ਹੁਣ ਸਰਕਾਰੀ ਸਕੂਲਾਂ ਦੇ ਨਿਆਣੇ ਲੈਣਗੇ ਮੁਫ਼ਤ 'ਚ ਝੂਟੇਮਾਟੇ !!!

Last Updated: Dec 05 2019 19:43
Reading time: 1 min, 47 secs

ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਦੀ ਬਿਹਤਰੀ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਦੀ ਯੋਗ ਅਗਵਾਈ ਸਦਕਾ ਸਿੱਖਿਆ ਵਿਭਾਗ ਵੱਲੋਂ ਦੋ ਸਾਲ ਪਹਿਲਾਂ ਬਾਲ ਦਿਵਸ ਮੌਕੇ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਸੀ। ਜਿਸ ਸਦਕਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਇਹ ਜਮਾਤਾਂ ਸਫ਼ਲਤਾਪੂਰਵਕ ਚੱਲ ਰਹੀਆਂ ਹਨ। ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਉਦੇਸ਼ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਗੁਣਾਤਮਿਕ ਮੁੱਢਲੀ ਸਿੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ।

ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਜਮਾਤਾਂ ਦੇ ਵਿਕਾਸ ਲਈ ਸਮੇਂ-ਸਮੇਂ ਤੇ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਸਰਕਾਰ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ ਖੇਡਾਂ ਦਾ ਸਾਮਾਨ ਖਰੀਦਣ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਹਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਜਾਰੀ ਪੱਤਰ ਅਨੁਸਾਰ ਪ੍ਰਤੀ ਸਕੂਲ 19 ਹਜ਼ਾਰ ਰੁਪਏ, ਜਿਸ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ 613 ਸਕੂਲਾਂ ਲਈ ਕੁੱਲ 116.47 ਲੱਖ ਰੁਪਏ ਦੀ ਰਾਸ਼ੀ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਖੇਡਾਂ ਦੇ ਸਾਮਾਨ ਦੀ ਖ਼ਰੀਦ ਲਈ ਗ੍ਰਾਂਟ ਦੇ ਰੂਪ ਵਿੱਚ ਜਾਰੀ ਕੀਤੀ ਹੈ। ਇਸ ਗ੍ਰਾਂਟ ਅਧੀਨ ਖਰੀਦੇ ਜਾਣ ਵਾਲੇ ਸਾਮਾਨ ਸਬੰਧੀ ਵਿਭਾਗ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਪੱਤਰ ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਇਸ ਗ੍ਰਾਂਟ ਨੂੰ ਸਕੂਲ ਪੱਧਰ ਤੇ ਤੁਰੰਤ ਜਾਰੀ ਕਰਨਾ ਯਕੀਨੀ ਬਣਾਉਣ ਅਤੇ ਸਕੂਲ ਮੁਖੀ ਇਸ ਗ੍ਰਾਂਟ ਨੂੰ ਨਿਯਮਾਂ ਅਨੁਸਾਰ ਖਰਚ ਕਰਨਾ ਯਕੀਨੀ ਬਣਾਉਣਗੇ।

ਪੱਤਰ ਅਨੁਸਾਰ ਇਹ ਗ੍ਰਾਂਟ ਕੇਵਲ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ ਖੇਡਾਂ ਦੇ ਸਾਮਾਨ ਜਿਵੇਂ ਸਲਾਈਡ, ਸਲਿੰਗ, ਬੈਲੰਸ ਬੀ., ਸੀ-ਸਾਅ ਅਤੇ ਟਾਇਰਾਂ ਦੇ ਅਕਾਰ ਆਦਿ ਦੀ ਖ਼ਰੀਦ ਲਈ ਹੀ ਖਰਚ ਕੀਤੀ ਜਾਵੇਗੀ। ਇਸ ਸਬੰਧੀ ਇਹ ਵੀ ਕਿਹਾ ਕਿ ਇਨ੍ਹਾਂ ਵਸਤੂਆਂ ਵਿੱਚੋਂ ਉਨ੍ਹਾਂ ਵਸਤੂਆਂ ਦੀ ਹੀ ਖ਼ਰੀਦ ਕੀਤੀ ਜਾਣੀ ਹੈ ਜੋ ਪਹਿਲਾਂ ਤੋਂ ਸਕੂਲ ਵਿੱਚ ਉਪਲਬਧ ਨਹੀਂ ਹਨ। ਗ੍ਰਾਂਟ ਅਧੀਨ ਖਰੀਦਿਆ ਗਿਆ ਸਾਮਾਨ ਕੁਆਲਿਟੀ ਵਜੋਂ 3-6 ਸਾਲ ਦੇ ਬੱਚੇ ਦੀ ਵਰਤੋਂ ਲਈ ਅਨੁਕੂਲ ਅਤੇ ਸੁਰੱਖਿਅਤ ਹੋਵੇਗਾ। ਸਕੂਲ ਵੱਲੋਂ ਇਹ ਗ੍ਰਾਂਟ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਖਰਚ ਕੀਤੀ ਜਾਵੇਗੀ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ, ਰੁਪਿੰਦਰ ਕੌਰ ਅਤੇ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੇ ਸਿੱਖਿਆ ਮੰਤਰੀ ਜੀ ਦੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।