ਸੱਤਾ ਦੇ ਨਸ਼ੇ ਨੇ ਭੁਲਾ ਦਿੱਤੀ ਵਿਧਾਇਕ ਲੋਹਗੜ੍ਹ ਨੂੰ ਇਨਸਾਨੀਅਤ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 06 2019 12:46
Reading time: 2 mins, 28 secs

ਭਾਵੇਂ ਹੀ ਸਰਕਾਰ ਦੇ ਵੱਲੋਂ ਵਿਆਹ ਸਮਾਗਮਾਂ ਜਾਂ ਫਿਰ ਹੋਰ ਖੁਸ਼ੀ ਦੇ ਮੌਕਿਆਂ 'ਤੇ ਹਥਿਆਰ ਲਿਜਾਉਣ ਅਤੇ ਚਲਾਉਣ 'ਤੇ ਪਾਬੰਦੀ ਲਗਾਈ ਗਈ ਹੈ, ਪਰ ਇਸਦੇ ਬਾਵਜੂਦ ਵੀ ਵਿਆਹਾਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਹਨ, ਜਿਨ੍ਹਾਂ ਨੂੰ ਰੋਕਣ ਵਾਲਾ ਕੋਈ ਵੀ ਸਰਕਾਰੀ ਬਾਬੂ ਮੂਹਰੇ ਨਹੀਂ ਆ ਰਿਹਾ। ਸਰਕਾਰ ਵੀ ਇੱਕ ਵਾਰ ਪ੍ਰੈਸ ਬਿਆਨ ਜਾਰੀ ਕਰਕੇ ਕੁੰਭਕਰਨੀ ਨੀਂਦ ਸੌਂ ਜਾਂਦੀ ਹੈ ਅਤੇ ਬਾਅਦ ਵਿੱਚ ਜਨਤਾ ਨੂੰ ਮਰਨ ਲਈ ਸੜਕਾਂ 'ਤੇ ਛੱਡ ਦਿੰਦੀ ਹੈ, ਜਿਸਦਾ ਸਮੂਹ ਸਮਾਜ ਵਿਰੋਧ ਕਰਦਾ ਹੈ।

ਦੱਸ ਦਈਏ ਕਿ ਪਿਛਲੇ ਦਿਨੀਂ ਜੋ ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਦੇ ਪਿੰਡ ਮਸਤੇਵਾਲਾ ਵਿੱਚ ਵਿਆਹ ਸਮਾਗਮ ਦੌਰਾਨ ਵਾਪਰਿਆ, ਉਹ ਤਾਂ ਸਭ ਨੂੰ ਯਾਦ ਹੀ ਹੋਵੇਗਾ, ਜੇਕਰ ਨਹੀਂ ਯਾਦ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਤ ਸਮੇਂ ਕਸਬਾ ਕੋਟ ਈਸੇ ਖਾਂ ਦੇ ਪਿੰਡ ਮਸਤੇਵਾਲਾ ਵਿਖੇ ਵਿਆਹ ਸਮਾਗਮ ਵਿੱਚ ਚੱਲ ਰਹੇ ਡੀ.ਜੇ. ਦੌਰਾਨ ਕਈ ਸ਼ਰਾਬੀ ਨੌਜਵਾਨਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਉਕਤ ਗੋਲੀਆਂ ਦੇ ਵਿੱਚੋਂ ਇੱਕ ਗੋਲੀ ਨੌਜਵਾਨ ਕਰਮ ਸਿੰਘ ਨੂੰ ਜਾ ਲੱਗੀ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ।

ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਇਹ ਮਾਮਲਾ ਸ਼ੱਕੀ ਜਾਪਦਾ ਸੀ ਅਤੇ ਲੱਗਦਾ ਸੀ ਕਿ ਨੌਜਵਾਨ ਦਾ ਕਤਲ ਕੀਤਾ ਗਿਆ ਹੈ, ਨਾ ਕਿ ਉਂਝ ਗੋਲੀ ਚਲਾਈ ਗਈ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਨਸਾਫ਼ ਖ਼ਾਤਰ ਪਹਿਲੋਂ ਤਾਂ, ਸੜਕ 'ਤੇ ਧਰਨਾ ਲਗਾਇਆ ਅਤੇ ਉਸ ਤੋਂ ਮਗਰੋਂ ਸਿਵਲ ਹਸਪਤਾਲ ਮੋਗਾ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਇਸ ਘਟਨਾ ਦੀ ਸੂਚਨਾ ਧਰਮਕੋਟ ਦੇ ਵਿਧਾਇਕ ਸੁਰਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਲੱਗੀ ਤਾਂ, ਉਹ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਪਹੁੰਚੇ।

ਜਿੱਥੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਜਿਹੇ ਸ਼ਬਦ ਬੋਲ ਬੈਠੇ ਕਿ ਉਨ੍ਹਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਸੀ ਕਿ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਮਦਦ ਕਰ ਰਹੇ ਅਤੇ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੀ ਹੈ। ਇਸੇ ਦੇ ਚੱਲਦਿਆਂ ਹੋਇਆਂ ਪਰਿਵਾਰ ਵਾਲਿਆਂ ਨੇ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਨਹੀਂ ਸੀ ਕਰਵਾਇਆ।

ਜਦੋਂ ਵਿਧਾਇਕ ਕਾਕਾ ਲੋਹਗੜ੍ਹ ਮੌਕੇ 'ਤੇ ਪਹੁੰਚਿਆ ਤਾਂ ਉਨ੍ਹਾਂ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਦੀ ਬਜਾਏ, ਕਹਿ ਦਿੱਤਾ ਕਿ "ਅਜਿਹੀਆਂ ਮੌਤਾਂ ਹਰ ਰੋਜ਼ ਹੀ ਹੁੰਦੀਆਂ ਹਨ ਤਾਂ ਇਸ ਮਾਮਲੇ ਵਿੱਚ ਧਰਨਾ ਲਾਉਣ ਦਾ ਕੀ ਫ਼ਾਇਦਾ"? ਬੇਸ਼ੱਕ ਦੁੱਖ ਦੀ ਖੜੀ ਵਿੱਚ ਵਿਧਾਇਕ ਕਾਕਾ ਨੂੰ ਪਰਿਵਾਰ ਵਾਲਿਆਂ ਦੇ ਨਾਲ ਖੜੇ ਹੋਣਾ ਚਾਹੀਦਾ ਸੀ, ਪਰ ਵਿਧਾਇਕ ਦੇ ਅੰਦਰੋਂ ਮਰੀ ਇਨਸਾਨੀਅਤ ਨੇ ਇਸ ਗੱਲ ਦਾ ਸਬੂਤ ਦੇ ਦਿੱਤਾ ਕਿ, ਉਨ੍ਹਾਂ ਦੇ ਰਾਜ ਵਿੱਚ ਜਿੰਨੇ ਮਰਜ਼ੀ ਲੋਕ ਮਰੀ ਜਾਣ, ਉਨ੍ਹਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ।

ਭਾਵੇਂ ਹੀ ਧਰਨਾਕਾਰੀ ਵਿਧਾਇਕ ਕਾਕਾ ਲੋਹਗੜ੍ਹ ਦੇ ਇਨ੍ਹਾਂ ਬਿਆਨਾਂ ਨੂੰ ਸੁਣਨ ਤੋਂ ਬਾਅਦ ਭੜਕ ਉੱਠੇ ਅਤੇ ਵਿਧਾਇਕ ਦੀ ਗੱਡੀ 'ਤੇ ਹਮਲਾ ਕਰ ਦਿੱਤਾ ਅਤੇ ਵਿਧਾਇਕ ਪਿਛਲੀ ਬਾਰੀ ਵਿੱਚੋਂ ਜਾਨ ਬਚਾ ਕੇ ਭੱਜੇ। ਪਰ ਸਵਾਲ ਉੱਠਦਾ ਹੈ ਕਿ ਗੰਦੀ ਸਿਆਸਤ ਦਾ ਹਿੱਸਾ ਰਹੇ ਵਿਧਾਇਕ ਕਾਕਾ ਲੋਹਗੜ੍ਹ ਵਰਗੇ ਗੰਦੇ ਲੀਡਰਾਂ ਨੂੰ ਕਦੋਂ ਅਕਲ ਆਵੇਗੀ? ਕੀ ਇਨ੍ਹਾਂ ਲੀਡਰਾਂ ਨੇ ਅੱਗੇ ਤੋਂ ਵੋਟਾਂ ਨਹੀਂ ਲੈਣੀਆਂ ਹੁੰਦੀਆਂ, ਜੋ ਐਨੀ ਘਟੀਆਂ ਬਿਆਨਬਾਜ਼ੀ ਕਰਕੇ ਚਲੇ ਜਾਂਦੇ ਹਨ? ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਨ੍ਹਾਂ ਲੀਡਰਾਂ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।