ਬੁਲੇਟ ਤਾਂ ਰੱਖਿਆ...ਲੋਕੀਂ ਡਰਾਉਣ ਨੂੰ...!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 06 2019 13:04
Reading time: 1 min, 47 secs

ਸਿੰਗਰ ਸੁਨੰਦਾ ਸ਼ਰਮਾ ਦਾ ਚਰਚਿਤ ਗੀਤ "ਬੁਲੇਟ ਤਾਂ ਰੱਖਿਆ...ਪਟਾਕੇ ਪਾਉਣ ਨੂੰ" ਬੇਸ਼ੱਕ, ਬੁਲੇਟ ਚਾਲਕਾਂ ਨੂੰ ਤਾਂ ਵਧੀਆ ਲੱਗਦਾ ਹੈ, ਪਰ ਜਿਸ ਢੰਗ ਨਾਲ ਇਹ ਪਟਾਕੇ ਪਾਉਂਦੇ ਹੋਏ ਰਾਹਾਂ ਤੋਂ ਨਿਕਲਦੇ ਹਨ, ਉਸ ਨਾਲ ਇਹ ਗੀਤ ਦੇ ਬੋਲ ਬੁਲੇਟ ਤਾਂ ਰੱਖਿਆ...ਲੋਕੀਂ ਡਰਾਉਣ ਨੂੰ ਤੇ ਦਿਲ ਦਹਿਲਾਉਣ ਨੂੰ ਪ੍ਰਤੀਤ ਹੁੰਦੇ ਹਨ। ਕਿਉਂਕਿ ਜਿੱਧਰੋਂ ਵੀ ਇਹ ਚਾਲਕ ਲੰਘਦੇ ਹਨ, ਇੱਕ ਵਾਰ ਤਾਂ ਦੂਜੇ ਵਾਹਨ ਚਾਲਕ ਤੱਕ ਘਬਰਾ ਜਾਂਦੇ ਹਨ, ਪਰ ਇਹਨਾਂ ਤੇ ਨੱਥ ਪਾਉਣ ਵਾਲਾ ਕੋਈ ਪੁਲਿਸ ਕਰਮਚਾਰੀ ਨਜ਼ਰ ਨਹੀਂ ਆਉਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੀ ਬੱਸ ਇੱਕ ਹੁਕਮ ਜਾਰੀ ਕਰਕੇ ਆਪਣੀ ਡਿਊਟੀ ਤੋਂ ਲਾਂਭੇ ਹੋ ਜਾਂਦਾ ਹੈ। ਇੱਕ ਵਾਰ ਫਿਰ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਡੀ. ਪੀ. ਐਸ ਖਰਬੰਦਾ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਕੋਈ ਵੀ ਦੋਪਹੀਆ ਵਾਹਨ ਚਾਲਕ ਸਾਈਲੈਂਸਰ ਕੱਢ ਕੇ ਅਤੇ ਵਰਜਿਤ ਵੱਡੇ ਹਾਰਨ ਲਗਾ ਕੇ ਜਾਂ ਕੋਈ ਯੰਤਰ ਲਗਾ ਕੇ ਭਾਰੀ ਧਮਾਕੇਦਾਰ ਅਤੇ ਪਟਾਕਾ ਮਾਰਨ ਵਾਲੀ ਆਵਾਜ਼ ਨਹੀਂ ਕਰੇਗਾ। ਇਹ ਹੁਕਮ 28 ਜਨਵਰੀ 2020 ਤੱਕ ਲਾਗੂ ਰਹਿਣਗੇ। ਪਰ ਫਿਰ ਵੀ ਬੁਲੇਟ ਚਾਲਕ ਇਹਨਾਂ ਹੁਕਮਾਂ ਨੂੰ ਛਿੱਕੇ ਟੰਗ ਰਹੇ ਹਨ।

ਜਾਰੀ ਹੁਕਮਾਂ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਦੋਪਹੀਆ ਵਾਹਨ ਚਾਲਕਾਂ ਵੱਲੋਂ ਬੁਲੇਟ ਮੋਟਰ ਸਾਈਕਲ 'ਤੇ ਵੱਡੇ ਸਾਈਲੈਂਸਰ, ਬੈਂਡ ਅਤੇ ਵੱਡੇ ਹਾਰਨ ਲਗਾਏ ਜਾਂਦੇ ਹਨ, ਜੋ ਕਿ ਭਾਰੀ ਧਮਾਕੇਦਾਰ ਆਵਾਜ਼ ਕੱਢਦੇ ਹਨ। ਇਸ ਨਾਲ ਰਾਹਗੀਰਾਂ, ਸ਼ਹਿਰ ਵਾਸੀਆਂ, ਜਿਨ੍ਹਾਂ ਵਿੱਚ ਬਜ਼ੁਰਗ ਤੇ ਬੱਚੇ ਵੀ ਸ਼ਾਮਿਲ ਹਨ, ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਕਿਸੇ ਸਮੇਂ ਵੀ ਦੁਰਘਟਨਾ ਹੋਣ ਦਾ ਖ਼ਦਸ਼ਾ ਪੈਦਾ ਹੋ ਸਕਦਾ ਹੈ। ਇਸ ਲਈ ਇਸ 'ਤੇ ਫ਼ੌਰੀ ਕਾਰਵਾਈ ਕਰਨ ਦੀ ਲੋੜ ਹੈ। ਬੇਸ਼ੱਕ, ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮਾਂ ਵਿੱਚ ਪਟਾਕਿਆਂ ਦੀ ਆਵਾਜ਼ ਨਾਲ ਲੋਕਾਂ ਦੇ ਪਰੇਸ਼ਾਨ ਹੋਣ ਦੀ ਗੱਲ ਮੰਨੀ ਹੈ, ਪਰ ਉਨ੍ਹਾਂ ਨੇ ਇਹਨਾਂ ਚਾਲਕਾਂ ਖ਼ਿਲਾਫ਼ ਕਰੜੀ ਕਾਰਵਾਈ ਕਰਨ ਲਈ ਕੋਈ ਆਦੇਸ਼ ਜਾਰੀ ਨਹੀਂ ਕੀਤੇ ਹਨ। ਇਸ ਤਰ੍ਹਾਂ ਦੇ ਹੁਕਮ ਤਾਂ ਜ਼ਿਲ੍ਹਾ ਮੈਜਿਸਟ੍ਰੇਟ ਲੰਬੇ ਅਰਸੇ ਤੋਂ ਜਾਰੀ ਕਰਦੇ ਆ ਰਹੇ ਹਨ, ਪਰ ਜੇਕਰ ਬੁਲੇਟ ਚਾਲਕ ਇੰਨੇ ਸਿਆਣੇ ਹੁੰਦੇ ਤਾਂ ਵਾਰ-ਵਾਰ ਅਜਿਹਾ ਕਰਨ ਦੀ ਲੋੜ ਨਹੀਂ ਪੈਂਦੀ। ਇਸ ਲਈ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਪਾਬੰਦੀ ਲਾਉਣ ਦੇ ਨਾਲ-ਨਾਲ ਸਖ਼ਤ ਕਾਰਵਾਈ ਕਰਨ ਦੇ ਨਾਲ ਹੀ ਲੋਕਾਂ ਦੀ ਪ੍ਰੇਸ਼ਾਨੀ ਦਾ ਹੱਲ ਹੋਵੇਗਾ। ਨਹੀਂ ਤਾਂ ਬੁਲੇਟ ਚਾਲਕ ਤਾਂ ਪਟਾਕੇ ਪਾਉਂਦੇ ਹੋਏ ਲੋਕਾਂ ਨੂੰ ਡਰਾਉਂਦੇ ਹੀ ਰਹਿਣਗੇ।