ਕਿਸਾਨਾਂ ਦੀ ਭਲਾਈ ਵਿੱਚ ਸਹਿਕਾਰਤਾ ਲਹਿਰ ਦਾ ਅਹਿਮ ਯੋਗਦਾਨ- ਜ਼ਿਲ੍ਹਾ ਖਾਦ ਸਪਲਾਈ ਅਫ਼ਸਰ

Last Updated: Dec 27 2019 17:01
Reading time: 2 mins, 13 secs

ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਅਦਾਰੇ ਮਾਰਕਫੈਡ ਵੱਲੋਂ ਪਿੰਡਾਂ ਵਿੱਚ ਚੱਲ ਰਹੀਆਂ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦਾ ਇੱਕ ਰੋਜ਼ਾ ਸਿਖਲਾਈ ਕੈਂਪ ਅੱਜ ਬਟਾਲਾ ਦੇ ‘ਫ਼ਸਟ ਬਾਈਟ’ ਰੈਸਟੋਰੈਂਟ ਵਿਖੇ ਲਗਾਇਆ ਗਿਆ। ਜ਼ਿਲ੍ਹਾ ਪ੍ਰਬੰਧਕ ਸ. ਇੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਏ ਗਏ ਇਸ ਸਿਖਲਾਈ ਕੈਂਪ ਦੀ ਪ੍ਰਧਾਨਗੀ ਮਾਰਕਫੈਡ ਦੇ ਜ਼ਿਲ੍ਹਾ ਖਾਦ ਅਫ਼ਸਰ ਬਲਜੀਤ ਸਿੰਘ ਨੇ ਕੀਤੀ ਅਤੇ ਇਸ ਸਿਖਲਾਈ ਕੈਂਪ ਵਿੱਚ ਬਟਾਲਾ ਬ੍ਰਾਂਚ ਦੇ ਕਰੀਬ 22 ਸਕੱਤਰਾਂ ਨੇ ਭਾਗ ਲਿਆ।

ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਵਿਭਾਗ ਦੀਆਂ ਨਵੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖਾਦ ਅਫ਼ਸਰ ਬਲਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਵਿੱਚ ਸਹਿਕਾਰਤਾ ਲਹਿਰ ਦਾ ਬਹੁਤ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਅਦਾਰਾ ਮਾਰਕਫੈੱਡ ਸ਼ੁੱਧ ਅਤੇ ਮਿਆਰੀ ਖਾਣ ਦੀਆਂ ਵਸਤਾਂ ਉਪਲਬਧ ਕਰਾ ਕੇ ਸਿਹਤਮੰਦ ਪੰਜਾਬ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਨਿਭਾ ਰਿਹਾ ਹੈ। ਮਾਰਕਫੈੱਡ ਭਾਰਤ ਸਮੇਤ ਪੂਰੇ ਏਸ਼ੀਆ ਵਿੱਚ ਸਭ ਤੋਂ ਵੱਡੀ ਸਹਿਕਾਰੀ ਮਾਰਕੀਟਿੰਗ ਏਜੰਸੀ ਵਜੋਂ ਜਾਣਿਆ ਜਾਂਦਾ ਹੈ ਅਤੇ ਇਸਦੀ ਸਲਾਨਾ ਟਰਨਓਵਰ 11000 ਕਰੋੜ ਤੋਂ ਵੱਧ ਦੀ ਹੈ। ਉਨ੍ਹਾਂ ਕਿਹਾ ਕਿ ਸੰਨ 1954 ਵਿੱਚ ਰਜਿਸਟਰਡ ਹੋਏ ਮਾਰਕਫੈਡ ਨੇ ਇੱਕ ਸਾਈਕਲ, ਤਿੰਨ ਕਰਮਚਾਰੀਆਂ ਅਤੇ 13 ਮੈਂਬਰਾਂ ਦੇ ਸਹਿਯੋਗ ਨਾਲ ਕੁੱਲ 54000 ਰੁਪਏ ਦੀ ਪੂੰਜੀ ਨਾਲ ਕੰਮ ਸ਼ੁਰੂ ਕੀਤਾ ਸੀ ਅਤੇ ਅੱਜ ਮਾਰਕਫੈਡ ਵੱਲੋਂ ਸਲਾਨਾ ਹਜ਼ਾਰਾਂ ਕਰੋੜ ਰੁਪਏ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਅਦਾਰੇ ਨੇ ਦੁਨੀਆ ਭਰ ਵਿੱਚ ਆਪਣੇ ਆਲਾ ਮਿਆਰੀ ਉਤਪਾਦਾਂ ਨਾਲ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ ਅਤੇ ਲੋਕਾਂ ਦਾ ਵਿਸ਼ਵਾਸ ਦਿਨੋਂ-ਦਿਨ ਮਾਰਕਫੈਡ ਦੇ ਉਤਪਾਦਾਂ ਪ੍ਰਤੀ ਵਧਿਆ ਹੈ। ਮਾਰਕਫੈਡ ਆਪਣੇ ਪਿਓਰ ਉਤਪਾਦਾਂ ਦੀ ਬਦੌਲਤ ਕੋ-ਆਪਰੇਟਿਵ ਮਾਰਕੀਟਿੰਗ, ਫੂਡ ਪ੍ਰੋਸੈਸਿੰਗ, ਕੈਟਲ ਫੀਡ ਪ੍ਰੋਡਕਸ਼ਨ ਆਦਿ ਵਿੱਚ ਕਈ ਰਾਸ਼ਟਰੀ ਐਵਾਰਡ ਵੀ ਹਾਸਲ ਕਰ ਚੁੱਕਾ ਹੈ।

ਬ੍ਰਾਂਚ ਮੈਨੇਜਰ ਹਰਪਾਲ ਸਿੰਘ ਨੇ ਕਿਹਾ ਕਿ ਮਾਰਕਫੈਡ ਵੱਲੋਂ ਜਿੱਥੇ ਹੋਰ ਡੱਬਾ-ਬੰਦ ਖਾਣ-ਪੀਣ ਦੇ ਪਦਾਰਥ ਤਿਆਰ ਕਰਕੇ ਵਿਸ਼ਵ ਵਿਆਪੀ ਵੇਚੇ ਜਾ ਰਹੇ ਹਨ ਉੱਥੇ ਮਾਰਕਫੈਡ ਵੱਲੋਂ ਕੀਟ-ਨਾਸ਼ਕ ਦਵਾਈਆਂ ਅਤੇ ਪਸ਼ੂਆਂ ਦੀ ਫੀਡ ਵੀ ਤਿਆਰ ਕਰਕੇ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਰਕਫੈਡ ਦੇ ਇਹ ਪ੍ਰੋਡਕਟਸ ਬਹੁਤ ਸਸਤੇ ਅਤੇ ਮਿਆਰੀ ਹਨ ਅਤੇ ਸਹਿਕਾਰੀ ਸਭਾਵਾਂ ਦੇ ਰਾਹੀਂ ਇਹ ਸਿੱਧੇ ਕਿਸਾਨਾਂ ਤੱਕ ਪਹੁੰਚ ਰਹੇ ਹਨ। ਉਨ੍ਹਾਂ ਸਕੱਤਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਮਾਰਕਫੈਡ ਦੇ ਇਨ੍ਹਾਂ ਪ੍ਰੋਡਕਟਸ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਨਾਲ ਇਨ੍ਹਾਂ ਨੂੰ ਕਿਸਾਨਾਂ ਤੱਕ ਪੁੱਜਦਾ ਕੀਤਾ ਜਾਵੇ।

ਇਸ ਮੌਕੇ ਮੁਨੀਸ਼ ਕੁਮਾਰ ਸਹਾਇਕ ਖੇਤਰੀ ਅਧਿਕਾਰੀ ਮਾਰਕਫੈਡ ਬਟਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਨਾਲ ਵੱਧ ਤੋਂ ਵੱਧ ਜੋੜਨਾ ਚਾਹੀਦਾ ਹੈ ਤਾਂ ਜੋ ਕਿਸਾਨ ਨਿਜੀ ਕੰਪਨੀਆਂ ਵੱਲੋਂ ਵੇਚੇ ਜਾ ਰਹੇ ਮਹਿੰਗੇ ਸਮਾਨ ਦੀ ਥਾਂ ਸੁਸਾਇਟੀ ਤੋਂ ਹੀ ਮਾਰਕਫੈਡ ਦੇ ਮਿਆਰੀ ਅਤੇ ਸਸਤੇ ਪ੍ਰੋਡਕਟਸ ਖ਼ਰੀਦ ਸਕਣ। ਇਸ ਦੌਰਾਨ ਵਧੀਆ ਸੇਵਾਵਾਂ ਦੇਣ ਵਾਲੇ ਸਕੱਤਰਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ। ਇਸ ਮੌਕੇ ਸਿਕੰਦਰ ਸਿੰਘ, ਜਸਪਾਲ ਸਿੰਘ, ਨਿਰਮਲਜੀਤ ਸਿੰਘ ਸਕੱਤਰ, ਗੁਰਮੀਤ ਸਿੰਘ, ਕਾਬਲ ਸਿੰਘ, ਸੁਖਜਿੰਦਰ ਸਿੰਘ, ਯਾਦਵਿੰਦਰ ਸਿੰਘ, ਪਰਮਿੰਦਰ ਸਿੰਘ, ਦਲਬੀਰ ਸਿੰਘ, ਉੱਤਮਜੀਤ ਸਿੰਘ, ਸੁਖਦੇਵ ਸਿੰਘ, ਗੁਰਦਿਆਲ ਸਿੰਘ, ਅਮਨਦੀਪ ਸਿੰਘ, ਮਨਜੀਤ ਸਿੰਘ, ਜਗਦੇਵ ਸਿੰਘ, ਬਚਿੱਤਰ ਸਿੰਘ, ਜਗੀਰ ਸਿੰਘ ਅਤੇ ਐੱਨ.ਐੱਫ.ਐੱਲ ਕੰਪਨੀ ਤੋਂ ਬਹਾਦਰ ਸਿੰਘ ਹਾਜ਼ਰ ਸਨ।