ਚਿੱਟੇ ਦਿਨੇ ਸੈਟਿਨ ਕ੍ਰੈਡਿਟ ਕੇਅਰ ਦੇ ਕਰਿੰਦੇ ਨੂੰ ਲੁਟੇਰਿਆਂ ਨੇ ਲੁੱਟਿਆ !!!

Last Updated: Dec 06 2019 13:26
Reading time: 1 min, 13 secs

ਸੈਟਿਨ ਕ੍ਰੈਡਿਟ ਕੇਅਰ ਕੰਪਨੀ ਵਿੱਚ ਕੰਮ ਕਰਦੇ ਕਰਿੰਦੇ ਨੂੰ ਚਿੱਟੇ ਦਿਨੇ ਲੁਟੇਰਿਆਂ ਨੇ ਲੁੱਟ ਲਿਆ। ਭਾਵੇਂ ਹੀ ਪੁਲਿਸ ਥਾਣਾ ਘੱਲ ਖੁਰਦ ਦੇ ਵੱਲੋਂ ਤਿੰਨ ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ, ਪਰ ਪੁਲਿਸ ਹੁਣ ਤੱਕ ਮੁਲਜ਼ਮਾਂ ਦੀ ਪਛਾਣ ਨਹੀਂ ਕਰ ਸਕੀ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਪਿੰਡ ਧੁੱਗਾ ਕਲਾਂ ਥਾਣਾ ਗੜਦੀ ਵਾਲ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਸੈਟਿਨ ਕ੍ਰੈਡਿਟ ਕੇਅਰ ਲਿਮਟਿਡ ਦਿੱਲੀ ਵਿਖੇ ਸੀਐਸਓ ਕੰਮ ਕਰਦਾ ਹੈ।

ਗੁਰਵਿੰਦਰ ਸਿੰਘ ਮੁਤਾਬਿਕ ਸੈਟਿਨ ਕ੍ਰੈਡਿਟ ਕੇਅਰ ਲਿਮਟਿਡ ਦਿੱਲੀ ਦੀ ਇੱਕ ਬ੍ਰਾਂਚ ਜ਼ੀਰਾ ਵਿਖੇ ਵੀ ਹੈ। ਗੁਰਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਹ ਕੰਪਨੀ ਵੱਲੋਂ ਦਿੱਤੇ ਗਏ ਲੋਨ ਦੀ ਲੋਕਾਂ ਤੋਂ ਉਗਰਾਹੀ ਕਰਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬੀਤੇ ਦਿਨ ਪੌਣੇ 12 ਵਜੇ ਆ ਰਿਹਾ ਸੀ ਤਾਂ, ਜਦੋਂ ਉਹ ਪਿੰਡ ਸੋਢੀ ਨਗਰ ਕੋਲ ਪਹੁੰਚਿਆ ਤਾਂ, ਇਸੇ ਦੌਰਾਨ ਹੀ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ 3 ਅਣਪਛਾਤੇ ਵਿਅਕਤੀਆਂ ਨੇ ਮੁੱਦਈ ਦੇ ਮੋਟਰਸਾਈਕਲ ਨੂੰ ਲੱਤ ਮਾਰੀ, ਜਿਸ ਨਾਲ ਮੁੱਦਈ ਮੋਟਰਸਾਈਕਲ ਤੋਂ ਡਿੱਗ ਪਿਆ।

ਇਸੇ ਦਾ ਫ਼ਾਇਦਾ ਚੁੱਕਦੇ ਹੋਏ ਉਕਤ ਵਿਅਕਤੀ ਮੁੱਦਈ ਕੋਲੋਂ ਬੈਗ ਖੋਹ ਕੇ ਫ਼ਰਾਰ ਹੋ ਗਏ। ਗੁਰਵਿੰਦਰ ਸਿੰਘ ਮੁਤਾਬਿਕ ਬੈਗ ਦੇ ਵਿੱਚ ਕਰੀਬ 74 ਹਜ਼ਾਰ 295 ਰੁਪਏ, 1 ਮੋਬਾਈਲ ਫ਼ੋਨ ਅਤੇ 1 ਟੈਬ ਤੋਂ ਇਲਾਵਾ ਜ਼ਰੂਰੀ ਕਾਗ਼ਜ਼ਾਤ ਸਨ, ਜੋ ਉਕਤ ਵਿਅਕਤੀ ਖੋਹ ਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜੁਗਰਾਜ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।