ਡੇਢ ਲੱਖ ਦੇ ਗਹਿਣਿਆਂ 'ਤੇ ਚੋਰਾਂ ਨੇ ਕੀਤਾ ਹੱਥ ਸਾਫ਼ !!!

Last Updated: Dec 05 2019 14:07
Reading time: 1 min, 5 secs

ਬੈਂਕ ਕਲੋਨੀ ਫਿਰੋਜ਼ਪੁਰ ਸ਼ਹਿਰ ਵਿਖੇ ਸਥਿਤ ਇੱਕ ਬੰਦ ਕੋਠੀ ਦੇ ਵਿੱਚੋਂ ਕਰੀਬ ਡੇਢ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਭਾਵੇਂ ਹੀ ਪੁਲਿਸ ਵੱਲੋਂ ਮਾਮਲਾ ਅਣਪਛਾਤੇ ਚੋਰਾਂ ਦੇ ਵਿਰੁੱਧ ਦਰਜ ਕਰ ਲਿਆ ਗਿਆ ਹੈ, ਪਰ ਹੁਣ ਤੱਕ ਪੁਲਿਸ ਚੋਰਾਂ ਨੂੰ ਫੜ ਨਹੀਂ ਸਕੀ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਅਸ਼ੋਕ ਕੁਮਾਰ ਪੁੱਤਰ ਰਮਨ ਕੁਮਾਰ ਬਜਾਜ ਵਾਸੀ ਮਕਾਨ ਨੰਬਰ 17 ਬੈਂਕ ਕਲੋਨੀ ਨੇ ਸਦਰ ਫਿਰੋਜ਼ਪੁਰ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਹ ਆਪਣੇ ਪਰਿਵਾਰ ਸਮੇਤ ਤਲਵੰਡੀ ਭਾਈ ਵਿਖੇ ਆਪਣੇ ਲੜਕੇ ਕੋਲ ਰਹਿੰਦਾ ਸੀ ਅਤੇ ਆਪਣੇ ਘਰ ਨੂੰ ਤਾਲੇ ਲਗਾ ਕੇ ਗਿਆ ਹੋਇਆ ਸੀ।

ਅਸ਼ੋਕ ਕੁਮਾਰ ਨੇ ਦੋਸ਼ ਲਗਾਇਆ ਕਿ ਬੀਤੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਘਰ ਦੇ ਤਾਲੇ ਆਦਿ ਤੋੜ ਕੇ ਅਣਪਛਾਤੇ ਵਿਅਕਤੀ ਘਰ ਅੰਦਰ ਦਾਖ਼ਲ ਹੋ ਕੇ ਘਰ ਵਿੱਚੋਂ 5 ਤੋਲੇ ਸੋਨਾ, 2 ਗੈਸ ਸਿਲੰਡਰ ਅਤੇ ਟੂਟੀਆਂ ਚੋਰੀ ਕਰਕੇ ਲੈ ਗਏ। ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਹੋਈ ਚੋਰੀ ਦੇ ਬਾਰੇ ਵਿੱਚ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਚੋਰੀ ਹੋ ਗਈ ਹੈ। ਅਸ਼ੋਕ ਮੁਤਾਬਿਕ ਚੋਰੀ ਹੋਏ ਸਾਮਾਨ ਦੀ ਕੁੱਲ ਮਲੀਤੀ ਕੀਮਤ 1 ਲੱਖ 56 ਹਜ਼ਾਰ ਰੁਪਏ ਬਣਦੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਸ਼ੋਕ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਦੇ ਵਿਰੁੱਧ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।