ਫ਼ਤਿਹਗੜ੍ਹ ਸਾਹਿਬ ਦੀ ਦਿੱਖ ਬਦਲਣ ਸਬੰਧੀ ਜੋਤੀ ਸਰੂਪ ਮੋੜ ਤੋਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਤੱਕ ਲਗਾਏ ਗਏ ਫੋਸਟਲ ਪਾਮ ਦੇ ਬੂਟੇ

Last Updated: Dec 15 2019 19:14
Reading time: 2 mins, 3 secs

ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 26 ਦਸੰਬਰ ਤੋਂ 28 ਦਸੰਬਰ ਤੱਕ ਆਯੋਜਿਤ ਹੋਣ ਵਾਲੀ ਸ਼ਹੀਦੀ ਸਭਾ ਦੇ ਮੱਦੇਨਜ਼ਰ ਸ਼ਹਿਰ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਤੇ ਸ਼ਹੀਦੀ ਸਭਾ ਤੋਂ ਪਹਿਲਾਂ ਫ਼ਤਿਹਗੜ੍ਹ ਸਾਹਿਬ ਦੀ ਸਫ਼ਾਈ ਪੱਖੋਂ ਨੁਹਾਰ ਬਦਲੀ ਜਾਵੇਗੀ। 

ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਗੈਰ ਸਰਕਾਰੀ ਮੈਂਬਰ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਨੇ ਜੋਤੀ ਸਰੂਪ ਮੋੜ ਤੋਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਤੱਕ ਸੜਕ ਵਿੱਚਕਾਰ ਬਣੇ ਡਿਵਾਈਡਰਾਂ 'ਤੇ ਫੋਸਟਲ ਪਾਮ ਦੇ 115 ਬੂਟੇ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਦੱਸਿਆ ਕਿ ਇਹ ਬੂਟੇ 15 ਫੁੱਟ ਉੱਚੇ ਹੋਣਗੇ ਅਤੇ ਇਨ੍ਹਾਂ ਦੇ ਲੱਗਣ ਨਾਲ ਸ਼ਹੀਦੀ ਸਭਾ 'ਚ ਆਉਣ ਵਾਲੀ ਸੰਗਤ ਨੂੰ ਸ਼ਹਿਰ ਦੀ ਬਦਲੀ ਹੋਈ ਨੁਹਾਰ ਦੇਖਣ ਨੂੰ ਮਿਲੇਗੀ।

ਇਸ ਮੌਕੇ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਤੋਂ ਆਮ ਖ਼ਾਸ ਬਾਗ਼ ਤੱਕ ਜਾਂਦੀ ਸੜਕ ਦੀ ਸਪੈਸ਼ਲ ਮੁਰੰਮਤ ਕਰਵਾਈ ਜਾ ਰਹੀ ਹੈ ਜਿਸ 'ਤੇ 69 ਲੱਖ ਰੁਪਏ ਖ਼ਰਚ ਹੋਏ ਹਨ। ਪਹਿਲਾਂ ਇਹ ਸੜਕ 18 ਫੁੱਟ ਚੌੜੀ ਸੀ ਪਰ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਸੜਕ ਨੂੰ 23 ਫੁੱਟ ਚੌੜਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖਮੰਤਰੀ ਦੇ ਸਲਾਹਕਾਰ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀਆਂ ਕੋਸ਼ਿਸ਼ਾਂ ਸਦਕਾ ਹਲਕੇ ਦੀਆਂ ਸੜਕਾਂ ਦੀ ਸਪੈਸ਼ਲ ਮੁਰੰਮਤ 'ਤੇ 190 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਅਤੇ ਹਲਕੇ ਦੇ ਵੱਖ-ਵੱਖ ਵਿਕਾਸ ਕਾਰਜਾਂ 'ਤੇ ਵੀ 400 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।

ਸ਼੍ਰੀਮਤੀ ਨਾਗਰਾ ਨੇ ਕਿਹਾ ਕਿ ਇਹ ਸੜਕ ਸ਼ਹੀਦੀ ਸਭਾ ਸਬੰਧੀ ਅਹਿਮ ਸੜਕਾਂ 'ਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਨੂੰ ਜਾਂਦੀ ਸੜਕ 33 ਫੁੱਟ ਚੌੜੀ ਕੀਤੀ ਗਈ ਹੈ ਅਤੇ ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੇ ਘੇਰੇ ਅੰਦਰ ਆਉਂਦੀਆਂ ਸੜਕਾਂ ਦੀ ਕਾਇਆ ਕਲਪ ਕਰਨ ਦੇ ਨਾਲ ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਨੂੰ ਆਉਂਦੀਆਂ ਸੜਕਾਂ ਨੂੰ ਚੌੜਾ ਕਰਦੇ ਹੋਏ ਉਨ੍ਹਾਂ ਦਾ ਨਵ-ਨਿਰਮਾਣ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਚਾਰ ਨੰ. ਚੁੰਗੀ ਤੋਂ ਜੋਤੀ ਸਰੂਪ ਮੋੜਾਂ ਤੱਕ ਦੀ ਸੜਕ ਚਹੁੰ ਮਾਰਗੀ ਕੀਤੀ ਗਈ ਹੈ ਤਾਂ ਕਿ ਸ਼ਹੀਦੀ ਸਭਾ 'ਚ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਦੌਰਾਨ ਐੱਸ.ਪੀ. (ਡੀ) ਹਰਪਾਲ ਸਿੰਘ, ਐੱਸ.ਪੀ. (ਐੱਚ) ਨਵਰੀਤ ਸਿੰਘ ਵਿਰਕ, ਪੰਚਾਇਤੀ ਰਾਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਜਸਵੀਰ ਸਿੰਘ, ਸੀਨੀਅਰ ਕਾਂਗਰਸੀ ਆਗੂ ਸ਼ਾਹਬਾਜ਼ ਸਿੰਘ ਨਾਗਰਾ, ਐੱਸ.ਐੱਚ.ਓ. ਰਜਨੀਸ਼ ਸੂਦ, ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ, ਪਰਮਵੀਰ ਸਿੰਘ ਟਿਵਾਣਾ, ਕੌਂਸਲਰ ਅਮਰਦੀਪ ਸਿੰਘ ਬੈਨੀਪਾਲ, ਸਰਪੰਚ ਗੁਰਪ੍ਰੀਤ ਸਿੰਘ, ਹਰਚਰਨ ਸਿੰਘ ਨਾਗਰਾ, ਗੁਰਮੀਤ ਸਿੰਘ ਬਿੱਟੂ, ਰਵਿੰਦਰ ਬਾਸੀ ਅਤੇ ਜਗਦੇਵ ਸਿੰਘ ਤੋਂ ਇਲਾਵਾ ਹੋਰ ਮੁਹਤਬਰ ਵਿਅਕਤੀ ਵੀ ਮੌਜੂਦ ਸਨ।