ਕਿਉਂ ਵਾਰ-ਵਾਰ ਸਿੱਖਾਂ ਦੇ ਜ਼ਖ਼ਮਾਂ ਨੂੰ ਕੁਰੇਦਦੇ ਹਨ, ਸਿਆਸੀ ਲੀਡਰ !!! (ਵਿਅੰਗ)

Last Updated: Dec 06 2019 12:55
Reading time: 2 mins, 3 secs

35 ਸਾਲ ਪਹਿਲਾਂ ਦਿੱਲੀ ਵਿੱਚ ਜੋ ਕੁਝ ਵੀ ਹੋਇਆ ਸੀ, ਉਸਦੇ ਜ਼ਖ਼ਮ ਅੱਜ ਵੀ ਅੱਲੇ ਹਨ। ਕੋਈ ਉਸ ਨੂੰ ਦੰਗਿਆਂ ਦਾ ਨਾਮ ਦੇ ਦੇਵੇ ਜਾਂ ਫਿਰ, ਸਿੱਖਾਂ ਦੀ ਨਸਲਕੁਸ਼ੀ ਦਾ ਪਰ, ਪੂਰੇ ਯਕੀਨ ਨਾਲ ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ, ਉਨ੍ਹਾਂ ਦਿਨਾਂ ਵਿੱਚ ਸਿੱਖਾਂ ਦਾ ਇੰਨੀ ਵੱਡੀ ਗਿਣਤੀ ਵਿੱਚ ਹੋਏ ਕਤਲ-ਏ-ਆਮ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਨਹੀਂ ਸੀ ਕੰਮ ਕਰ ਰਹੀ। ਜਿਹੜੇ ਲੋਕ ਵੀ ਇਸ ਕਤਲ-ਏ-ਆਮ ਲਈ ਜ਼ਿੰਮੇਵਾਰ ਸਨ, ਉਨ੍ਹਾਂ ਬਾਰੇ ਸਮੇਂ ਦੀਆਂ ਸਰਕਾਰਾਂ ਵੀ ਭਲੀ ਭਾਂਤੀ ਜਾਣਦੀਆਂ ਹਨ ਅਤੇ ਅਨਜਾਣ ਮੇਰੇ ਭਾਰਤ ਮਹਾਨ ਦੀਆਂ ਜਾਂਚ ਏਜੰਸੀਆਂ ਨਹੀਂ ਹਨ।

ਦੋਸਤੋ, ਜੇਕਰ ਸਮੇਂ ਦੀਆਂ ਸਰਕਾਰਾਂ ਅਤੇ ਉਨ੍ਹਾਂ ਦੀਆਂ ਭਾਈਵਾਲ ਸਿਆਸੀ ਪਾਰਟੀਆਂ ਚਾਹੁੰਦੀਆਂ ਤਾਂ, ਉਹ ਬੜੇ ਸਾਲ ਪਹਿਲਾਂ ਹੀ ਦਿੱਲੀ ਦੁਖਾਂਤ ਦੇ ਅਸਲ ਦੁਸ਼ਮਣਾਂ ਨੂੰ ਫਾਹੇ ਟੰਗ ਸਕਦੀਆਂ ਸਨ ਪਰ, ਅਜਿਹਾ ਨਹੀਂ ਹੋਇਆ। ਸ਼ਾਇਦ ਵੋਟਾਂ ਦੀ ਰਾਜਨੀਤੀ ਦੇ ਚਲਦਿਆਂ, ਸਰਕਾਰਾਂ ਇਸ ਮਸਲੇ ਨੂੰ ਹੋਰ ਕਈ ਸਾਲ ਤੱਕ ਜਿਊਂਦਾ ਤੇ ਸੁਲਗਦਾ ਹੀ ਰੱਖਣਾ ਚਾਹੁੰਦੀਆਂ ਹੋਣਗੀਆਂ। ਜਿਨ੍ਹਾਂ ਚੰਦ ਲੋਕਾਂ ਨੂੰ ਸਰਕਾਰ ਨੇ ਕਾਂ ਬਣਾ ਕੇ ਟੰਗਿਆ ਹੈ, ਉਹ ਵੀ ਮਹਿਜ਼ ਰਾਜਨੀਤੀ ਤੋਂ ਹੀ ਪ੍ਰੇਰਿਤ ਹੈ, ਵਰਨਾਂ ਬਹੁਤ ਦੋਸ਼ੀ ਤਾਂ ਅੱਜ ਵੀ ਖੁੱਲ੍ਹੀ ਹਵਾ ਵਿੱਚ ਸਾਹ ਲੈ ਰਹੇ ਹਨ।

ਸਾਰੇ ਕਹਿੰਦੇ ਹਨ ਕਿ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਚੁੱਪ ਰਹਿੰਦੇ ਹਨ। ਲੋਕ ਗੱਲਾਂ ਕਰਦੇ ਹਨ ਕਿ, ਡਾ. ਸਾਹਿਬ ਨੇ ਬਤੌਰ ਪ੍ਰਧਾਨ ਮੰਤਰੀ ਹੁੰਦਿਆਂ ਵੀ ਦਸ ਸਾਲ ਤੱਕ ਮੌਨ ਰਹਿ ਕੇ ਗੁਜ਼ਾਰ ਦਿੱਤੇ। ਸਿਆਸੀ ਮਾਹਿਰਾਂ ਅਨੁਸਾਰ, ਬੇਸ਼ੱਕ ਮਨਮੋਹਨ ਸਿੰਘ, ਚੁੱਪ ਰਹਿਣ ਵਿੱਚ ਹੀ ਵਿਸ਼ਵਾਸ ਰੱਖਦੇ ਹਨ, ਪਰ ਜਦੋਂ ਕਦੇ ਵੀ ਉਹ ਬੋਲਦੇ ਹਨ, ਕੁਝ ਵੱਡਾ ਤੇ ਵੱਖਰਾ ਹੀ ਬੋਲਦੇ ਹਨ।

ਲੰਘੇ ਦਿਨ ਹੀ ਸਾਬਕਾ ਪ੍ਰਧਾਨ ਮੰਤਰੀ ਨੇ ਇੱਕ ਇਹੋ ਜਿਹਾ ਬਿਆਨ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੀ ਆਪਣੀ ਹੀ ਪਾਰਟੀ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ 1984 ਸਿੱਖ ਕਤਲੇਆਮ ਬਾਰੇ ਵੱਡਾ ਖ਼ੁਲਾਸਾ ਕਰਦਿਆਂ ਕਾਂਗਰਸ ਹਾਈਕਮਾਨ ਨੂੰ ਮੁਸੀਬਤ ਵਿੱਚ ਪਾ ਦਿੱਤਾ ਕਿ, ਦਿੱਲੀ ਵਿੱਚ ਇਹ ਭਾਣਾ ਕਦੇ ਨਹੀਂ ਸੀ ਵਾਪਰਨਾ ਜੇਕਰ, ਸਰਕਾਰ ਨੇ ਚਾਹਿਆ ਹੁੰਦਾ ਤਾਂ।

ਦੋਸਤੋ, ਡਾ. ਮਨਮੋਹਨ ਸਿੰਘ ਦਾ ਦਾਅਵਾ ਹੈ ਕਿ, ਸਿੱਖਾਂ ਦਾ ਕਤਲ-ਏ-ਆਮ ਰੋਕਿਆ ਜਾ ਸਕਦਾ ਸੀ ਜੇਕਰ ਉਸ ਸਮੇਂ ਦੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੁਤਾਬਿਕ ਦਿੱਲੀ ਨੂੰ ਮਰਹੂਮ ਪ੍ਰਧਾਨ ਇੰਦਰਾ ਗਾਂਧੀ ਤੇ ਹੋਏ ਹਮਲੇ ਦੇ ਤੁਰੰਤ ਬਾਅਦ ਫ਼ੌਜ ਦੇ ਹਵਾਲੇ ਕਰ ਦਿੱਤਾ ਹੁੰਦਾ ਤਾਂ।

ਅਲੋਚਕਾਂ ਅਨੁਸਾਰ, ਦਿੱਲੀ ਨੂੰ ਫ਼ੌਜ ਦੇ ਹਵਾਲੇ ਕੀਤਾ ਜਾਂਦਾ ਤਾਂ ਸ਼ਾਇਦ ਉਨ੍ਹਾਂ ਲੋਕਾਂ ਦੇ ਮਨਸੂਬੇ ਧਰੇ ਧਰਾਏ ਹੀ ਰਹਿ ਜਾਣੇ ਸਨ, ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ। ਦੋਸਤੋ, ਸਭ ਕੁਝ ਠੀਕ ਹੈ ਪਰ, ਹੁਣ ਬੀਤੇ ਸਮੇਂ ਨੂੰ ਯਾਦ ਕਰਕੇ ਹਾਸਲ ਕੀ ਹੁੰਦੈ, ਪਤਾ ਨਹੀਂ ਕਿਉਂ, ਵਾਰ-ਵਾਰ ਸਿੱਖਾਂ ਦੇ ਜ਼ਖ਼ਮਾਂ ਨੂੰ ਕੁਰੇਦਦੇ ਹਨ, ਸਿਆਸੀ ਲੀਡਰ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।