ਪੀਣ ਵਾਲੇ ਪਾਣੀ ਦੀ ਦੁਰਵਰਤੋਂ ਰੋਕਣ ਸਬੰਧੀ ਅਧਿਕਾਰੀਆਂ ਨੇ ਸਕੂਲੀ ਬੱਚਿਆਂ ਨੂੰ ਪੜਾਇਆ ਪਾਠ

Last Updated: Dec 06 2019 13:05
Reading time: 1 min, 37 secs

ਪਿੰਡਾਂ ਦੇ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਪੀਣ ਵਾਲੇ ਪਾਣੀ ਦੀ ਉਚਿੱਤ ਸੰਭਾਲ ਕਰਨ ਅਤੇ ਸ਼ੁੱਧ ਪਾਣੀ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਜ਼ਦੀਕੀ ਪਿੰਡ ਮਨੈਲਾ ਅਤੇ ਜੱਲਾ ਦੇ ਸਰਕਾਰੀ ਸਕੂਲਾਂ 'ਚ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਮ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਧਰਤੀ ਹੇਠਲੇ ਪਾਣੀ ਦੀ ਮਹੱਤਤਾ ਅਤੇ ਪੀਣ ਵਾਲੇ ਪਾਣੀ ਦੀ ਉਚਿੱਤ ਸੰਭਾਲ ਕਰਨ ਸਬੰਧੀ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਗਿਆ।

ਜਾਗਰੂਕਤਾ ਕੈਂਪ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਬਲਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਜਾਗਰੂਕਤਾ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ਵਿੱਚ ਸ਼ੁੱਧ ਪੀਣ ਵਾਲੇ ਪਾਣੀ ਦੀ ਲੋੜੀਂਦੀ ਮਾਤਰਾ ਮੁਹੱਈਆ ਕਰਵਾਉਣਾ ਅਤੇ ਉਸਦੀ ਉਚਿੱਤ ਸੰਭਾਲ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਮੌਕੇ ਸਕੂਲ ਦੇ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਪਾਣੀ ਦੀ ਦੁਰਵਰਤੋਂ ਕਰਨ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਦੀ ਹਮੇਸ਼ਾ ਸਾਫ-ਸਫਾਈ ਰੱਖਣ ਲਈ ਵੀ ਜਾਗਰੂਕ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਪਾਣੀ ਦੀ ਗੁਣਵੱਤਾ ਦੀ ਜਾਂਚ ਲਈ ਭੌਤਿਕ ਜਾਂਚ, ਜੈਵਿਕ ਜਾਂਚ ਅਤੇ ਰਸਾਇਣਿਕ ਜਾਂਚ ਕਰਕੇ ਰਿਪੋਰਟ ਦਿਖਾਈ ਗਈ ਅਤੇ ਵਿਭਾਗ ਦੀ ਸੋਸ਼ਲ ਟੀਮ ਵੱਲੋਂ ਸਕੂਲ ਦੇ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਲੋਰੀਨੇਸ਼ਨ ਦੀ ਮਹੱਤਤਾ ਦੱਸੀ ਗਈ। ਇਸ ਮੌਕੇ ਸਬੰਧਿਤ ਪੰਪ ਆਪਰੇਟਰਾਂ ਨੂੰ ਹਦਾਇਤ ਕੀਤੀ ਗਈ ਕਿ ਪੀਣ ਵਾਲੇ ਪਾਣੀ ਦੀ ਹਰ ਹਾਲਤ ਵਿੱਚ ਕਲੋਰੀਨੇਸ਼ਨ ਯਕੀਨੀ ਬਣਾਈ ਜਾਵੇ।

ਇਸ ਮੌਕੇ ਸਕੂਲੀ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਦੱਸਿਆ ਗਿਆ ਕਿ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਨੂੰ ਓ.ਡੀ.ਐਫ ਐਲਾਨਿਆ ਜਾ ਚੁੱਕਾ ਹੈ। ਇਸ ਲਈ ਪਿੰਡ ਦੇ ਹਰੇਕ ਨਾਗਰਿਕ ਦੀ ਨਿਜੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸੇ ਵੀ ਸਥਿਤੀ 'ਚ ਖੁੱਲ੍ਹੇ ਵਿੱਚ ਪਖਾਨੇ ਨਾ ਜਾਵੇ ਅਤੇ ਨਾ ਹੀ ਕਿਸੇ ਹੋਰ ਨੂੰ ਅਜਿਹਾ ਕਰਨ ਦੇਵੇ। ਖੁੱਲ੍ਹੇ ਵਿੱਚ ਮਲ ਤਿਆਗ ਕਰਨ ਨਾਲ ਗੰਦਗੀ ਫੈਲਦੀ ਹੈ ਜੋ ਕਿ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਸ ਮੌਕੇ ਸਕੂਲੀ ਬੱਚਿਆਂ ਨੇ ਪ੍ਰਣ ਲਿਆ ਕਿ ਉਹ ਨਾ ਆਪ ਖੁੱਲ੍ਹੇ ਵਿੱਚ ਪਖਾਨੇ ਜਾਣਗੇ ਅਤੇ ਨਾ ਹੀ ਕਿਸੇ ਹੋਰ ਨੂੰ ਅਜਿਹਾ ਕਰਨ ਦੇਣਗੇ।