ਕਿਉਂ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਹੀ ਜੁਰਮ ਦੀ ਦੁਨੀਆ 'ਚ ਪ੍ਰਵੇਸ਼ ਕਰ ਜਾਂਦੇ ਹਨ ਕਈ ਨੌਜਵਾਨ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 17 2019 12:52
Reading time: 2 mins, 0 secs

ਪਟਿਆਲਾ ਪੁਲਿਸ ਵੱਲੋਂ ਹਾਲ ਵਿੱਚ ਕੀਤੀਆਂ ਗਈਆਂ ਅੱਧੀ ਦਰਜਨ ਗ੍ਰਿਫ਼ਤਾਰੀਆਂ ਦੇ ਬਾਅਦ, ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ, ਆਖ਼ਰ ਅਜਿਹਾ ਕੀ ਕਾਰਨ ਹੈ ਕਿ, ਕਿਉਂ ਕਈ ਨੌਜਵਾਨ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਹੀ ਜੁਰਮ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਜਾਂਦੇ ਹਨ। ਕਿੰਨਾ ਸੌਖਾ ਹੈ ਪੁਲਿਸ ਲਈ ਇਹ ਦਾਅਵਾ ਕਰ ਦੇਣਾ ਕਿ, ਉਨ੍ਹਾਂ ਨੇ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਇਹੋ ਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਨ੍ਹਾਂ ਵਿੱਚੋਂ ਕਈਆਂ ਦੀਆਂ ਅਜੇ ਮੁੱਛਾਂ ਵੀ ਨਹੀਂ ਸੀ ਫੁੱਟੀਆਂ।

ਦੋਸਤੋ, ਪਟਿਆਲਾ ਪੁਲਿਸ ਦੇ ਦਾਅਵੇ ਅਨੁਸਾਰ, ਇਹ ਉਹੀ ਨੌਜਵਾਨ ਹਨ, ਜਿਹੜੇ ਕਿ, ਪਿਛਲੇ ਦੋ ਤਿੰਨ ਮਹੀਨਿਆਂ ਤੋਂ ਪਟਿਆਲਾ ਸ਼ਹਿਰ ਵਿੱਚ ਲੁੱਟਾਂ ਖੋਹਾਂ ਦੀਆਂ 40 ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਪੁਲਿਸ ਦੇ ਦਾਅਵੇ ਅਨੁਸਾਰ, ਉਕਤ ਗਿਰੋਹ ਦੇਰ ਰਾਤ 1 ਵਜੇ ਤੋਂ ਲੈ ਕੇ ਸਵੇਰੇ 5 ਕੁ ਵਜੇ ਤੱਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।

ਪਾਠਕੋ, ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਕੀ ਪਹਿਚਾਣ ਹੈ? ਉਹ ਕਿੱਥੋਂ ਦੇ ਰਹਿਣ ਵਾਲੇ ਸਨ? ਉਨ੍ਹਾਂ ਦੇ ਮਾਂ-ਬਾਪ ਦਾ ਕੀ ਕਾਰੋਬਾਰ ਹੈ? ਉਹ ਵਪਾਰੀ ਹਨ ਜਾਂ ਫਿਰ ਸਰਕਾਰੀ ਨੌਕਰੀ ਕਰਦੇ ਹਨ? ਉਨ੍ਹਾਂ ਦਾ ਪਿਛੋਕੜ ਕੀ ਹੈ? ਇਹ ਸਾਰੇ ਸਵਾਲ ਵਿਅਰਥ ਹਨ, ਬੇਮਾਇਨੇ ਹਨ। ਵੱਡਾ ਸਵਾਲ ਤਾਂ ਇਹ ਹੈ ਕਿ, ਆਖ਼ਰ ਅਜਿਹੀ ਕਿਹੜੀ ਵਜ੍ਹਾ ਹੈ, ਜਿਸਨੇ ਉਨ੍ਹਾਂ ਨੂੰ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਹੀ ਜੁਰਮ ਦੀ ਦੁਨੀਆ ਵਿੱਚ ਪ੍ਰਵੇਸ਼ ਹੋਣ ਲਈ ਮਜਬੂਰ ਕਰ ਦਿੱਤਾ। ਵਿਚਾਰਨਯੋਗ ਗੱਲ ਤਾਂ ਇਹ ਵੀ ਹੈ ਕਿ, ਉਕਤ ਨੌਜਵਾਨਾਂ ਵਿੱਚ ਇੱਕ ਅਜੇ ਦਸਵੀਂ ਕਰ ਰਿਹਾ ਸੀ।

ਦੋਸਤੋ, ਸਾਡਾ ਮਕਸਦ ਪੁਲਿਸ ਦੀ ਪ੍ਰਾਪਤੀ ਉਸਦੇ ਕੰਮਕਾਜ ਦੀ ਅਲੋਚਨਾ ਕਰਨਾ ਹਰਗਿਜ਼ ਨਹੀਂ ਹੈ। ਨਿਊਜ਼ਨੰਬਰ ਦਾ ਮਕਸਦ ਤਾਂ ਜਨਤਾ ਦੇ ਹਵਾਲੇ ਨਾਲ ਸਰਕਾਰੀ ਤੰਤਰ ਨੂੰ ਸਵਾਲ ਕਰਨਾ ਹੈ ਕਿ, ਆਖ਼ਰ, ਫੜੇ ਗਏ ਨੌਜਵਾਨ, ਇਸ ਮੰਦੇ ਕੰਮ ਵਿੱਚ ਪਏ ਹੀ ਕਿਉਂ? ਆਖ਼ਰ ਇਹੋ ਜਿਹਾ ਕੀ ਕਾਰਨ ਸੀ ਜਿਸਨੇ ਉਨ੍ਹਾਂ ਨੂੰ ਜੁਰਮ ਦੇ ਰਾਹ ਤੇ ਤੋਰ ਦਿੱਤਾ?

ਦੋਸਤੋ, ਕਿਸ ਦਾ ਦਿਲ ਕਰਦੈ ਕਿ, ਉਹ ਆਪਣੀ ਜਵਾਨੀ ਨੂੰ ਸਲਾਖ਼ਾਂ ਦੇ ਪਿੱਛੇ ਖੜ੍ਹੇ ਹੋ ਕੇ ਗੁਜ਼ਾਰੇ? ਦੋਸਤੋ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਸਾਡੇ ਸਿਸਟਮ ਵਿੱਚ ਹੀ ਕਿਤੇ ਛਿਪੇ ਹੋਏ ਹਨ, ਪਰ ਸ਼ਾਇਦ ਨਾ ਹੀ ਇਹਨਾਂ ਸਵਾਲਾਂ ਦੇ ਜਵਾਬ ਕੋਈ ਲੱਭਣਾ ਚਾਹੁੰਦਾ ਹੈ ਤੇ ਨਾ ਹੀ ਕਿਸੇ ਕੋਲ ਇੰਨਾ ਸਮਾਂ ਹੀ ਹੈ। ਪੁਲਿਸ ਵਾਲਿਆਂ ਨੇ ਇਸ ਨੂੰ ਆਪਣੀ ਪ੍ਰਾਪਤੀ ਦੱਸ ਕੇ ਆਪਣੇ ਹੱਥੀਂ ਆਪਣੀ ਪਿੱਠ ਥਪਥਪਾ ਲੈਣੀ ਹੈ। ਪੱਤਰਕਾਰਾਂ ਨੇ ਵੀ ਆਪੋ ਆਪਣੇ ਅਖ਼ਬਾਰ ਕਾਲੇ ਕਰ ਲੈਣੇ ਹਨ। ਅਦਾਲਤਾਂ ਆਪਣੇ ਪੁਆਇੰਟ ਬਣਾ ਲੈਣਗੀਆਂ, ਪਰ ਇਸ ਸਵਾਲ ਦੀ ਜੜ ਤੱਕ ਕਿਸੇ ਨੇ ਵੀ ਪਹੁੰਚਣ ਦੀ ਕੋਸ਼ਿਸ਼ ਕਰਨੀ ਕਿ, ਕਿਉਂ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਹੀ ਜੁਰਮ ਦੀ ਦੁਨੀਆ 'ਚ ਪ੍ਰਵੇਸ਼ ਕਰ ਜਾਂਦੇ ਹਨ ਕਈ ਨੌਜਵਾਨ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।