ਕਿਤੇ ਵੱਡੇ ਢੀਂਡਸਾ ਨੂੰ ਪਿੱਠ ਨਾ ਦਿਖਾ ਜਾਵੇ, ਨਿੱਕਾ !!! (ਵਿਅੰਗ)

Last Updated: Dec 19 2019 15:23
Reading time: 1 min, 39 secs

ਬਜ਼ੁਰਗਾਂ ਦੇ ਮੂੰਹੋਂ, ਬਚਪਨ ਤੋਂ ਹੀ ਸੁਣਦੇ ਆਏ ਹਾਂ ਕਿ, ''ਇੱਕ ਚੁੱਪ ਸੌ ਸੁੱਖ'' ਪਰ, ਲਾਜ਼ਮੀ ਨਹੀਂ ਹੈ ਕਿ, ਸਿਆਣਿਆਂ ਦਾ ਇਹ ਕਥਨ ਹਰ ਜਗ੍ਹਾ ਅਤੇ ਸਾਰੇ ਹਾਲਾਤਾਂ ਵਿੱਚ ਹੀ ਫ਼ਿੱਟ ਹੁੰਦਾ ਹੋਵੇਗਾ। ਦੋਸਤੋ, ਕਈ ਵਾਰ, ਇਨਸਾਨ ਨੂੰ ਆਪਣੀ ਚੁੱਪੀ ਤੋੜਨੀ ਵੀ ਪੈਂਦੀ ਹੈ, ਕਿਉਂਕਿ ਬਹੁਤੀ ਚੁੱਪੀ ਨੂੰ ਵੀ ਕਈ ਵਾਰ ਲੋਕ, ਚੁੱਪ ਰਹਿਣ ਵਾਲੇ ਇਨਸਾਨ ਦੀ ਕਮਜ਼ੋਰੀ ਸਮਝਣ ਲੱਗ ਪੈਂਦੇ ਹਨ।

ਸ਼ਾਇਦ ਇਹੋ ਕੁਝ ਸੋਚ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਯਾਨੀ ਕਿ, ਵੱਡੇ ਢੀਂਡਸਾ ਨੇ ਆਪਣੀ ਚਿਰੋਕਣੀ ਚੁੱਪੀ ਤੋੜੀ ਹੋਵੇਗੀ। ਦੋਸਤੋ, ਵੱਡੇ ਢੀਂਡਸਾ ਨੇ ਤਾਂ, ਆਪਣੀ ਚੁੱਪੀ ਤੋੜਕੇ ਜਿੱਥੇ, ਅਕਾਲੀ ਸਿਆਸਤ ਵਿੱਚ ਸੁਨਾਮੀ ਲਿਆ ਦਿੱਤੀ ਹੈ, ਉੱਥੇ ਹੀ ਉਨ੍ਹਾਂ ਨੇ ਸੁਖਬੀਰ ਬਾਦਲ ਦੇ ਸਿਰ ਤੇ ਸਜੇ, ਪ੍ਰਧਾਨਗੀ ਦੇ ਤਾਜ ਨੂੰ ਵੀ ਖ਼ਤਰੇ ਵਿੱਚ ਪਾ ਦਿੱਤਾ ਹੈ ਪਰ, ਬਾਵਜੂਦ ਇਸਦੇ ਨਿੱਕੇ ਢੀਂਡਸੇ ਨੇ ਅਜੇ ਤੱਕ ਵੀ ਆਪਣੇ ਬੁੱਲ੍ਹਾਂ ਤੇ ਜੰਮੀ ਸਿੱਕਰੀ ਨਹੀਂ ਉਤਾਰੀ, ਯਾਨੀ ਕਿ, ਉਹ ਹਾਲੇ ਤੱਕ ਵੀ ਚੁੱਪ ਹੀ ਹਨ।

ਦੋਸਤੋ, ਸ਼ਾਇਦ ਤੁਸੀਂ ਅਜੇ ਤੱਕ ਵੀ ਨਹੀਂ ਭੁੱਲੇ ਹੋਣੇ ਕਿ, ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਜਦੋਂ, ਵੱਡੇ ਢੀਂਡਸਾ ਨੇ ਬਾਦਲ ਪਰਿਵਾਰ ਨਾਲੋਂ ਦੂਰੀਆਂ ਬਣਾਉਂਦਿਆਂ, ਸ਼ਰੇਆਮ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ, ਉਸ ਸਮੇਂ ਸੁਖਬੀਰ ਬਾਦਲ ਨੇ ਨਿੱਕੇ ਢੀਂਡਸਾ ਨੂੰ ਖੜ੍ਹੇ ਹੋਣ ਲਈ ਮਣਾ ਲਿਆ ਸੀ। ਨਿੱਕੇ ਢੀਂਡਸੇ ਅਤੇ ਬਾਦਲ ਦਾ ਚਾਹੇ ਇਸ ਬਾਰੇ ਜੋ ਵੀ ਕਹਿਣਾ ਹੋਵੇ ਪਰ, ਸਿਆਸੀ ਚੂੰਢੀਮਾਰਾਂ ਅਨੁਸਾਰ, ਨਿੱਕੇ ਢੀਂਡਸੇ ਦੀ ਰਜ਼ਾਮੰਦੀ ਹਾਸਲ ਕਰਕੇ, ਅਸਿੱਧੇ ਤੌਰ ਤੇ ਪਿਓ-ਪੁੱਤਰ ਦਰਮਿਆਨ, ਲਕੀਰ ਖਿੱਚਣ ਦੀ ਹੀ ਕੋਸ਼ਿਸ਼ ਕੀਤੀ ਗਈ ਸੀ।

ਦੋਸਤੋ, ਸਿਆਸਤ ਵਿੱਚ ਭਾਵੇਂ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਹੋਇਆ ਕਰਦੀ ਪਰ, ਘਰ ਅਤੇ ਸਮਾਜ, ਰਿਸ਼ਤਿਆਂ ਵਿਚਲੀ ਇਮਾਨਦਾਰੀ ਦੀ ਬੁਨਿਆਦ ਤੇ ਹੀ ਟਿਕਿਆ ਹੁੰਦਾ ਹੈ। ਵੱਡੇ ਢੀਂਡਸਾ ਦੀ ਘੁਰਕੀ ਕੀ ਰੰਗ ਲਿਆਉਂਦੀ ਹੈ? ਇਸ ਸਵਾਲ ਦਾ ਜਵਾਬ ਤਾਂ ਹਾਲੇ ਭਵਿੱਖ ਦੇ ਗਰਭ ਵਿੱਚ ਪਲ ਰਿਹਾ ਹੈ ਪਰ, ਇਸ ਵੇਲੇ ਸੂਬੇ ਦੀ ਅਵਾਮ ਦੀਆਂ ਨਜ਼ਰਾਂ ਨਿੱਕੇ ਢੀਂਡਸਾ ਦੀਆਂ ਬੁੱਲ੍ਹੀਆਂ ਤੇ ਟਿਕੀਆਂ ਹੋਈਆਂ ਹਨ, ਕਿ ਉਹ, ਇਹਨਾਂ ਨੂੰ ਖੋਲ੍ਹਦੇ ਹਨ? ਅਵਾਮ ਦੀ ਤਾਂ ਗੱਲ ਛੱਡੋ, ਹਾਲ ਦੀ ਘੜੀ ਤਾਂ ਵੱਡੇ ਢੀਂਡਸਾ ਵੀ ਸ਼ਸ਼ੋਪੰਜ ਵਿੱਚ ਹੋਣਗੇ ਕਿ, ਕਿਤੇ ਪਿੱਠ ਨਾ ਦਿਖਾ ਜਾਵੇ, ਨਿੱਕਾ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।