ਆਮ ਖਾਸ ਬਾਗ ਤੱਕ ਸੜਕ ਨੂੰ ਚੌੜਾ ਬਣਾਉਣ ਦੇ ਕੰਮ ਦੀ ਵਿਧਾਇਕ ਨਾਗਰਾ ਨੇ ਕਰਵਾਈ ਸ਼ੁਰੂਆਤ

Last Updated: Dec 06 2019 13:22
Reading time: 1 min, 31 secs

ਸੂਬੇ ਦੇ ਹਰੇਕ ਵਰਗ ਦੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਹਲਕਾ ਫਤਿਹਗੜ੍ਹ ਸਾਹਿਬ ਦੀਆਂ ਸੜਕਾਂ ਤੇ ਹੁਣ ਤੱਕ ਕਰੀਬ 200 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਅਤੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ 88 ਫੁੱਟ ਰੋਡ ਤੋਂ ਆਮ ਖਾਸ ਬਾਗ ਸੜਕ ਤੱਕ ਸੜਕ ਨੂੰ 14 ਫੁੱਟ ਚੌੜੀ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਉਪਰੋਕਤ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਹਿੰਦ ਵਾਸੀਆਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਮੇਰੀ ਪਹਿਲੀ ਤਰਜ਼ੀਹ ਹੈ ਅਤੇ ਸ਼ਹਿਰ ਵਾਸੀਆਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਹ ਸੜਕ ਡਿਫੈਂਸ ਬੰਨ ਤੋਂ ਸ਼ੁਰੂ ਹੋ ਕੇ ਸਰਹਿੰਦ ਚੋਅ ਦੇ ਨਾਲ-ਨਾਲ ਅੰਬੇਦਕਰ ਭਵਨ, ਡਿਪਟੀ ਕਮਿਸ਼ਨਰ ਦਫ਼ਤਰ ਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਤੱਕ ਪਹੁੰਚਣ ਲਈ ਬਾਈਪਾਸ ਦਾ ਕੰਮ ਕਰੇਗੀ। ਇਸ ਸੜਕ ਦੇ ਮੁਕੰਮਲ ਹੋਣ ਨਾਲ ਸ਼ਹਿਰ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਇਹ ਸੜਕ ਬਣਾਉਣ ਦੀ ਮੰਗ ਸੀ ਜੋ ਕਿ ਪੂਰੀ ਹੋਣ ਜਾ ਰਹੀ ਹੈ।

ਵਿਧਾਇਕ ਨਾਗਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਵੱਖ-ਵੱਖ ਵਿਕਾਸ ਕਾਰਜਾਂ ਤੇ ਹੁਣ ਤੱਕ 400 ਕਰੋੜ ਰੁਪਏ ਖਰਚ ਕੀਤੇ ਗਏ ਹਨ। ਜਦਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਅਕਾਲੀਆਂ ਨੇ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਦੇ ਵਿਕਾਸ ਨੂੰ ਕੋਈ ਤਵੱਜੋ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ ਤੇ ਭਾਜਪਾ ਗੱਠਜੋੜ ਦੀ ਸਰਕਾਰ ਨੇ ਆਮ ਲੋਕਾਂ ਨੂੰ ਸਿਰਫ ਝੂਠੇ ਲਾਅਰੇ ਹੀ ਲਗਾਏ ਹਨ, ਜਦਕਿ ਕਾਂਗਰਸ ਦੀ ਸਰਕਾਰ ਨੇ ਸੂਬੇ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਆਨੰਦ ਮੋਹਨ, ਕੌਂਸਲਰ ਨਰਿੰਦਰ ਕੁਮਾਰ ਪ੍ਰਿੰਸ, ਅਵਤਾਰ ਸਿੰਘ ਚੀਮਾ, ਰੱਖਾ ਰਾਮ, ਗੁਰਦੇਵ ਸਿੰਘ, ਹਰਨੇਕ ਸਿੰਘ, ਬਲਵੀਰ ਸਿੰਘ, ਮੰਗੂ ਰਾਮ, ਸਤਪਾਲ ਪੱਪੀ ਆਦਿ ਤੋ ਇਲਾਵਾ ਹੋਰ ਮੋਹਤਬਰ ਵਿਅਕਤੀ ਤੇ ਇਲਾਕਾ ਵਾਸੀ ਵੀ ਮੌਜੂਦ ਸਨ।