ਸੰਤ ਸੀਚੇਵਾਲ ਨੇ ਲੋਕਲ ਬਾਡੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਆ ਨਿਸ਼ਾਨੇ 'ਤੇ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 15 2019 17:26
Reading time: 2 mins, 5 secs

ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੀਜਨਲ ਵਾਤਾਵਰਣ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਦਰਿਆਵਾਂ ਅਤੇ ਸ਼ਹਿਰਾਂ ਨੂੰ ਸਾਫ਼-ਸੁਥਰਾ ਕਰਨ ਲਈ ਸੂਬੇ ਦੇ ਦੋ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਲ ਬਾਡੀ ਵਿਭਾਗ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਨਿਭਾਈਆਂ ਹੁੰਦੀਆਂ ਤਾਂ ਸੂਬੇ ਦੇ ਨਾ ਤਾਂ ਦਰਿਆ ਗੰਦੇ ਹੁੰਦੇ ਅਤੇ ਨਾ ਹੀ ਸ਼ਹਿਰਾਂ ਵਿੱਚ ਹਰ ਥਾਂ ਕੂੜਾ ਖਿੱਲਰਿਆ ਹੁੰਦਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਤੇ ਵੱਡੇ ਕਸਬਿਆਂ ਵਿੱਚ ਖਿੱਲਰਿਆ ਕੂੜਾ ਅਤੇ ਸ਼ਹਿਰਾਂ ਦਾ ਗੰਦਾ ਪਾਣੀ ਤੇ ਜ਼ਹਿਰੀਲਾ ਪਾਣੀ ਡਰੇਨਾਂ ਵਿੱਚ ਪਾਉਣ ਲਈ ਲੋਕਲ ਬਾਡੀ ਵਿਭਾਗ ਦੇ ਅਧਿਕਾਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਨਹੀਂ ਨਿਭਾਈ। ਇਸ ਕਰਕੇ ਸ਼ਹਿਰਾਂ ਵਿੱਚ ਅਤਿ ਦਰਜੇ ਦੀ ਗੰਦਗੀ ਫੈਲੀ ਹੋਈ ਹੈ।

ਸੰਤ ਬਲਬੀਰ ਸਿੰਘ ਸੀਚੇਵਾਲ ਚੰਡੀਗੜ੍ਹ ਵਿਖੇ ਹੋਈ ਇਸ ਕਾਨਫ਼ਰੰਸ ਨੂੰ ਜਦੋਂ ਸੰਬੋਧਨ ਕਰ ਰਹੇ ਸਨ ਤਾਂ ਉਦੋਂ ਉੱਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ, ਨਿਗਰਾਨ ਕਮੇਟੀ ਦੇ ਮੁਖੀ ਜਸਟਿਸ ਪ੍ਰੀਤਮ ਪਾਲ ਅਤੇ ਜਸਟਿਸ ਜਸਵੀਰ ਸਿੰਘ ਸਮੇਤ ਹੋਰ ਬਹੁਤ ਸਾਰੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਇਸ ਕਾਨਫ਼ਰੰਸ ਵਿੱਚ ਰਾਜਸਥਾਨ, ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਅਧਿਕਾਰੀ ਅਤੇ ਮਾਹਿਰ ਵੀ ਹਾਜ਼ਰ ਸਨ। 

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਪਸ਼ਟ ਕੀਤਾ ਕਿ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਨਹੀਂ। ਲੋਕ ਪੂਰੀ ਤਰ੍ਹਾਂ ਨਾਲ ਸੁਚੇਤ ਹਨ। ਸੰਤ ਸੀਚੇਵਾਲ ਨੇ ਸਵਾਲ ਖੜ੍ਹਾ ਕੀਤਾ ਕਿ, ਕੀ ਇਨ੍ਹਾਂ ਵਿਭਾਗਾਂ ਵਿੱਚ ਆਈ.ਏ.ਐੱਸ ਅਧਿਕਾਰੀ ਲੱਗਦੇ ਹਨ, ਕੀ ਉਨ੍ਹਾਂ ਨੂੰ ਇਹ ਸਮਝਾਉਣ ਦੀ ਲੋੜ ਹੁੰਦੀ ਹੈ ਕਿ ਦਰਿਆਵਾਂ ਵਿੱਚ ਪਲੀਤ ਪਾਣੀ ਪਾਉਣਾ ਕਿੰਨਾ ਗੁਨਾਹ ਹੈ? ਲੋਕਲ ਬਾਡੀ ਵਿਭਾਗ ਗੰਦ ਪਾ ਰਹੀ ਹੈ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰੋਕਣਾ ਸੀ, ਪਰ ਦੋਵੇਂ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੀ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ। 

ਉਨ੍ਹਾਂ ਦੀ ਇਸ ਲਾਪਰਵਾਹੀ ਕਾਰਨ ਹੀ ਲੋਕ ਭਿਆਨਕ ਬਿਮਾਰੀਆਂ ਨਾਲ ਮਰ ਰਹੇ ਹਨ। ਸੰਤ ਸੀਚੇਵਾਲ ਨੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਤੀ ਵਿਅਕਤੀ ਪ੍ਰਤੀ ਦਿਨ 135 ਲੀਟਰ ਕਰਨ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਰੋਕਣ ਲਈ ਸਪਲਾਈ 'ਤੇ ਕੰਟਰੋਲ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਲੱਗੇ ਟ੍ਰੀਟਮੈਂਟ ਪਲਾਂਟ ਤਾਂ ਹੀ ਠੀਕ ਢੰਗ ਨਾਲ ਚੱਲਣਗੇ ਜਦੋਂ ਪਾਣੀ ਦੀ ਸਪਲਾਈ ਠੀਕ ਹੋਵੇਗੀ।

ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪਵਿੱਤਰ ਕਾਲੀ ਵੇਈਂ ਦੀ ਸਫਾਈ 20 ਸਾਲਾਂ ਤੋਂ ਹੋਈ ਲੋਕਾਂ ਦੀ ਸ਼ਮੂਲੀਅਤ ਨਾਲ ਕਾਰ ਸੇਵਾ ਸਦਕਾ ਹੋਈ ਹੈ। ਇਸ ਬਾਰੇ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਹੈ ਕਿ ਕਿਵੇਂ ਪਾਣੀ ਦੇ ਕੁਦਰਤੀ ਸਾਧਨਾਂ ਨੂੰ ਪਲੀਤ ਕੀਤਾ ਗਿਆ ਸੀ ਤੇ ਕਿਸੇ ਨੇ ਵੀ ਇਸ ਨੂੰ ਰੋਕਣ ਦਾ ਯਤਨ ਨਹੀਂ ਕੀਤਾ। ਸਾਲ 2000 ਵਿੱਚ ਕੀਤੀ ਗਈ ਕਾਰ ਸੇਵਾ ਨਾਲ ਬਾਬੇ ਨਾਨਕ ਦੀ ਵੇਈਂ ਮੁੜ ਨਿਰਮਲ ਧਾਰਾ ਵਿੱਚ ਵਗਣ ਲੱਗ ਪਈ ਹੈ।