ਆਧੁਨਿਕ ਬੁਨਿਆਦੀ ਸਹੂਲਤਾਂ ਨਾਲ ਕੀਤਾ ਜਾਵੇਗਾ ਸਰਹਿੰਦ ਸ਼ਹਿਰ ਨੂੰ ਲੈਸ- ਵਿਧਾਇਕ ਨਾਗਰਾ

Last Updated: Dec 12 2019 18:39
Reading time: 1 min, 47 secs

ਸਰਹਿੰਦ ਸ਼ਹਿਰ ਨੂੰ ਆਧੁਨਿਕ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸ਼ਹਿਰ ਦੇ ਸੀਵਰੇਜ ਅਤੇ ਪੀਣ ਵਾਲੇ ਸਾਫ ਸੁਥਰੇ ਪਾਣੀ ਪੱਖੋਂ ਵਾਂਝੇ ਇਲਾਕਿਆਂ ਨੂੰ ਇਹ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਅਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਅਮਨ ਕਲੌਨੀ ਰੋਡ, ਅਨਾਜ ਮੰਡੀ ਚੌਂਕ ਤੋਂ ਬਾਹਰਲੇ ਓਵਰ ਬ੍ਰਿਜ ਤੱਕ ਸੀਵਰੇਜ ਪਾਈਪ ਲਾਈਨ ਵਿਛਾਉਣ ਦਾ ਕੰਮ ਮੁਕੰਮਲ ਹੋਣ ਦੇ ਬਾਅਦ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਕਰਵਾਏ ਗਏ ਸਾਦਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਕਤ ਵਿੱਚਾਰਾਂ ਦਾ ਪ੍ਰਗਟਾਵਾ ਸਾਂਝਾ ਕੀਤਾ।

ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਸਰਹਿੰਦ ਸ਼ਹਿਰ ਵਿੱਚ ਅਧੂਰੇ ਕੰਮਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕੇ। ਸ਼ਹਿਰ ਵਿੱਚ ਸੀਵਰੇਜ, ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਹੂਲਤ ਅਤੇ ਸੜਕਾਂ ਬਣਾਉਣ ਦੇ ਨਾਲ-ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਵੀ ਜੰਗ ਪੱਧਰ ਤੇ ਚੱਲ ਰਿਹਾ ਹੈ। ਅਮਨ ਕਲੌਨੀ ਅਤੇ ਇਸਦੇ ਨਜ਼ਦੀਕੀ ਇਲਾਕੇ 'ਚ ਸੀਵਰੇਜ ਅਤੇ ਸਾਫ ਸੁਥਰੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਇੱਥੋਂ ਦੇ ਲੋਕ ਲੰਮੇ ਸਮੇਂ ਤੋਂ ਗੁਰਬਤ ਵਾਲੀ ਜ਼ਿੰਦਗੀ ਜੀਅ ਰਹੇ ਸਨ ਅਤੇ ਲੋਕ ਕਾਫੀ ਸਮੇਂ ਤੋਂ ਸੀਵਰੇਜ ਪਾਉਣ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਮੰਗ ਕਰ ਰਹੇ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਮੌਜੂਦਾ ਸਰਕਾਰ ਨੇ ਇਸ ਪੱਛੜੇ ਹੋਏ ਇਲਾਕੇ ਦੀ ਸਾਰ ਲੈਂਦੇ ਹੋਏ ਇਸ ਇਲਾਕੇ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਗੱਠਜੋੜ ਸਰਕਾਰ ਨੇ ਆਪਣੇ ਲੰਮੇ ਕਾਰਜ ਕਾਲ ਦੌਰਾਨ ਸ਼ਹੀਦਾਂ ਦੀ ਧਰਤੀ ਫ਼ਤਹਿਗੜ ਸਾਹਿਬ ਦੇ ਵਿਕਾਸ ਲਈ ਉੱਕਾ ਹੀ ਧਿਆਨ ਨਹੀਂ ਦਿੱਤਾ, ਜਿਸ ਕਾਰਨ ਲੋਕ ਬੁਨਿਆਦੀ ਸਹੂਲਤਾਂ ਤੋ ਤਰਸ ਰਹੇ ਸਨ। ਉਨ੍ਹਾਂ ਕਿਹਾ ਕਿ ਫ਼ਤਹਿਗੜ ਸਾਹਿਬ ਹਲਕੇ ਵਿੱਚ ਪਿਛਲੇ ਢਾਈ ਸਾਲਾਂ ਦੌਰਾਨ ਵੱਖ-ਵੱਖ ਵਿਕਾਸ ਕੰਮਾਂ ਤੇ 400 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ।

ਇਸ ਮੌਕੇ ਬਲਾਕ ਸਰਹਿੰਦ ਦੇ ਸ਼ਹਿਰੀ ਪ੍ਰਧਾਨ ਤੇ ਕੌਂਸਲਰ ਗੁਲਸ਼ਨ ਰਾਏ ਬੌਬੀ, ਸੁੰਦਰ ਲਾਲ, ਨਰਿੰਦਰ ਪ੍ਰਿੰਸ ਤੇ ਅਮਰਦੀਪ ਸਿੰਘ ਬੈਨੀਪਾਲ (ਸਾਰੇ ਕੌਂਸਲਰ), ਅੰਮ੍ਰਿਤਪਾਲ ਸਿੰਘ ਨੀਟੂ, ਕੁਲਜੀਤ ਸਿੰਘ ਮੱਲੀ, ਗੁਰਨਾਮ ਸਿੰਘ, ਬਲਦੇਵ ਸਿੰਘ, ਜਸਮੇਰ ਸਿੰਘ, ਪ੍ਰਧਾਨ ਕੁਲਵਿੰਦਰ ਸਿੰਘ ਟਿਵਾਣਾ, ਤੇਜਿੰਦਰ ਸਿੰਘ ਲਾਡੀ, ਲਾਲਜੀਤ ਸਿੰਘ ਲਾਲੀ, ਮਹੇਸ਼ ਕੁਮਾਰ, ਸੁਰਿੰਦਰ ਕੁਮਾਰ, ਚਮਨ ਲਾਲ, ਹਰਜੀਤ ਸਿੰਘ, ਕਪਤਾਨ ਸਿੰਘ ਅਤੇ ਰਾਜਵਿੰਦਰ ਸਿੰਘ ਲਾਡੀ ਆਦੀ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਵੀ ਮੌਜੂਦ ਸਨ।