1000 ਤੋਂ ਵੱਧ ਬੰਦੀਆਂ ਦੀ ਡਾਕਟਰੀ ਜਾਂਚ ਅਤੇ ਟੈਸਟ ਕਰਕੇ ਦਿੱਤੀਆਂ ਮੁਫ਼ਤ ਦਵਾਈਆਂ

Last Updated: Dec 12 2019 18:08
Reading time: 2 mins, 25 secs

ਕੇਂਦਰੀ ਜੇਲ੍ਹ ਵਿਖੇ ਇੱਕ ਵਿਸ਼ਾਲ ਕੈਂਸਰ ਅਤੇ ਜਨਰਲ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਦੌਰਾਨ ਵਰਲਡ ਕੈਂਸਰ ਕੇਅਰ ਸੰਸਥਾ ਅਤੇ ਸਿਵਲ ਹਸਪਤਾਲ ਕਪੂਰਥਲਾ ਦੇ ਮਾਹਿਰ ਡਾਕਟਰਾਂ ਵੱਲੋਂ 1000 ਤੋਂ ਵੱਧ ਬੰਦੀਆਂ ਦੇ ਕੈਂਸਰ ਟੈਸਟ ਅਤੇ ਜਨਰਲ ਡਾਕਟਰੀ ਜਾਂਚ ਕਰਕੇ ਉਨ੍ਹਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਿਹਤ ਵਿਭਾਗ ਅਤੇ ਵਰਲਡ ਕੈਂਸਰ ਕੇਅਰ ਸੰਸਥਾ ਦੇ ਸਾਂਝੇ ਉੱਦਮ ਨਾਲ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਲਗਾਏ ਗਏ ਆਪਣੀ ਤਰ੍ਹਾਂ ਦੇ ਇਸ ਪਹਿਲੇ ਕੈਂਪ ਦਾ ਸ਼ੁੱਭ ਆਰੰਭ ਜ਼ਿਲ੍ਹਾ ਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਅਤੇ ਡਿਪਟੀ ਕਮਿਸ਼ਨਰ ਇੰਜ. ਡੀ.ਪੀ.ਐਸ ਖਰਬੰਦਾ ਵੱਲੋਂ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕੈਂਪ ਦਾ ਮੁਆਇਨਾ ਕੀਤਾ ਅਤੇ ਖ਼ੁਦ ਵੀ ਆਪਣੇ ਟੈਸਟ ਕਰਵਾਏ।

ਇਸ ਮੌਕੇ ਵਰਲਡ ਕੈਂਸਰ ਕੇਅਰ ਦੀਆਂ ਆਧੁਨਿਕ ਡਾਕਟਰੀ ਸਹੂਲਤਾਂ ਅਤੇ ਤਕਨੀਕਾਂ ਨਾਲ ਲੈਸ 6 ਵੈਨਾਂ ਜੇਲ੍ਹ ਦੇ ਵੱਖ-ਵੱਖ ਵਾਰਡਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਅਤੇ ਇਸ ਦੌਰਾਨ ਵਰਲਡ ਕੈਂਸਰ ਕੇਅਰ ਦੇ 35 ਅਤੇ ਸਿਵਲ ਹਸਪਤਾਲ ਕਪੂਰਥਲਾ ਦੇ 7 ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ ਕੈਂਸਰ ਦੇ ਟੈਸਟਾਂ ਤੋਂ ਇਲਾਵਾ ਆਮ ਰੋਗਾਂ ਦੀ ਵੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਨ੍ਹਾਂ ਟੈਸਟਾਂ ਵਿੱਚ ਮੈਮੋਗ੍ਰਾਫੀ, ਬੋਨ ਡੈਨਸਿਟੀ, ਪੇਪ ਸਮੀਅਰ, ਐਚ.ਪੀ.ਵੀ ਆਦਿ ਤੋਂ ਇਲਾਵਾ ਬੀ.ਪੀ, ਸ਼ੂਗਰ ਅਤੇ ਹੋਰ ਟੈਸਟ ਸ਼ਾਮਿਲ ਸਨ। ਇਸ ਤੋਂ ਇਲਾਵਾ ਕੈਂਸਰ ਜਾਗਰੂਕਤਾ ਵੈਨ ਰਾਹੀਂ ਕੈਂਸਰ ਦੇ ਕਾਰਨਾਂ, ਬਚਾਅ ਲਈ ਸਾਵਧਾਨੀਆਂ, ਪਹਿਚਾਣ ਅਤੇ ਇਲਾਜ ਆਦਿ ਪ੍ਰਤੀ ਜਾਗਰੂਕ ਵੀ ਕੀਤਾ ਗਿਆ।

ਜ਼ਿਲ੍ਹਾ ਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਅਤੇ ਡਿਪਟੀ ਕਮਿਸ਼ਨਰ ਇੰਜ. ਖਰਬੰਦਾ ਨੇ ਕਿਹਾ ਕਿ ਬੰਦੀਆਂ ਦੀ ਭਲਾਈ ਲਈ ਇਹ ਬਹੁਤ ਹੀ ਨੇਕ ਉਪਰਾਲਾ ਹੈ, ਜਿਸ ਨਾਲ ਉਨ੍ਹਾਂ ਨੂੰ ਇੱਕੋ ਛੱਤ ਹੇਠ ਸਾਰੀਆਂ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਬਾਰੇ ਜੇਕਰ ਸਾਨੂੰ ਪਹਿਲੀ ਸਟੇਜ 'ਤੇ ਹੀ ਪਤਾ ਲੱਗ ਜਾਵੇ, ਤਾਂ ਇਸ ਤੋਂ ਬਚਾਅ ਹੋ ਸਕਦਾ ਹੈ। ਇਸ ਲਈ ਸਾਨੂੰ ਇਸ ਸਬੰਧੀ ਟੈਸਟ ਜ਼ਰੂਰ ਕਰਵਾ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੈਡੀਕਲ ਕੈਂਪ ਲਗਾਏ ਜਾਣ ਨਾਲ ਬੰਦੀਆਂ ਦਾ ਇਲਾਜ ਮਾਹਿਰ ਡਾਕਟਰਾਂ ਰਾਹੀਂ ਜੇਲ੍ਹ ਅੰਦਰ ਹੀ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਬਾਹਰ ਹਸਪਤਾਲ ਆਦਿ ਲਿਜਾਉਣ ਦੀ ਲੋੜ ਨਹੀਂ ਪੈਂਦੀ।

ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ। ਜੇਲ੍ਹ ਸੁਪਰਡੈਂਟ ਐਸ.ਪੀ. ਖੰਨਾ ਨੇ ਦੱਸਿਆ ਕਿ ਜੇਲ੍ਹ ਵਿਚਲੇ ਬੰਦੀਆਂ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ, ਜਿਸ ਤਹਿਤ ਹਰੇਕ ਮਹੀਨੇ ਮੈਡੀਕਲ ਕੈਂਪ ਲਗਾਏ ਜਾਣ ਤੋਂ ਇਲਾਵਾ ਖੇਡ ਮੁਕਾਬਲੇ ਸੱਭਿਆਚਾਰਕ ਅਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਜੋ ਬੰਦੀਆਂ ਦੀ ਸੋਚ ਬਦਲੀ ਜਾ ਸਕੇ ਅਤੇ ਉਹ ਜੇਲ੍ਹ ਤੋਂ ਰਿਹਾਈ ਉਪਰੰਤ ਇੱਕ ਵਧੀਆ ਨਾਗਰਿਕ ਬਣ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਣ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੰਦੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਵੀ ਜਾਗਰੂਕ ਕੀਤਾ ਗਿਆ।

ਇਸ ਮੌਕੇ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਜੀਤ ਪਾਲ ਸਿੰਘ, ਐਸ.ਡੀ.ਐਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ, ਸਿਵਲ ਸਰਜਨ ਡਾ. ਜਸਮੀਤ ਬਾਵਾ, ਡੀ.ਐਸ.ਪੀ ਹਰਿੰਦਰ ਸਿੰਘ ਗਿੱਲ, ਵਰਲਡ ਕੈਂਸਰ ਕੇਅਰ ਤੋਂ ਡਾ. ਧਰਮਿੰਦਰ ਢਿੱਲੋਂ ਅਤੇ ਡਾ. ਨਵਨੀਤ ਕੌਰ, ਸਿਵਲ ਹਸਪਤਾਲ ਤੋਂ ਡਾ. ਨਰਿੰਦਰ ਸਿੰਘ, ਡਾ. ਮੋਹਨਪ੍ਰੀਤ ਸਿੰਘ, ਡਾ. ਸੁਖਵਿੰਦਰ ਕੌਰ, ਡਾ. ਗੁਰਦੇਵ ਭੱਟੀ, ਡਾ. ਰਾਜੀਵ ਭਗਤ, ਡਾ. ਸੋਨੀਆ ਤੇ ਡਾ. ਸੁਖਵਿੰਦਰ ਅਤੇ ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਵਰਲਡ ਕੈਂਸਰ ਕੇਅਰ ਦੇ ਮਾਹਿਰ ਡਾਕਟਰ ਅਤੇ ਜੇਲ੍ਹ ਦੇ ਅਧਿਕਾਰੀ ਅਤੇ ਸਟਾਫ ਹਾਜ਼ਰ ਸੀ।