ਬਜ਼ੁਰਗ ਜੋੜੇ ਨਾਲ ਵੱਜੀ 42 ਲੱਖ ਦੀ ਠੱਗੀ

Last Updated: Dec 06 2019 13:32
Reading time: 1 min, 16 secs

ਪਿੰਡ ਮਿਸ਼ਰੀ ਵਾਲਾ ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਦੇ ਨਾਲ ਕਰੀਬ 42 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਪੁਲਿਸ ਥਾਣਾ ਕੈਂਟ ਫਿਰੋਜ਼ਪੁਰ ਦੇ ਵੱਲੋਂ 5 ਲੋਕਾਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਮਿਸ਼ਰੀ ਵਾਲਾ ਨੇ ਕੈਂਟ ਪੁਲਿਸ ਫਿਰੋਜ਼ਪੁਰ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਸੁਖਦੇਵ ਸਿੰਘ, ਨੀਲਮਕਜੀਤ ਕੌਰ, ਜਸ਼ਨਪ੍ਰੀਤ ਕੌਰ, ਕੋਮਲਪ੍ਰੀਤ ਕੌਰ ਅਤੇ ਪਰਮਜੀਤ ਸਿੰਘ ਨੇ ਹਮਮਸ਼ਰਵਾ ਹੋ ਕੇ ਮੁੱਦਈ ਅਤੇ ਉਸਦੀ ਪਤਨੀ ਜੋ ਬਜ਼ੁਰਗ ਹਨ, ਉਨ੍ਹਾਂ ਦੀ ਉਮਰ ਅਤੇ ਭਲੇਮਾਨਸੀ ਦਾ ਫਾਇਦਾ ਚੁੱਕਿਆ।

ਬਲਦੇਵ ਸਿੰਘ ਨੇ ਦੋਸ਼ ਲਗਾਇਆ ਕਿ ਸੁਖਦੇਵ ਸਿੰਘ ਦੀ ਮਾਲਕੀ ਜ਼ਮੀਨ ਤੋਂ ਜੋ ਵੱਧ ਜ਼ਮੀਨ ਹੈ, ਉਸਦਾ ਕੇਸ ਸੁਖਦੇਵ ਸਿੰਘ ਦਾ ਆਪਣੇ ਭਰਾਵਾਂ ਨਾਲ ਚੱਲ ਰਿਹਾ ਹੈ ਅਤੇ ਉਕਤ ਜ਼ਮੀਨ ਦਾ ਹੀ ਇਕਰਾਰਨਾਮਾ ਸੌਦਾ ਬੈਅ ਮੁੱਦਈ ਨਾਲ ਕਰਕੇ ਉਕਤ ਸੁਖਦੇਵ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲੀ ਭੁਗਤ ਕਰਕੇ ਕਰੀਬ 42 ਲੱਖ ਰੁਪਏ ਦੀ ਮੁੱਦਈ ਦੇ ਨਾਲ ਠੱਗੀ ਮਾਰੀ ਹੈ। ਬਲਦੇਵ ਸਿੰਘ ਨੇ ਦੋਸ਼ ਲਗਾਇਆ ਕਿ ਉਹ ਕਈ ਵਾਰ ਸੁਖਦੇਵ ਸਿੰਘ ਕੋਲੋਂ 42 ਲੱਖ ਰੁਪਏ ਵਾਪਸ ਦੇਣ ਦੀ ਮੰਗ ਕਰ ਚੁੱਕਿਆ ਹੈ, ਪਰ ਸੁਖਦੇਵ ਸਿੰਘ ਉਸਦੀ ਇੱਕ ਨਹੀਂ ਸੁਣ ਰਿਹਾ।

ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਦੇਵ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸੁਖਦੇਵ ਸਿੰਘ ਪੁੱਤਰ ਤਰਲੋਚਨ ਸਿੰਘ, ਨੀਲਮਕਜੀਤ ਕੌਰ ਪਤਨੀ ਸੁਖਦੇਵ ਸਿੰਘ, ਜਸ਼ਨਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ, ਕੋਮਲਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਪਿੰਡ ਅਰਾਈਆਂ ਵਾਲਾ ਖੁਰਦ ਹਾਲ ਸਾਦਿਕ ਜ਼ਿਲ੍ਹਾ ਫਰੀਦਕੋਟ ਅਤੇ ਪਰਮਜੀਤ ਕੌਰ ਪੁੱਤਰ ਲੱਖਾ ਸਿੰਘ ਵਾਸੀ ਸਿਮਰੇ ਵਾਲਾ ਹਾਲ ਸਾਦਿਕ ਦੇ ਵਿਰੁੱਧ ਧੋਖਾਧੜੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।