ਹਰ ਵਾਰ ਤਾਂ ਨਹੀਂ ਹੋ ਸਕੇਗਾ ਐਨਕਾਊਂਟਰ, ਬਲਾਤਕਾਰੀਆਂ ਲਈ ਸਖਤ ਸਜ਼ਾਵਾਂ ਲਈ ਬਣੇ ਕਾਨੂੰਨ !!!

Last Updated: Dec 06 2019 14:07
Reading time: 4 mins, 30 secs

ਹੈਦਰਾਬਾਦ ਵਿੱਚ ਬੀਤੇ ਦਿਨੀਂ 4 ਨਰ ਪਿਸ਼ਾਚਾਂ ਵੱਲੋਂ ਕੀਤੀ ਗਈ ਹੈਵਾਨੀਅਤ ਦੀ ਸਜ਼ਾ ਤਾਂ ਭਾਵੇਂ ਉਨ੍ਹਾਂ ਨੂੰ ਅੱਜ ਆਪਣੀਆਂ ਜਾਨਾਂ ਗੁਆ ਕੇ ਚੁਕਾਉਣੀ ਪਈ ਹੈ। ਜਿਸ ਤਰ੍ਹਾਂ ਪੁਲਿਸ ਵੱਲੋਂ ਚਾਰੇ ਆਰੋਪੀਆਂ ਦਾ ਐਨਕਾਊਂਟਰ ਕਰਕੇ ਉਨ੍ਹਾਂ ਨੂੰ ਮਾਰਿਆ ਗਿਆ ਹੈ ਭਾਵੇਂ ਕਿ ਪੁਲਿਸ ਦੀ ਇਸ ਕਾਰਵਾਈ ਨੂੰ ਦੇਸ਼ ਭਰ ਵਿੱਚ ਸਰਾਹਿਆ ਜਾ ਰਿਹਾ ਹੈ ਤੇ ਲੋਕਾਂ ਦੀ ਮੰਗ ਅਜਿਹੀ ਹੀ ਕਾਰਵਾਈ ਕਰਨ ਦੀ ਰਹੀ ਸੀ ਪਰ ਫੇਰ ਵੀ ਜੇਕਰ ਵੇਖਿਆ ਜਾਵੇ ਤਾਂ ਕੀ ਦੇਸ਼ ਵਿੱਚ ਵਾਪਰੀਆਂ ਬਾਕੀ ਅਜਿਹੀਆਂ ਹੀ ਬਲਾਤਕਾਰ ਦੀਆਂ ਘਟਨਾਵਾਂ ਦੇ ਦੋਸ਼ੀਆਂ ਦਾ ਐਨਕਾਊਂਟਰ ਕੀਤਾ ਜਾ ਸਕੇਗਾ, ਹਰ ਵਾਰ ਤਾਂ ਅਜਿਹਾ ਨਹੀਂ ਹੋਵੇਗਾ ਤੇ ਨਾ ਹੀ ਬਾਕੀ ਰਾਜਾਂ ਦੀ ਪੁਲਿਸ ਹੈਦਰਾਬਾਦ ਪੁਲਿਸ ਵਾਂਗ ਹੀ ਅਜਿਹਾ ਕਰ ਸਕੇਗੀ। ਇਸ ਲਈ ਅੱਜ ਲੋੜ ਹੈ ਕਿ ਅਜਿਹੇ ਬਲਾਤਕਾਰੀ ਦਰਿੰਦਿਆਂ ਨੂੰ ਸਖਤ ਤੋਂ ਸਖਤ ਅਤੇ ਮਿਸਾਲੀ ਸਜ਼ਾਵਾਂ ਲਈ ਦੇਸ਼ ਵਿੱਚ ਸਖਤ ਕਾਨੂੰਨ ਬਣੇ ਤੇ ਕਾਨੂੰਨੀ ਪ੍ਰੀਕਿਰਿਆ ਨੂੰ ਵੀ ਸਰਲ ਤੇ ਸਮਾਂਬੱਧ ਬਣਾਇਆ ਜਾ ਸਕੇ।

ਅੱਕ ਚੁੱਕੇ ਹਨ ਲੋਕ
ਰੋਜ਼ਾਨਾ ਹੀ ਵਾਪਰ ਰਹੀਆਂ ਬਲਾਤਕਾਰ ਵਰਗੇ ਸੰਗੀਨ ਜੁਰਮਾਂ ਦੀਆਂ ਘਟਨਾਵਾਂ ਤੋਂ ਦੇਸ਼ ਦੀ ਜਨਤਾ ਹੁਣ ਪੂਰੀ ਤਰ੍ਹਾਂ ਅੱਕ ਚੁੱਕੀ ਹੈ ਤੇ ਲੋਕਾਂ ਵਿੱਚ ਗੁੱਸਾ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ। ਜਨਤਾ ਦੇਸ਼ ਦੇ ਭ੍ਰਿਸ਼ਟ ਤੰਤਰ ਤੋਂ ਬੁਰੀ ਤਰ੍ਹਾਂ ਦੁਖੀ ਹੈ ਜਿਸ ਵਿੱਚ ਦੋਸ਼ੀਆਂ ਨੂੰ ਬਚਾਉਣ ਅਤੇ ਲੰਬੀ ਕਾਨੂੰਨੀ ਪ੍ਰੀਕਿਰਿਆ ਦਾ ਕਾਰਣ ਬਚੇ ਰਹਿਣ ਦਾ ਮੌਕਾ ਮਿਲ ਜਾਂਦਾ ਹੈ ਜਿਸ ਨਾਲ ਬਲਾਤਕਾਰ ਵਰਗੇ ਘਿਨੌਣੇ ਕਾਰੇ ਕਰਨ ਵਾਲਿਆਂ ਦੇ ਹੌਂਸਲੇ ਵਧਦੇ ਰਹਿੰਦੇ ਹਨ।

ਹੈਦਰਾਬਾਦ ਪੁਲਿਸ ਦਾ ਦਲੇਰਾਨਾ ਫੈਸਲਾ
ਭਾਵੇਂ ਕਿ ਹੈਦਰਾਬਾਦ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬਲਾਤਕਾਰ ਦੇ ਆਰੋਪੀਆਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਹੀ ਐਨਕਾਊਂਟਰ ਕਰਨਾ ਪਿਆ, ਵਾਕਿਆ ਜੇਕਰ ਇਹ ਸੱਚ ਹੈ ਤਾਂ ਪੁਲਿਸ ਨੇ ਇਹ ਦਲੇਰਾਨਾ ਤੇ ਸਲਾਹੁਣਯੋਗ ਕਦਮ ਚੁੱਕਿਆ ਹੈ ਪਰ ਪੁਲਿਸ ਦੀ ਖ਼ਬਰ ਰੱਖਣ ਵਾਲਿਆਂ ਨੂੰ ਪਤਾ ਹੈ ਕਿ ਜਦੋਂ ਵੀ ਪੁਲਿਸ ਕੋਈ ਅਜਿਹੇ ਘਟਨਾਕ੍ਰਮ ਨੂੰ ਅੰਜਾਮ ਦਿੰਦੀ ਹੈ ਤਾਂ ਫੇਰ ਕਈ ਤਰ੍ਹਾਂ ਦੀਆਂ ਕਹਾਣੀਆਂ ਬਣਾਈਆਂ ਹੀ ਜਾਂਦੀਆਂ ਹਨ। ਇੱਥੇ ਅਸੀਂ ਇਹ ਨਹੀਂ ਕਹਿ ਰਹੇ ਕਿ ਪੁਲਿਸ ਵੱਲੋਂ ਦੱਸੀ ਜਾ ਰਹੀ ਕਹਾਣੀ ਝੂਠੀ ਹੈ ਕਿਉਂਕਿ ਇਹ ਸਾਡਾ ਵਿਸ਼ਾ ਨਹੀਂ ਹੈ ਤੇ ਇਸ ਸਾਰੀ ਘਟਨਾ ਦੀ ਜਾਂਚ ਤੋਂ ਬਾਅਦ ਹੀ ਸਚਾਈ ਲੋਕਾਂ ਸਾਹਮਣੇ ਆ ਜਾਵੇਗੀ ਪਰ ਇੱਕ ਗੱਲ ਤਾਂ ਸਪੱਸ਼ਟ ਹੁੰਦੀ ਪ੍ਰਤੀਤ ਹੋ ਰਹੀ ਹੈ ਕਿ ਜਿਨ੍ਹਾਂ ਵੀ ਹਾਲਾਤਾਂ ਵਿੱਚ ਪੁਲਿਸ ਨੂੰ ਅਜਿਹਾ ਕਰਨਾ ਪਿਆ ਹੈ ਉਸ ਲਈ ਪੁਲਿਸ ਨੂੰ ਵੀ ਬੜਾ ਵੱਡਾ ਜਿਗਰਾ ਕਰਨਾ ਪਿਆ ਹੋਵੇਗਾ। ਜਿਸ ਪੁਲਿਸ ਟੀਮ ਵੱਲੋਂ ਇਹ ਐਨਕਾਊਂਟਰ ਕੀਤਾ ਗਿਆ ਹੈ ਉਸ ਟੀਮ ਦੀ ਇਨਕੁਆਇਰੀ ਹੋਵੇਗੀ ਤੇ ਕਈ ਤਰ੍ਹਾਂ ਦੀ ਕਾਨੂੰਨੀ ਪ੍ਰੀਕਿਰਿਆ ਦਾ ਸਾਹਮਣਾ ਉਸ ਟੀਮ ਨੂੰ ਕਰਨਾ ਪਵੇਗਾ।

ਹਰ ਵਾਰ ਨਹੀਂ ਹੋਵੇਗਾ ਐਨਕਾਊਂਟਰ
ਭਾਵੇਂ ਕਿ ਹੈਦਰਾਬਾਦ ਪੁਲਿਸ ਵੱਲੋਂ ਬਲਾਤਕਾਰੀਆਂ ਦੇ ਕੀਤੇ ਗਏ ਐਨਕਾਊਂਟਰ ਕਰਕੇ ਦੇਸ਼ ਦੀ ਜਨਤਾ ਪੁਲਿਸ ਦੇ ਹੱਕ ਵਿੱਚ ਡਟੀ ਦਿਖਾਈ ਦੇ ਰਹੀ ਹੈ ਪਰ ਇੱਥੇ ਸਵਾਲ ਉੱਠਦਾ ਹੈ ਕਿ ਦੇਸ਼ ਵਿੱਚ ਤਾਂ ਰੋਜ਼ਾਨਾ ਹੀ ਬਲਾਤਕਾਰ ਹੋ ਰਹੇ ਹਨ ਕਿ ਅਜਿਹੇ ਵਿੱਚ ਰੋਜ਼ਾਨਾ ਹੀ ਐਨਕਾਉਂਟਰ ਹੋ ਸਕਣਗੇ। ਅਜਿਹਾ ਸੰਭਵ ਨਹੀਂ ਹੈ ਤੇ ਇਸ ਲਈ ਦੇਸ਼ ਵਿੱਚ ਅਜਿਹੀਆਂ ਬਲਾਤਕਾਰ ਵਰਗੀਆਂ ਹੈਵਾਨੀਅਤ ਵਾਲੀ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਸਮਾਂਬੱਧ ਨਿਆਇਕ ਪ੍ਰੀਕਿਰਿਆ ਪੂਰੀ ਕਰਨ ਲਈ ਕਾਨੂੰਨ ਬਣਨਾ ਚਾਹੀਦਾ ਹੈ।

ਬਲਾਤਕਾਰ ਦੇ ਆਰੋਪੀਆਂ ਨੂੰ ਕਿਹੜੇ-ਕਿਹੜੇ ਦੇਸ਼ ਵਿੱਚ ਕੀ ਹੈ ਸਜ਼ਾ
ਭਾਰਤ ਵਿੱਚ ਬਲਾਤਕਾਰੀ ਨੂੰ ਦੋਸ਼ ਸਿੱਧ ਹੋਣ ਤੋਂ ਬਾਅਦ ਉਮਰਕੈਦ ਦੀ ਸਜ਼ਾ ਹੁੰਦੀ ਹੈ ਤੇ ਇਸਦੇ ਨਾਲ ਹੀ ਵਾਰਦਾਤ ਨੂੰ ਅੰਜਾਮ ਦੇਣ ਦੀ ਕਰੂਰਤਾ ਨੂੰ ਵੇਖਦੇ ਹੋਏ ਮੌਤ ਤੱਕ ਦੀ ਸਜ਼ਾ ਵੀ ਹੁੰਦੀ ਹੈ ਪਰ ਇਸ ਲਈ ਲੰਬੀ ਪ੍ਰੀਕਿਰਿਆ ਹੁੰਦੀ ਹੈ ਜਿਸ ਕਰਕੇ ਕਈ ਵਾਰ ਤਾਂ ਪੀੜਤ ਪਰਿਵਾਰ ਦਾ ਹੌਂਸਲਾ ਹੀ ਟੁੱਟ ਜਾਂਦਾ ਹੈ।

ਫਰਾਂਸ ਵਿੱਚ ਬਲਾਤਕਾਰੀ ਨੂੰ 15 ਸਾਲ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਇਸਦੇ ਨਾਲ ਹੀ ਘਟਨਾ ਦੀ ਕਰੂਰਤਾ ਵੇਖਦੇ ਹੋਵੇ ਇਹ ਸਜ਼ਾ 30 ਸਾਲ ਤੱਕ ਵੀ ਵਧਾ ਦਿੱਤੀ ਜਾਂਦੀ ਹੈ। ਚੀਨ ਵਿੱਚ ਬਲਾਤਕਾਰ ਦਾ ਦੋਸ਼ੀ ਪਾਏ ਜਾਣ ਵਾਲੇ ਨੂੰ ਮੌਤ ਦੀ ਸਜ਼ਾ ਦੇਣ ਦਾ ਕਾਨੂੰਨ ਹੈ ਜਿਸ ਤਹਿਤ ਦੋਸ਼ੀ ਨੂੰ ਆਜੀਵਨ ਕੈਦ ਵਿੱਚ ਵੀ ਰੱਖਿਆ ਜਾ ਸਕਦਾ ਹੈ ਤੇ ਕਿਸੇ ਹੋਰ ਤਰੀਕੇ ਨਾਲ ਵੀ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ।

ਸਾਊਦੀ ਅਰਬ ਵਿੱਚ ਬਲਾਤਕਾਰ ਦੇ ਦੋਸ਼ੀ ਨੂੰ ਕੁਝ ਹੀ ਦਿਨਾਂ ਵਿੱਚ ਜਨਤਕ ਤੌਰ ਤੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਇਸ ਦੇਸ਼ ਵਿੱਚ ਬਿਨਾਂ ਕਿਸੇ ਦੇਰੀ ਤੋਂ ਬਲਾਤਕਾਰੀ ਨੂੰ ਦੋਸ਼ ਸਾਬਤ ਹੋਣ ਤੋਂ ਬਾਅਦ ਜਨਤਕ ਤੌਰ ਤੇ ਸਿਰ ਧੜ ਤੋਂ ਅਲੱਗ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।

ਉੱਤਰੀ ਕੋਰੀਆ ਦੀ ਜੇਕਰ ਗੱਲ ਕਰੀਏ ਤਾਂ ਇਸ ਦੇਸ਼ ਵਿੱਚ ਵੀ ਬਲਾਤਕਾਰ ਵਰਗਾ ਘਿਨੌਣਾ ਜੁਰਮ ਕਰਨ ਵਾਲੇ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਹੈ। ਦੋਸ਼ ਸਾਬਤ ਹੋਣ ਤੋਂ ਬਾਅਦ ਬਲਾਤਕਾਰੀ ਨੂੰ ਜਨਤਕ ਤੌਰ ਤੇ ਸਿਰ ਵਿੱਚ ਗੋਲੀ ਮਾਰ ਕੇ ਮਾਰ ਮੁਕਾਇਆ ਜਾਂਦਾ ਹੈ ਤੇ ਅਜਿਹਾ ਬਾਕੀ ਲੋਕਾਂ ਨੂੰ ਸੁਚੇਤ ਕਰਨ ਲਈ ਕੀਤਾ ਜਾਂਦਾ ਹੈ।

ਅਫਗਾਨਿਸਤਾਨ ਵਿੱਚ ਵੀ ਅਜਿਹੇ ਘਿਨੌਣੇ ਕਾਰੇ ਨੂੰ ਅੰਜਾਮ ਦੇਣ ਵਾਲੇ ਨੂੰ ਬਖਸ਼ਿਆ ਨਹੀਂ ਜਾਂਦਾ ਹੈ ਤੇ ਮੌਤ ਦੀ ਸਜ਼ਾ ਮਿਲਦੀ ਹੈ। ਦੋਸ਼ੀ ਨੂੰ ਜਾਂ ਤਾਂ ਸ਼ਰੇਆਮ ਗੋਲੀ ਮਾਰ ਕੇ ਮੁਕਾ ਦਿੱਤਾ ਜਾਂਦਾ ਹੈ ਤੇ ਜਾਂ ਫੇਰ ਫਾਂਸੀ ਤੇ ਲਟਕਾਇਆ ਜਾਂਦਾ ਹੈ। ਮਿਸਰ ਵਿੱਚ ਵੀ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਸਜ਼ਾ ਦੇਣ ਲਈ ਸਖਤ ਕਾਨੂੰਨ ਦੀ ਵਿਵਸਥਾ ਕੀਤੀ ਗਈ ਹੈ ਤੇ ਮਿਸਰ ਵਿੱਚ ਬਲਾਤਕਾਰ ਦੇ ਦੋਸ਼ੀ ਨੂੰ ਫਾਂਸੀ ਤੇ ਲਟਕਾ ਕੇ ਜੀਵਨਲੀਲਾ ਖਤਮ ਕਰ ਦਿੱਤੀ ਜਾਂਦੀ ਹੈ।

ਈਰਾਨ ਵਿੱਚ ਵੀ ਬਲਾਤਕਾਰੀਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਕਾਨੂੰਨ ਹੈ। ਈਰਾਨ ਵਿੱਚ ਤਾਂ ਬਲਾਤਕਾਰੀ ਨੂੰ ਕੁਝ ਹੀ ਦਿਨਾਂ ਵਿੱਚ ਫਾਂਸੀ ਤੇ ਲਟਕਾ ਦਿੱਤਾ ਜਾਂਦਾ ਹੈ। ਕਈ ਕੇਸਾਂ ਵਿੱਚ ਤਾਂ ਦੋਸ਼ੀ ਨੂੰ ਜਨਤਕ ਤੌਰ ਤੇ ਪੱਥਰ ਮਾਰ-ਮਾਰ ਕੇ ਮਾਰਿਆ ਜਾਂਦਾ ਹੈ। ਇਜ਼ਰਾਇਲ ਵਿੱਚ ਬਲਾਤਕਾਰੀ ਨੂੰ ਕਾਨੂੰਨੀ ਪ੍ਰੀਕਿਰਿਆ ਵਿੱਚੋਂ ਲੰਘਦੇ ਹੋਏ 16 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਜਿਸ ਲਈ ਲੰਬੀ ਕਾਨੂੰਨੀ ਲੜਾਈ ਪੀੜਤ ਨੂੰ ਲੜਣੀ ਪੈਂਦੀ ਹੈ।

ਅਮਰੀਕਾ ਵਿੱਚ ਅਜਿਹੇ ਦੋਸ਼ ਦੇ ਸਾਬਤ ਹੋਣ ਤੋਂ ਬਾਅਦ ਉਮਰਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਰੂਸ ਵਿੱਚ ਵੀ ਬਲਾਤਕਾਰੀ ਨੂੰ ਪਹਿਲਾਂ 3 ਤੋਂ 6 ਸਾਲ ਤੱਕ ਦੀ ਸਜ਼ਾ ਮਿਲਦੀ ਹੈ ਤੇ ਫੇਰ ਇਸ ਨੂੰ 10 ਸਾਲ ਤੋਂ 20 ਸਾਲ ਤੱਕ ਵਧਾਇਆ ਵੀ ਜਾ ਸਕਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।