ਕੀ ਗਿਣੀ ਮਿੱਥੀ ਸਿਆਸਤ ਤਹਿਤ ਅਕਾਲੀਆਂ ਵੱਲੋਂ ਘੇਰਿਆ ਜਾ ਰਿਹੈ ਮੰਤਰੀ ਰੰਧਾਵਾ ਨੂੰ ?

Last Updated: Dec 13 2019 12:17
Reading time: 2 mins, 40 secs

ਕਹਿੰਦੇ ਹਨ ਕਿ ਸਿਆਸਤ ਵਿੱਚ ਤਾਂ ਨਾਲ ਚਲਦੇ ਸਾਥੀ ਵੀ ਇਹੀ ਮੌਕਾ ਤਾੜਦੇ ਰਹਿੰਦੇ ਹਨ ਕਿ ਕਿਹੜਾ ਵੇਲੇ ਹੋਵੇ ਉਹ ਆਪਣੇ ਨਾਲਦੇ ਨੂੰ ਹੀ ਠਿੱਬੀ ਲਗਾ ਕੇ ਪਿਛਾਂਹ ਸੁੱਟ ਕੇ ਆਪ ਅੱਗੇ ਲੰਘ ਜਾਣ। ਜੇਕਰ ਪੰਜਾਬ ਦੀ ਸਿਆਸਤ ਵੱਲ ਵੇਖੀਏ ਤਾਂ ਕੇਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੀ ਅਜਿਹੇ ਲੀਡਰ ਹਨ ਜੋ ਆਪਣੇ ਸਾਥੀ ਮੰਤਰੀਆਂ ਅਤੇ ਵਿਧਾਇਕਾਂ ਦੇ ਔਖੇ ਵੇਲੇ ਪਿੱਠ ਤੇ ਆਣ ਖਲੌਂਦੇ  ਹਨ ਪਰ ਹੁਣ ਜਦ ਰੰਧਾਵਾ ਨੂੰ ਅਕਾਲੀਆਂ ਵੱਲੋਂ ਗੈਂਗਸਟਰਾਂ ਨਾਲ ਜੋੜ ਕੇ ਘੇਰਿਆ ਜਾ ਰਿਹਾ ਹੈ ਤਾਂ ਕੋਈ ਵੀ ਮੰਤਰੀ ਜਾਂ ਵਿਧਾਇਕ ਰੰਧਾਵਾ ਦੇ ਹੱਕ ਵਿੱਚ ਨਹੀਂ ਡਟਿਆ ਹੈ ਤੇ ਇਕੱਲੇ ਹੀ ਰੰਧਾਵਾ ਨੂੰ ਮੋਰਚਾ ਸੰਭਾਲਣਾ ਪੈ ਰਿਹਾ ਹੈ। 

ਵਿਧਾਨ ਸਭਾ ਵਿੱਚ ਹੀ ਸਿੱਧੂ ਦੇ ਹੱਕ ਵਿੱਚ ਡੱਟ ਗਏ ਸਨ ਰੰਧਾਵਾ
ਜਿਕਰਯੋਗ ਹੈ ਕਿ ਜਦੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵਿਧਾਨ ਸਭਾ ਵਿੱਚ ਬੇਅਦਬੀਆਂ ਦੇ ਮਾਮਲਿਆਂ ਨੂੰ ਲੈ ਕੇ ਬਾਦਲ ਅਤੇ ਮਜੀਠੀਆ ਪਰਿਵਾਰ ਦੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਵੀ ਜਦੋਂ ਕੋਈ ਵੀ ਸਿੱਧੂ ਦੇ ਹੱਕ ਵਿੱਚ ਨਹੀਂ ਸੀ ਬੋਲ ਰਿਹਾ ਤੇ ਸਿੱਧੂ ਆਪਣੇ ਆਪ ਨੂੰ ਫਸਿਆ ਜਿਹਾ ਮਹਿਸੂਸ ਕਰਨ ਲੱਗ ਪਏ ਸਨ ਤਾਂ ਉਸ ਵਖ਼ਤ ਵੀ ਸੁਖਜਿੰਦਰ ਸਿੰਘ ਰੰਧਾਵਾ ਹੀ ਸਿੱਧੂ ਦੇ ਹੱਕ ਵਿੱਚ ਡਟੇ ਸਨ ਤੇ ਆਪਣੀ ਹੀ ਸਰਕਾਰ ਦੀ ਕਾਰਗੁਜਾ਼ਰੀ ਤੇ ਹੀ ਸਵਾਲ ਖੜੇ ਕਰ ਦਿੱਤੇ ਸਨ। 

ਹੁਣ ਅਕਾਲੀਆਂ ਦੇ ਨਿਸ਼ਾਨੇ ਤੇ ਹਨ ਰੰਧਾਵਾ
ਸਿੱਧੂ ਜੋ ਪਹਿਲਾਂ ਬਾਦਲ ਅਤੇ ਮਜੀਠੀਆ ਪਰਿਵਾਰ ਨੂੰ ਲੰਬੇ ਹੱਥੀਂ ਲੈ਼ਦੇ ਆਏ ਹਨ ਦੀ ਵਜਾਰਤ ਤੋਂ ਹੋਈ ਛੁੱਟੀ ਤੋ਼ ਬਾਅਦ ਉਹ ਬਿਲਕੁਲ ਹੀ ਸਾਂਤ ਬੈਠੇ ਦਿਖਾਈ ਦੇ ਰਹੇ ਹਨ ਅਜਿਹੇ ਵਿੱਚ ਹੁਣ ਰੰਧਾਵਾ ਹੀ ਹਨ ਜੋ ਬਾਦਲ ਅਤੇ ਮਜੀਠੀਆ ਪਰਿਵਾਰ ਦੀ ਪ੍ਰਵਾਹ ਨਹੀਂ ਕਰ ਰਹੇ ਹਨ ਤੇ ਸਿਆਸੀ ਤੌਰ ਤੇ ਰਗੜੇ ਲਗਾਉਂਦੇ ਰਹਿੰਦੇ ਹਨ। ਰੰਧਾਵਾ ਵੱਲੋਂ ਹਮਲਾਵਰ ਰੁੱਖ ਅਪਣਾਏ ਜਾਣ ਦੇ ਕਾਰਣ ਹੀ ਹੁਣ ਅਕਾਲੀਆਂ ਦੇ ਨਿਸ਼ਾਨੇ ਤੇ ਰੰਧਾਵਾ ਆ ਚੁੱਕੇ ਹਨ ਤੇ ਅਕਾਲੀ ਕੋਈ ਵੀ ਮੋਕਾ ਹੱਥੋਂ ਨਹੀਂ ਜਾਣ ਦੇ ਰਹੇ ਜਦੋਂ ਰੰਧਾਵਾ ਨੂੰ ਰਗੜੇ ਨਾ ਲਗਾਏ ਜਾਣ। 

ਗੈਂਗਸਟਰਾਂ ਨਾਲ ਸਬੰਧਾਂ ਦਾ ਲੱਗ ਰਿਹੈ ਇਲਜ਼ਾਮ
ਮਜੀਠੀਆ ਵੱਲੋਂ ਤਾਂ ਰੰਧਾਵਾ ਨੂੰ ਜੇਲ੍ਹ ਵਿੱਚ ਬੰਦ ਖ਼ਤਰਨਾਕ ਗੈਂਗਸਟਰਾਂ ਨਾਲ ਜੋੜਿਆ ਜਾ ਰਿਹਾ ਹੈ। ਜੱਗੁੂ ਭਗਵਾਨਪੁਰੀਆ ਨੂੰ ਲੈ ਕੇ ਤਾਂ ਸਿਆਸਤ ਗਰਮਾਈ ਹੋਈ ਹੈ ਤੇ ਮਜੀਠੀਆ ਵੱਲੋਂ ਰੰਧਾਵਾ ਤੇ ਗੈ਼ਗਸਟਰਾਂ ਦੀ ਪੁਸ਼ਤਪਨਾਹੀ ਕਰਨ ਦੇ ਇਲ਼ਜ਼ਾਮ ਲਗਾਤਾਰ ਲਗਾਏ ਜਾ ਰਹੇ ਹਨ। ਹਾਲ ਹੀ ਵਿੱਚ ਜੱਗੂ ਵੱਲੋਂ ਜੇਲ੍ਹ ਵਿੱਚ ਆਪਣੇ ਐਨਕਾਉਂਟਰ ਦੇ ਜਤਾਏ ਗਏ ਖਦਸ਼ੇ ਨੂੰ ਵੀ ਮਜੀਠੀਆ ਨੇ ਰੰਧਾਵਾ ਦੀ ਸਿਆਸਤ ਹੀ ਗਰਦਾਨਿਆ ਹੈ। 

ਇਕੱਲੇ ਹੀ ਡਟੇ ਹਨ ਰੰਧਾਵਾ
ਅਕਾਲੀਆਂ ਨਾਲ ਚੱਲ ਰਹੀ ਸਿਆਸੀ ਤਕਰਾਾਰ ਨੂੰ ਲੈ ਕੇ ਰੰਧਾਵਾ ਇਕੱਲੇ ਹੀ ਡਟੇ ਦਿਖਾਈ ਦੇ ਰਹੇ ਹਨ ਤੇ ਅਜਿਹੇ ਸਮੇ ਵਿੱਚ ਕੋਈ ਵੀ ਮੰਤਰੀ ਜਾਂ ਵਿਧਾਇਕ ਪਤਾ ਨਹੀਂ ਕਿਉ਼ ਰੰਧਾਵਾ ਦੇ ਹੱਕ ਵਿੱਚ ਨਹੀਂ ਬੋਲ ਰਿਹਾ ਹੈ। ਰੰਧਾਵਾ ਇਸ ਸਬੰਧੀ ਆਪਣੀ ਪੀੜਾ ਬਿਆਨ ਵੀ ਕਰ ਚੁੱਕੇ ਹਨ। ਰੰਧਾਵਾ ਨੇ ਤਾ ਆਪਣਾ ਅਸਤੀਫਾ ਦੇਣ ਤੱਕ ਦੀ ਗੱਲ ਕਰ ਦਿੱਤੀ ਸੀ।
 ਜਿਸ ਤਰਾਂ ਬਾਦਲ ਅਤੇ ਮਜੀਠੀਆ ਸਮੇਤ ਅਕਾਲੀ ਦਲ ਦੇ ਕਈ ਹੋਰ ਆਗੂਆਂ ਵੱਲੋਂ ਰੰਧਾਵਾ ਦੇ ਤਾਬੜਤੋੜ ਹਮਲੇ ਰੋਜ਼ਾਨਾਂ ਹੀ ਕੀਤੇ ਜਾ ਰਹੇ ਹਨ ਅਜਿਹੇ ਵਿੱਚ ਲੱਗਦਾ ਹੇ ਕਿ ਇਸ ਪਿਛੇ ਕੋਈ ਬਹੁਤ ਵੱਡੀ ਸਿਆਸਤ ਕੰਮ ਕਰ ਰਹੀ ਹੈ। ਚਰਚਾ ਹੈ ਕਿ ਪਾਰਟੀ ਅਤੇ ਸਰਕਾਰ ਵਿਚਲਾ ਹੀ ਇੱਕ ਤਗੜਾ ਧੜਾ ਰੰਧਾਵਾ ਦਾ ਸਿਆਸੀ ਨੁਕਸਾਨ ਕਰਵਾ ਸਕਦਾ ਹੈ ਜਿਸ ਤਹਿਤ ਹੀ ਇਹ ਸਭ ਕੁਝ ਪਲਾਨਿੰਗ ਨਾਲ ਹੀ ਹੋ ਰਿਹਾ ਦੱਸਿਆ ਜਾ ਰਿਹਾ ਹੈ ਪਰ ਇਹ ਚਰਚਾਵਾਂ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਚੱਲੇਗਾ। ਕਿਉਂ ਕਿ ਇਹ ਵੀ ਸੁਣਨ ਵਿੱਚ ਮਿਲ ਰਿਹਾ ਹੈ ਕਿ ਆਉਂਦੇ ਦਿਨਾ ਵਿੱਚ ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ ਹੋਣ ਜਾ ਰਿਹਾ ਹੈ।