ਕਰਨ ਤੋਂ ਵੀ ਡਰਦੀ ਹੈ। ਕਿਉਂਕਿ ਜ਼ਿਆਦਾਤਰ ਲੀਡਰਾਂ ਦਾ ਮਾਲ ਦਸੰਬਰ ਦੇ ਆਖ਼ਰੀ ਦਿਨ ਹੀ ਉਲਟ ਪੁਲਟ ਹੁੰਦਾ ਹੈ, ਜੇਕਰ ਕੋਈ ਪਰਚਾ ਦਰਜ ਹੋ ਗਿਆ ਤਾਂ, ਅਗਲੇ ਸਾਲ 'ਤੇ ਤਰੀਕ ਜਾ ਪਵੇਗੀ। ਇਸ ਲਈ ਵੀ ਪੁਲਿਸ ਦੇ ਵੱਲੋਂ 31 ਦਸੰਬਰ ਨੂੰ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ। ਪਰ ਇਹ ਹੈ, ਤਾਂ ਹੈਰਾਨ ਕਰ ਦੇਣ ਵਾਲੀ ਗੱਲ ਕਿ, ਆਖ਼ਰ 31 ਦਸੰਬਰ ਨੂੰ ਕੋਈ ਕ੍ਰਾਈਮ ਨਹੀਂ ਹੋਇਆ?

ਫ਼ਿਰੋਜ਼ਪੁਰ ਪੁਲਿਸ ਦੇ ਵੱਲੋਂ ਬੇਸ਼ੱਕ ਸਰਹੱਦ ਤੋਂ ਰੋਜ਼ਾਨਾ ਹੀ ਵੱਡੀ ਜਾਂ ਫਿਰ ਥੋੜ੍ਹੀ ਮਾਤਰਾ ਵਿੱਚ ਨਸ਼ਾ ਬਰਾਮਦ ਕਰਦਿਆਂ ਹੋਇਆਂ ਸਮਗਲਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ, ਪਰ 31 ਦਸੰਬਰ ਦੇ ਦਿਨ ਜਾਂ ਫਿਰ ਰਾਤ ਸਮੇਂ ਕੀ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਪਈ ਸੀ? ਦੋਸਤੋ, ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ, ਉਨ੍ਹਾਂ ਦੇ ਮੁਤਾਬਿਕ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਟੇਡੀ ਵਾਲਾ, ਹਜ਼ਾਰਾ ਸਿੰਘ ਵਾਲਾ, ਗੱਟੀ ਰਾਜੋ ਕੇ, ਭੱਖੜਾ, ਨਿਹਾਲਾ ਕਿਲਚਾ, ਨਿਹੰਗਾਂ ਸਿੰਘ ਵਾਲੇ ਝੁੱਗੇ ਤੋਂ ਇਲਾਵਾ ਬਸਤੀ ਗੋਲਬਾਗ ਆਦਿ ਇਲਾਕਿਆਂ ਵਿੱਚ ਸ਼ਰੇਆਮ 31 ਦਸੰਬਰ ਦੀ ਰਾਤ ਸ਼ਰਾਬ ਦਾ ਨਜਾਇਜ਼ ਕਾਰੋਬਾਰ ਚੱਲਦਾ ਰਿਹਾ।

ਪਰ.!! ਪਤਾ ਨਹੀਂ ਪੁਲਿਸ ਨੇ ਕਿਉਂ ਨਹੀਂ ਹਿੰਮਤ ਕੀਤੀ ਕਿਸੇ ਵੀ ਸ਼ਰਾਬ ਸਮਗਲਰ ਨੂੰ ਫੜਨ ਦੀ? ਪਤਾ ਨਹੀਂ ਕੀ ਮਜਬੂਰੀ ਸੀ ਪੁਲਿਸ ਦੀ, ਕਿ ਪੁਲਿਸ ਨੇ ਛਾਪੇਮਾਰੀ ਕਰਨੀ ਵੀ ਉਕਤ ਇਲਾਕੇ ਵਿੱਚ ਠੀਕ ਨਾ ਸਮਝੀ। ਇੱਥੇ ਦੱਸ ਦਈਏ ਕਿ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਅਧੀਨ ਦਰਜਨ ਤੋਂ ਵੱਧ ਥਾਣੇ ਅਤੇ ਪੁਲਿਸ ਚੌਂਕੀਆਂ ਆਉਂਦੀਆਂ ਹਨ, ਕੀ ਪੁਲਿਸ ਵਾਲੇ 31 ਦਸੰਬਰ ਦੀ ਰਾਤ ਨੂੰ ਥਾਣੇ ਦੇ ਅੰਦਰ ਨਵਾਂ ਸਾਲ ਮਨਾਉਂਦੇ ਰਹੇ, ਜੋ ਸਮਗਲਰ ਫੜਨ ਦਾ ਇਨ੍ਹਾਂ ਨੂੰ ਸਮਾਂ ਨਹੀਂ ਮਿਲਿਆ, ਜਾਂ ਫਿਰ ਕੋਈ ਹੋਰ ਕਾਰਨ ਸੀ? ਪਰ ਦੋਸਤੋ, ਪੁਲਿਸ ਦੀ ਕ੍ਰਾਈਮ ਰਿਪੋਰਟ ਨੇ ਸਾਬਤ ਕਰ ਦਿੱਤਾ ਕਿ 31 ਦਸੰਬਰ ਨੂੰ ਜ਼ਿਲ੍ਹੇ ਦੇ ਅੰਦਰ ਕੋਈ ਕ੍ਰਾਈਮ ਨਹੀਂ ਹੋਇਆ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।