ਹੁਣ ਵਿਆਹਾਂ 'ਚ ਠਾਹ-ਠਾਹ ਕਰਨ ਵਾਲੇ ਜਾਣਗੇ ਜੇਲ੍ਹ!!!(ਨਿਊਜ਼ਨੰਬਰ ਖ਼ਾਸ ਖਬਰ)

Last Updated: Dec 11 2019 17:44
Reading time: 2 mins, 27 secs

ਵਿਆਹ ਸਮਾਗਮਾਂ ਅਤੇ ਹੋਰ ਖੁਸ਼ੀ ਦੇ ਮੌਕਿਆਂ 'ਤੇ ਜਿਥੇ ਪਹਿਲੋਂ ਲੋਕ ਹਥਿਆਰ ਲਿਜਾ ਕੇ ਗੋਲੀਆਂ ਆਦਿ ਚਲਾਇਆ ਕਰਦੇ ਸੀ, ਜਿਸ ਦੇ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਸੀ। ਉਥੇ ਹੀ ਹੁਣ ਸਰਕਾਰ ਨੇ ਨਵਾਂ ਫੁਰਮਾਨ ਜਾਰੀ ਕਰ ਦਿੱਤਾ ਹੈ ਕਿ ਜਿਹੜਾ ਵੀ ਵਿਅਕਤੀ ਵਿਆਹ ਵਿੱਚ ਗੋਲੀਆਂ ਚਲਾਵੇਗਾ, ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਇਥੇ ਦੱਸ ਦਈਏ ਕਿ ਇਸ ਤੋਂ ਪਹਿਲੋਂ ਕਈ ਵਾਰ ਸਰਕਾਰ ਅਜਿਹੇ ਫੁਰਮਾਨ ਜਾਰੀ ਕਰ ਚੁੱਕੀ ਹੈ, ਪਰ ਇਹ ਫੁਰਮਾਨਾਂ ਦਾ ਅਸਰ ਸਿਰਫ਼ ਚਾਰ ਕੁ ਦਿਨ ਹੀ ਵੇਖਣ ਨੂੰ ਮਿਲਦਾ ਹੈ।

ਬਾਅਦ ਵਿੱਚ ਫਿਰ ਤੋਂ ਉਕਤ ਫੁਰਮਾਨਾਂ ਦੀ ਉਲੰਘਨਾ ਹੋਣੀ ਸ਼ੁਰੂ ਹੋ ਜਾਂਦੀ ਹੈ। ਸਿਆਸੀ ਲੀਡਰਾਂ ਦੇ ਕਈ ਫੀਲੇ ਹੀ ਵਿਆਹ ਸਮਾਗਮਾਂ ਵਿੱਚ ਫੁਕਰੀ ਵਿਖਾਉਣ ਵਾਸਤੇ ਹੀ ਹਥਿਆਰ ਕੱਢ ਕੇ ਤਿੰਨ-ਚਾਰ ਫਾਇਰ ਕਰਕੇ ਚਲੇ ਜਾਂਦੇ ਹਨ ਅਤੇ ਬਾਅਦ ਵਿੱਚ ਜਵਾਬਦੇਹ ਵਿਆਹਾਂ ਵਾਲੇ ਪਰਿਵਾਰ ਬਣ ਜਾਂਦੇ ਹਨ। ਸਿਆਸੀ ਲੀਡਰਾਂ ਦੇ ਫੀਲਿਆਂ 'ਤੇ ਪੁਲਿਸ ਵੀ ਕਾਰਵਾਈ ਕਰਨ ਤੋਂ ਡਰਦੀ ਹੈ, ਕਿਉਂਕਿ ਪੁਲਿਸ ਨੂੰ ਇਸ ਗੱਲ ਦਾ ਡਰ ਹੁੰਦਾ ਹੈ ਕਿ ਜੇਕਰ ਉਨ੍ਹਾਂ ਨੇ ਕਾਰਵਾਈ ਕੀਤੀ ਤਾਂ, ਕਿਸੇ ਉਨ੍ਹਾਂ ਦੀ ਬਦਲੀ ਹੀ ਨਾ ਹੋ ਜਾਵੇ। 

ਇਸੇ ਗੱਲ ਤੋਂ ਡਰਦੇ ਮਾਰੇ ਕਈ ਪੁਲਿਸ ਵਾਲੇ ਵੀ ਕੇਸਾਂ ਨੂੰ ਹੱਥ ਨਹੀਂ ਪਾਉਂਦੇ ਅਤੇ ਵਿਆਹ ਸਮਾਗਮਾਂ ਦੇ ਵਿੱਚ ਖੁੱਲੇਆਮ ਹੀ ਚੱਲਦੀਆਂ ਗੋਲੀਆਂ ਦੇ ਵੱਲ ਧਿਆਨ ਨਹੀਂ ਦਿੰਦੇ। ਦੱਸ ਦਈਏ ਕਿ ਫਿਰੋਜ਼ਪੁਰ ਸਰਹੱਦੀ ਜ਼ਿਲ੍ਹੇ ਦੇ ਅੰਦਰ ਭਾਵੇਂ ਹੀ ਆਏ ਦਿਨ ਹੀ ਕੋਈ ਨਾ ਕੋਈ ਅਜੀਬ ਜਿਹੀ ਵਾਰਦਾਤ ਵਾਪਰਦੀ ਰਹਿੰਦੀ ਹੈ, ਜਿਸ ਦਾ ਅਸਰ ਪੂਰੇ ਪੰਜਾਬ ਉਪਰ ਹੀ ਵੇਖਣ ਨੂੰ ਮਿਲਦਾ ਹੈ, ਉਥੇ ਹੀ ਹੁਣ ਫਿਰੋਜ਼ਪੁਰ ਪੁਲਿਸ ਨੇ ਕਿਸੇ ਦੀ ਪ੍ਰਵਾਹ ਨਾ ਕਰਦਿਆ ਹੋਇਆ ਅਜਿਹੇ ਤਿੰਨ ਲੋਕਾਂ 'ਤੇ ਪਰਚਾ ਦਰਜ ਕਰ ਦਿੱਤਾ ਹੈ, ਜੋ ਵਿਆਹ ਵਿੱਚ ਗੋਲੀਆਂ ਚਲਾਉਂਦੇ ਸਨ।

ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਤਲਵੰਡੀ ਭਾਈ ਦੇ ਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਵਿਆਹ ਸਮਾਗਮਾਂ ਵਿੱਚ ਹਥਿਆਰ ਲਿਜਾਣ ਅਤੇ ਚਲਾਉਣ 'ਤੇ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਵੱਲੋਂ ਪਾਬੰਦੀ ਲਗਾਈ ਗਈ ਹੈ, ਪਰ ਫਿਰ ਵੀ ਕਈ ਸ਼ੈਤਾਨ ਲੋਕ ਲੁਕਾ ਛੁਪਾ ਕੇ ਵਿਆਹਾਂ ਵਿੱਚ ਹਥਿਆਰ ਆਦਿ ਲਿਜਾ ਰਹੇ ਹਨ, ਜਿਨ੍ਹਾਂ ਦੇ ਵਿਰੁੱਧ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾ ਰਹੀ ਹੈ। ਏਐਸਆਈ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ।

ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਇਸੇ ਦੌਰਾਨ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ 9 ਦਸੰਬਰ 2019 ਨੂੰ ਮੁੱਦਕੀ ਰੋਡ ਰਿਚਮੰਡ ਵਿਲਾ ਪੈਲਸ ਵਿੱਚ ਹੋਏ ਵਿਆਹ ਸਮਾਗਮ ਦੇ ਦੌਰਾਨ ਤਲਵਿੰਦਰ ਸਿੰਘ ਅਤੇ ਦੋ ਹੋਰ ਵਿਅਕਤੀਆਂ ਨੇ ਆਪਣੇ ਅਸਲੇ ਨਾਲ ਹਵਾਈ ਫਾਇਰ ਕੀਤੇ। ਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਦੇ ਵੱਲੋਂ ਵਿਆਹ ਸਮਾਗਮ ਆਦਿ ਦੇ ਵਿੱਚ ਹਵਾਈ ਫਾਇਰ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ, ਪਰ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਵੀ ਤਲਵਿੰਦਰ ਸਿੰਘ ਅਤੇ ਉਸ ਦੇ ਦੋ ਹੋਰ ਸਾਥੀਆਂ ਨੇ ਵਿਆਹ ਵਿੱਚ ਫਾਇਰ ਕੀਤੇ। ਪੁਲਿਸ ਨੇ ਦੱਸਿਆ ਕਿ ਤਲਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਕਾਦਾ ਬੋੜਾ ਅਤੇ ਦੋ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ 336, 188 ਆਈਪੀਸੀ ਐਕਟ ਅਤੇ 25, 27, 54, 59 ਆਰਮਜ਼ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਏਐਸਆਈ ਪਾਲ ਸਿੰਘ ਨੇ ਦਾਅਵਾ ਕਰਦਿਆ ਹੋਇਆ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਆਹ ਸਮਾਗਮਾਂ ਵਿੱਚ ਹਥਿਆਰ ਨਾ ਤਾਂ ਲੈ ਕੇ ਜਾਣ ਅਤੇ ਨਾ ਹੀ ਚਲਾਉਣ।