ਲੱਗਦੈ ਕੈਪਟਨ ਨਹੀਂ ਪੂਰਾ ਹੋਣ ਦੇਣਗੇ ਸਿੱਧੂ ਦਾ ਡਿਪਟੀ ਮੁੱਖਮੰਤਰੀ ਵਾਲਾ ਸੁਪਨਾ!!!

Last Updated: Dec 15 2019 18:16
Reading time: 2 mins, 0 secs

ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਮੰਤਰੀ ਮੰਡਲ ਦੇ ਫੇਰ ਬਦਲ ਦੀਆਂ ਗੱਲਾਂ ਚੱਲ ਰਹੀਆਂ ਹਨ ਅਤੇ ਨਾਲ ਹੀ ਇਹ ਵੀ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਇਸ ਵਾਰ ਫੇਰ ਬਦਲ ਮੌਕੇ ਡਿਪਟੀ ਮੁੱਖਮੰਤਰੀ ਵੀ ਬਣਾਇਆ ਜਾਵੇਗਾ ਜੋ ਸਿਰਫ਼ ਚਰਚਾਵਾਂ ਹੀ ਲੱਗਦੀਆਂ ਹਨ। ਜੇਕਰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੀ ਰਾਜਨੀਤੀ ਉਹ ਕਰਦੇ ਹਨ ਤੇ ਜਿਸ ਤਰ੍ਹਾਂ ਦੇ ਉਨ੍ਹਾਂ ਦੇ ਦੋ ਵਾਰ ਮੁੱਖਮੰਤਰੀ ਬਣਨ ਤੋਂ ਬਾਅਦ ਸਰਕਾਰ ਚਲਾਉਣ ਦਾ ਤਰੀਕਾ ਦੇਖਣ ਨੂੰ ਮਿਲਿਆ ਹੈ ਉਸ ਤੋਂ ਸਪਸ਼ਟ ਹੀ ਹੈ ਕਿ ਮੁੱਖਮੰਤਰੀ ਨੂੰ ਚੁਨੌਤੀ ਦੇਣ ਵਾਲੀ ਜਾਂ ਉਸ ਦੇ ਬਰਾਬਰ ਦੀ ਕੋਈ ਵੀ ਕੁਰਸੀ ਸਰਕਾਰ ਵਿੱਚ ਕੈਪਟਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਜੇਕਰ ਡਿਪਟੀ ਮੁੱਖਮੰਤਰੀ ਬਣਨਾ ਹੀ ਹੁੰਦਾ ਤਾਂ ਫੇਰ ਜਦੋਂ ਵਜ਼ਾਰਤ ਬਣੀ ਹੀ ਸੀ ਤਾਂ ਫਿਰ ਉਸ ਵੇਲੇ ਹੀ ਕੈਪਟਨ ਨੇ ਸਿੱਧੂ ਦੇ ਰਾਹ ਵਿੱਚ ਅੜਿੱਕਾ ਨਹੀਂ ਸੀ ਡਾਹੁਣਾ। ਹੁਣ ਜਦੋਂ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਦੇ ਡਿਪਟੀ ਮੁੱਖਮੰਤਰੀ ਬਣਨ ਦੀਆਂ ਅਟਕਲਾਂ ਨਾਲ ਬਾਜ਼ਾਰ ਗਰਮਾਇਆ ਪਿਆ ਹੈ ਤਾਂ ਅਜਿਹੇ ਵਿੱਚ ਪਹਿਲਾਂ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਹੀ ਨਾ ਪੱਖੀ ਬਿਆਨ ਦਾਗ਼ ਦਿੱਤਾ ਸੀ। ਬਾਜਵਾ ਨੇ ਕਿਹਾ ਸੀ ਜੇਕਰ ਡਿਪਟੀ ਮੁੱਖਮੰਤਰੀ ਬਣਾਇਆ ਹੀ ਜਾਣਾ ਹੈ ਤਾਂ ਫਿਰ ਇੱਕ ਹਿੰਦੂ ਅਤੇ ਇੱਕ ਦਲਿਤ ਬਣਾਇਆ ਜਾਣਾ ਚਾਹੀਦਾ ਹੈ ਜਿਸ ਤੋਂ ਲੱਗਦਾ ਹੈ ਕਿ ਬਾਜਵਾ ਵੀ ਨਹੀਂ ਚਾਹੁੰਦੇ ਕਿ ਸਿਆਸੀ ਲਾਈਨ 'ਚੋਂ ਬਾਹਰ ਨਿਕਲੇ ਸਿੱਧੂ ਮੁੜ ਕਿਤੇ ਕੁਰਸੀ ਦੀ ਲਾਈਨ ਵਿੱਚ ਲੱਗ ਜਾਣ।

ਓਧਰ ਦੂਜੇ ਪਾਸੇ ਅਜਿਹੇ ਕਿਸੇ ਵੀ ਤਰ੍ਹਾਂ ਦੇ ਵਿਸਤਾਰ ਕਰਨ ਤੋਂ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਵਿਰਾਮ ਲਗਾਉਂਦਿਆਂ ਸਪਸ਼ਟ ਕਰ ਦਿੱਤਾ ਹੈ ਕਿ ਫ਼ਿਲਹਾਲ ਪੰਜਾਬ ਵਜ਼ਾਰਤ ਵਿੱਚ ਕਿਸੇ ਵੀ ਤਰ੍ਹਾਂ ਦੇ ਡਿਪਟੀ ਮੁੱਖਮੰਤਰੀ ਦੇ ਅਹੁਦੇ ਦੀ ਨਾ ਤਾਂ ਲੋੜ ਹੈ ਤੇ ਨਾ ਹੀ ਇਸ ਬਾਰੇ ਵਿਚਾਰਿਆ ਜਾ ਰਿਹਾ ਹੈ, ਬਾਕੀ ਜੋ ਕੁੱਝ ਕਰਨਾ ਹੈ ਪਾਰਟੀ ਹਾਈਕਮਾਨ ਸ਼੍ਰੀਮਤੀ ਸੋਨੀਆ ਗਾਂਧੀ ਨੇ ਹੀ ਕਰਨਾ ਹੈ। 

ਪਰ ਜਿਸ ਤਰ੍ਹਾਂ ਦੇ ਪੰਜਾਬ ਕਾਂਗਰਸ ਦੇ ਹਾਲਾਤ ਹਨ ਅਤੇ ਕੈਪਟਨ ਦੀ ਜਿਸ ਮਜ਼ਬੂਤੀ ਨਾਲ ਪਕੜ, ਸਰਕਾਰ ਅਤੇ ਪਾਰਟੀ 'ਤੇ ਦਿਖਾਈ ਦੇ ਰਹੀ ਹੈ ਉਸ ਤੋਂ ਤਾਂ ਇਹੋ ਲੱਗਦਾ ਹੈ ਕਿ ਇਸ ਸਰਕਾਰ 'ਚ ਇਹ ਡਿਪਟੀ ਮੁੱਖਮੰਤਰੀ ਵਾਲਾ ਲੱਡੂ ਨਾ ਤਾਂ ਅਜੇ ਤੱਕ ਤਿਆਰ ਹੋਇਆ ਹੈ ਤੇ ਨਾ ਹੀ ਭਵਿੱਖ ਵਿੱਚ ਬਣਦਾ ਦਿਖਾਈ ਦੇ ਰਿਹਾ ਹੈ। ਜਿਸ ਕਰਕੇ ਅਜਿਹਾ ਲੱਡੂ ਖਾਣ ਵਾਲਿਆਂ ਦਾ ਮੂੰਹ ਵਿੱਚਲਾ ਪਾਣੀ ਜ਼ਰੂਰ ਟਪਕ ਰਿਹਾ ਹੋਵੇਗਾ ਕਿਉਂਕਿ ਸੁਣਨ ਵਿੱਚ ਮਿਲਦਾ ਰਿਹਾ ਹੈ ਕਿ ਜ਼ਿਆਦਾਤਰ ਰਾਜਨੇਤਾ ਅਜਿਹੀਆਂ ਚਰਚਾਵਾਂ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੋ ਜਾਂਦੇ ਹਨ ਤੇ ਜਲਦੀ ਹੀ ਅਜਿਹੀਆਂ ਚਰਚਾਵਾਂ ਨੂੰ ਸੱਚਾਈ ਵੀ ਮੰਨ ਲੈਂਦੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।