ਇੰਨੀ ਫੁਰਤੀ ਹਰ ਵਾਰ ਕਿਉਂ ਨਹੀਂ ਵਿਖਾਉਂਦੀ ਪੁਲਿਸ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 13 2019 13:14
Reading time: 2 mins, 34 secs

ਐਸ.ਟੀ.ਐਫ ਦੀ ਟੀਮ ਉੱਤੇ ਹਮਲਾ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਜ਼ਿਲ੍ਹਾ ਪੁਲਿਸ ਨੇ ਰਾਤੋਂ-ਰਾਤ ਫੜ ਲਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਇੰਨੀ ਫੁਰਤੀ ਹਰ ਵਾਰ ਪੁਲਿਸ ਕਿਉਂ ਨਹੀਂ ਵਿਖਾ ਪਾਉਂਦੀ ਹੈ। ਪੁਲਿਸ ਚਾਹੇ ਤਾਂ ਕ੍ਰਾਈਮ ਹੋ ਹੀ ਨਹੀਂ ਸਕਦਾ। ਆਖਰ ਅਜਿਹੇ ਕੀ ਕਾਰਣ ਹਨ, ਜੋ ਪੁਲਿਸ ਨੂੰ ਰੋਕਦੇ ਹਨ। ਪੁਲਿਸ 'ਚ ਇੱਛਾਸ਼ਕਤੀ ਦੀ ਕਮੀ ਹੈ ਜਾਂ ਫਿਰ ਸਿਆਸੀ ਦਬਾਅ ਉਨ੍ਹਾਂ ਦੇ ਕੰਮ ਵਿੱਚ ਅੜਿੱਕਾ ਬਣਦੇ ਹਨ। ਚੱਲੋ ਖੈਰ! ਆਪਣਿਆਂ ਨੂੰ ਸੇਂਕ ਲੱਗਣ ਤੇ ਪੁਲਿਸ ਨੇ ਹਮਲਾ ਕਰਨ ਵਾਲੇ ਨਸ਼ਾ ਤਸਕਰਾਂ ਤੇ ਸਾਥੀਆਂ ਨੂੰ ਕਾਬੂ ਕਰਕੇ ਕਮਾਲ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਥਾਣਾ ਸੁਭਾਨਪੁਰ ਪੁਲਿਸ ਨੇ ਨਾਮਜ਼ਦ 18 ਆਰੋਪੀਆਂ ਵਿੱਚੋਂ 6 ਨੂੰ ਗ੍ਰਿਫ਼ਤਾਰ ਕਰਕੇ ਘਰ ਤੋਂ ਇੱਕ ਕਿੱਲੋ ਨਸ਼ੀਲਾ ਪਦਾਰਥ, 13 ਲੱਖ 50 ਹਜ਼ਾਰ 260 ਰੁਪਏ ਡਰੱਗ ਮਨੀ, ਵਾਰਦਾਤ ਵਿੱਚ ਇਸਤੇਮਾਲ ਬਾਈਕ ਅਤੇ ਏ.ਐਸ.ਆਈ ਓਂਕਾਰ ਸ਼ਰਮਾ ਤੋਂ ਖੋਹਿਆ 9 ਐਮ.ਐਮ ਦਾ ਪਿਸਟਲ ਰਿਕਵਰ ਕਰ ਲਿਆ ਹੈ। ਹਾਲਾਂਕਿ ਮੁੱਖ ਆਰੋਪੀ ਪਰਿਵਾਰ ਸਮੇਤ ਅਜੇ ਤੱਕ ਫਰਾਰ ਹੈ। ਕੇਸ ਵਿੱਚ 7-8 ਅਣਪਛਾਤੇ ਆਰੋਪੀ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਬਾਕੀ ਆਰੋਪੀਆਂ ਸਮੇਤ ਗ੍ਰਿਫ਼ਤਾਰ ਕਰਨ ਲਈ ਪੁਲਿਸ ਛਾਪਾਮਾਰੀ ਕਰ ਰਹੀ ਹੈ।

ਐਸ.ਪੀ ਜਾਂਚ ਮਨਪ੍ਰੀਤ ਸਿੰਘ ਢਿੱਲੋਂ, ਏ.ਐਸ.ਪੀ ਭੁਲੱਥ ਡਾ. ਸਿਮਰਤ ਕੌਰ ਨੇ ਦੱਸਿਆ ਕਿ ਬੁੱਧਵਾਰ ਦੀ ਦੇਰ ਰਾਤ ਐਸ.ਟੀ.ਐਫ ਇੰਚਾਰਜ ਐਸ.ਆਈ ਹਰਜੀਤ ਸਿੰਘ ਸਮੇਤ ਮਹਿਲਾ ਪੁਲਿਸ ਕਰਮੀਆਂ ਮੌਜੂਦ ਸਨ, ਇਸੇ ਦੌਰਾਨ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਹਮੀਰਾ ਨਿਵਾਸੀ ਹਰਜਿੰਦਰ ਸਿੰਘ ਦੇ ਘਰ ਵਿਖੇ ਭਾਰੀ ਮਾਤਰਾ ਵਿੱਚ ਨਸ਼ੇ ਦੀ ਖੇਪ ਮੌਜੂਦ ਹੈ। ਜਿਸਨੂੰ ਫੜਨ ਲਈ ਟੀਮ ਨੇ ਜਦੋਂ ਹਰਜਿੰਦਰ ਸਿੰਘ ਦੇ ਘਰ ਰੇਡ ਕੀਤੀ ਤਾਂ ਉਸ ਸਮੇਂ ਹਰਜਿੰਦਰ ਸਿੰਘ ਆਪਣੇ ਘਰ ਦੇ ਬਰਾਂਡੇ ਵਿੱਚ 18-19 ਲੋਕਾਂ ਦੇ ਨਾਲ ਬੈਠਾ ਹੋਇਆ ਸੀ। ਜਿਸਨੇ ਪੁਲਿਸ ਦੀ ਰੇਡ ਪੈਣ ਦੀ ਸੂਚਨਾ ਮਿਲਦੇ ਹੀ ਇਕਦਮ ਤੋਂ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ। ਇਸ ਵਿੱਚ ਐਸ.ਟੀ.ਐਫ ਦੇ ਤਿੰਨ ਏ.ਐਸ.ਆਈ, ਇੱਕ ਐਚ.ਸੀ ਜ਼ਖਮੀ ਹੋ ਗਏ। ਜਦਕਿ ਇਹ ਹਮਲਾਵਰ ਏ.ਐਸ.ਆਈ ਓਂਕਾਰ ਸ਼ਰਮਾ ਦਾ 9 ਐਮ.ਐਮ ਦਾ ਪਿਸਟਲ ਖੋਹ ਕੇ ਫਰਾਰ ਹੋ ਗਏ। ਪੁਲਿਸ ਨੂੰ ਹਰਜਿੰਦਰ ਤੇ ਘਰੋਂ ਤਲਾਸ਼ੀ ਦੌਰਾਨ ਇੱਕ ਕਿੱਲੋ ਨਸ਼ੀਲਾ ਪਦਾਰਥ, ਡਰੱਗ ਮਨੀ ਦਾ ਬੋਰਾ ਮਿਲਿਆ। ਇਸ ਤੇ ਥਾਣਾ ਸੁਭਾਨਪੁਰ ਵਿੱਚ ਐਸ.ਟੀ.ਐਫ ਇੰਚਾਰਜ ਹਰਜੀਤ ਸਿੰਘ ਦੇ ਬਿਆਨ ਉੱਤੇ ਹਰਜਿੰਦਰ ਸਿੰਘ ਸਮੇਤ 18 ਆਰੋਪੀਆਂ ਦੇ ਨਾਲ-ਨਾਲ ਸੱਤ-ਅੱਠ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ।

ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਥਾਣਾ ਸੁਭਾਨਪੁਰ, ਢਿਲਵਾਂ, ਭੁਲੱਥ, ਬੇਗੋਵਾਲ, ਸੀ.ਆਈ.ਏ ਸਟਾਫ ਕਪੂਰਥਲਾ ਅਤੇ ਨਡਾਲਾ ਚੌਕੀ ਤੇ ਆਧਾਰਿਤ ਟੀਮ ਬਣਾ ਕੇ ਰਾਤ ਭਰ ਛਾਪਾਮਾਰੀ ਕਰਕੇ ਬੂਟਾ ਸਿੰਘ ਨਿਵਾਸੀ ਪਿੰਡ ਮੁਰਾਰ, ਸਤਨਾਮ ਸਿੰਘ, ਨਿਵਾਸੀ ਮਾਡਲ ਟਾਊਨ ਤਲਵਾੜਾ, ਪਿੰਡ ਨਵਾਂ ਮੁਰਾਰ ਦਾ ਸਰਪੰਚ ਸੁਖਦੇਵ ਸਿੰਘ, ਤਰਸੇਮ ਸਿੰਘ ਨਿਵਾਸੀ ਪਿੰਡ ਹਮੀਰਾ, ਬਲਦੇਵ ਸਿੰਘ ਅਤੇ ਮੰਗਾ ਨਿਵਾਸੀ ਅੱਲੀਪੁਰ ਅਰਾਈਆਂ ਪਟਿਆਲਾ ਨੂੰ ਗ੍ਰਿਫ਼ਤਾਰ ਕਰ ਲਿਆ। ਜਦਕਿ ਮੁੱਖ ਆਰੋਪੀ ਹਰਜਿੰਦਰ ਸਿੰਘ, ਮਿੱਠੂ, ਕੁਲਵਿੰਦਰ ਸਿੰਘ, ਰੰਗਾ ਨਿਵਾਸੀ ਪਟਿਆਲਾ, ਖਾਦੀ, ਦੀਪਾ, ਪਾਲਾ ਨਿਵਾਸੀ ਹਮੀਰਾ, ਰਣਜੋਧ ਸਿੰਘ ਨਿਵਾਸੀ ਲਖਨ ਖੋਲੇ, ਸੇਵਾ ਸਿੰਘ, ਮੁੱਖ ਆਰੋਪੀ ਦੀ ਪਤਨੀ ਕੰਵਲਜੀਤ ਕੌਰ, ਦੇਬੋ, ਚਰਨ ਕੌਰ ਸਮੇਤ ਸੱਤ-ਅੱਠ ਅਣਪਛਾਤੇ ਆਰੋਪੀ ਫਰਾਰ ਹਨ। ਤਕਰੀਬਨ ਸਾਰੇ ਆਰੋਪੀ ਵਿੱਚ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਹਮੀਰਾ ਦੇ ਆਲੇ-ਦੁਆਲੇ ਰਹਿੰਦੇ ਹਨ। ਐਸ.ਪੀ ਨੇ ਦੱਸਿਆ ਕਿ ਸਰਪੰਚ ਸੁਖਦੇਵ ਸਿੰਘ ਮੁੱਖ ਆਰੋਪੀ ਹਰਜਿੰਦਰ ਸਿੰਘ ਦਾ ਮਾਮਾ ਹੈ। ਇਸ ਤੋਂ ਹੀ ਪੁਲਿਸ ਨੇ ਖੋਹਿਆ ਹੋਇਆ ਪੁਲਿਸ ਕਰਮੀ ਦਾ ਪਿਸਟਲ ਬਰਾਮਦ ਕੀਤਾ ਹੈ। ਹਰਜਿੰਦਰ ਸਿੰਘ ਤੇ ਚਾਰ ਵੱਖ-ਵੱਖ ਥਾਣਿਆਂ ਵਿੱਚ ਐਨ.ਡੀ.ਪੀ.ਐਸ ਐਕਟ ਦੇ ਕੇਸ ਦਰਜ ਹਨ। ਜਿਸ ਵਿੱਚ ਦੋ ਤਾਂ ਤਿੰਨ-ਚਾਰ ਮਹੀਨੇ ਪਹਿਲਾਂ ਐਸ.ਟੀ.ਐਫ ਦੀ ਟੀਮ ਤੇ ਇਸੇ ਤਰ੍ਹਾਂ ਨਾਲ ਹਮਲਾ ਕਰਨ ਦੇ ਕੇਸ ਵੀ ਸ਼ਾਮਿਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਛੇਤੀ ਹੀ ਇਨ੍ਹਾਂ ਆਰੋਪੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਡੱਕਿਆ ਜਾਵੇਗਾ।