ਸਕੂਲ ਜਾ ਰਹੇ ਵਿਦਿਆਰਥੀ ਹੋਏ ਸੜਕ ਹਾਦਸੇ ਦਾ ਸ਼ਿਕਾਰ, ਦੋਵੇਂ ਗੰਭੀਰ ਜ਼ਖਮੀ !!!

Last Updated: Dec 06 2019 14:32
Reading time: 1 min, 6 secs

ਸਕੂਲ ਪੜਨ ਵਾਸਤੇ ਜਾ ਰਹੇ ਪਿੰਡ ਬਾਜੇ ਕੇ ਦੇ ਵਸਨੀਕ ਦੋ ਵਿਦਿਆਰਥੀਆਂ ਦੇ ਨਾਲ ਅੱਜ ਸਵੇਰੇ ਸੜਕ ਹਾਦਸਾ ਵਾਪਰ ਗਿਆ। ਸੰਘਨੀ ਧੁੰਦ ਦੇ ਕਾਰਨ ਦੋਵੇਂ ਵਿਦਿਆਰਥੀ ਹੀ ਇੱਕ ਸੜਕ ਹਾਦਸੇ ਸ਼ਿਕਾਰ ਹੋ ਗਏ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀ ਹਾਲਤ ਵਿੱਚ ਦੋਵਾਂ ਨੂੰ ਸਥਾਨਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੋਂ ਡਾਕਟਰ ਨੇ ਹਾਲਤ ਗੰਭੀਰ ਵੇਖਦਿਆਂ ਦੋਵਾਂ ਨੂੰ ਹੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਰੈਫ਼ਰ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਦੇ ਮੁਤਾਬਿਕ ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਬਾਜੇ ਕੇ ਦੇ ਰਹਿਣ ਵਾਲੇ ਦੋ ਵਿਦਿਆਰਥੀ ਲਵਿਸ਼ ਅਤੇ ਕਰਨ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਗੋਲੂ ਕਾ ਮੋੜ ਵਿਖੇ ਸਥਿਤ ਸਕੂਲ ਵਿਖੇ ਪੜ੍ਹਣ ਲਈ ਆ ਰਹੇ ਸਨ, ਜਦੋਂ ਉਹ ਸਕੂਲ ਦੇ ਨੇੜੇ ਪਹੁੰਚੇ ਤਾਂ, ਉਨ੍ਹਾਂ ਨੂੰ ਗਲਤ ਪਾਸੇ ਤੋਂ ਆ ਰਹੀ ਇੱਕ ਬੱਸ ਨੇ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੋਵੇਂ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਇਲਾਕੇ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੋਵਾਂ ਵਿਦਿਆਰਥੀਆਂ ਦੀ ਮਲਮ ਪੱਟੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਵਿਖੇ ਰੈਫ਼ਰ ਕਰ ਦਿੱਤਾ। ਦੂਜੇ ਪਾਸੇ ਸਬੰਧਤ ਥਾਣੇ ਦੇ ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜ਼ਖਮੀ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਦੇ ਨਾਲ ਗੱਲਬਾਤ ਕਰਕੇ ਵਿਦਿਆਰਥੀਆਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਟੱਕਰ ਮਾਰਨ ਵਾਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।