ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਪੱਤਰ ਦੀ ਨਹੀਂ, ਸਹੂਲਤਾਂ ਦੀ ਹੈ ਲੋੜ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 04 2019 18:24
Reading time: 1 min, 45 secs

ਦਿਵਿਆਂਗ ਵਿਅਕਤੀਆਂ ਨੂੰ ਸਰਕਾਰ ਵੱਲੋਂ ਜਾਰੀ ਸਹੂਲਤਾਂ ਲੈਣ ਲਈ ਕਦੀ ਮਿਹਨਤ ਅਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੇਸ਼ਕ ਸਰਕਾਰਾਂ ਵੱਲੋਂ ਦਿਵਿਆਂਗਾਂ ਲਈ ਸਹਾਨੁਭੂਤਿ ਦਾ ਪ੍ਰਗਟਾਵਾ ਅਤੇ ਸਹੂਲਤਾਂ ਦੇਣ ਦੇ ਵਾਅਦੇ ਤੇ ਦਾਅਵੇ ਤਾਂ ਜ਼ਰੂਰ ਕੀਤੇ ਜਾਂਦੇ ਹਨ ਪਰ ਹਕੀਕਤ ਇਹ ਹੈ ਕਿ ਇਨ੍ਹਾਂ ਦਿਵਿਆਂਗਾਂ ਨੂੰ ਆਪਣੇ ਦਿਵਿਆਂਗ ਹੋਣ ਦਾ ਸਰਟੀਫਿਕੇਟ ਤੱਕ ਬਣਾਉਣ ਲਈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਤਾਂ ਇਸ ਖੱਜਲ ਖੁਆਰੀ, ਪਰੇਸ਼ਾਨੀ ਕਰਕੇ ਸਰਟੀਫਿਕੇਟ ਬਣਾਉਣ ਤੋਂ ਵਾਂਝੇ ਰਹਿ ਜਾਂਦੇ ਹਨ।

ਹੁਣ ਸੂਬਾ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਦਿਵਿਆਂਗ ਵਿਅਕਤੀਆਂ ਨੂੰ ਇੱਕ ਵੱਖਰੀ ਪਹਿਚਾਨ ਲਈ ਉਨ੍ਹਾਂ ਦਾ ਪਹਿਚਾਨ ਪੱਤਰ ਬਣਾਇਆ ਜਾਵੇ ਤਾਂ ਜੋ ਇਨ੍ਹਾਂ ਨੂੰ ਮਿਲਣ ਵਾਲਿਆਂ ਸਹੂਲਤਾਂ ਦਾ ਸਹੀ ਲਾਭ ਮਿਲ ਸਕੇ। ਇਸ ਮੁਹਿੰਮ ਤਹਿਤ ਪੰਜਾਬ ਸਰਕਾਰ ਨੇ ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਪੱਤਰ (ਯੂ.ਡੀ.ਆਈ.ਡੀ.) ਦੇਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜੋ ਕਿ 31 ਦਸੰਬਰ 2019 ਤੱਕ ਚੱਲੇਗੀ। ਇਸ ਮੁਹਿੰਮ ਦਾ ਉਦੇਸ਼ ਦਿਵਿਆਂਗ ਵਿਅਕਤੀਆਂ ਦਾ ਸੂਬਾ ਅਤੇ ਜ਼ਿਲ੍ਹਾ ਪੱਧਰ 'ਤੇ ਡਾਟਾਬੇਸ ਤਿਆਰ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਉਨ੍ਹਾਂ ਨੂੰ ਅਸਾਨੀ ਨਾਲ ਪ੍ਰਾਪਤ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਕਾਰਡ ਨਾਲ ਇੱਕ ਪਾਸੇ ਦਿਵਿਆਂਗ ਵਿਅਕਤੀ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਸਕਣਗੇ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਪਿੰਡ, ਬਲਾਕ, ਜ਼ਿਲ੍ਹਾ, ਸੂਬਾ ਅਤੇ ਰਾਸ਼ਟਰੀ ਪੱਧਰ 'ਤੇ ਮੁੱਖਧਾਰਾ ਵਿੱਚ ਲਿਆਂਦਾ ਜਾ ਸਕੇਗਾ।

ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਪੱਤਰ ਦੇਣ ਲਈ ਯੂ.ਡੀ.ਆਈ.ਡੀ. (ਯੂਨੀਕ ਆਈ.ਡੀ. ਫਾਰ ਪਰਸਨਜ਼ ਵਿੱਦ ਡਿਸਅਬਿਲਟਿਜ਼) http://www.swavlambancard.gov.in/ ਪੋਰਟਲ ਬਣਾਇਆ ਹੈ। ਦਿਵਿਆਂਗ ਵਿਅਕਤੀ ਆਪਣੇ ਨਿੱਜੀ ਕੰਪਿਊਟਰ, ਨਜ਼ਦੀਕ ਸਾਇਬਰ ਕੈਫੇ, ਗ੍ਰਾਮ ਸੁਵਿਧਾ ਕੇਂਦਰ, ਸੇਵਾ ਕੇਂਦਰ, ਸਾਂਝ ਕੇਂਦਰ, ਸੋਸ਼ਲ ਸਕਿਉਰਟੀ ਦਫ਼ਤਰ, ਪ੍ਰਸ਼ਾਸਨ ਦੁਆਰਾ ਲਗਾਏ ਜਾ ਰਹੇ ਕੈਂਪਾਂ ਵਿੱਚ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਦਿਵਿਆਂਗ ਵਿਅਕਤੀਆਂ ਕੋਲ ਸਿਹਤ ਵਿਭਾਗ ਦੁਆਰਾ ਜਾਰੀ ਆਫ ਲਾਈਨ ਸਰਟੀਫਿਕੇਟ ਹੈ, ਉਹ ਇਹ ਵਿਲੱਖਣ ਪਹਿਚਾਣ ਪੱਤਰ ਪ੍ਰਾਪਤ ਕਰ ਸਕਦੇ ਹਨ। ਚਲੋ ਸਰਕਾਰ ਨੇ ਦਿਵਿਆਂਗਾਂ ਬਾਰੇ ਕੁਝ ਸੋਚਿਆ ਅਤੇ ਉਨ੍ਹਾਂ ਨੂੰ ਵਿਲਖਣ ਪਹਿਚਾਨ ਦੇਣ ਲਈ ਇਸ ਮੁਹਿੰਮ ਦਾ ਆਗਾਜ਼ ਕੀਤਾ ਹੈ ਜੋ ਸ਼ਲਾਘਾਯੋਗ ਕਦਮ ਹੈ ਪਰ ਸਰਕਾਰ ਅਤੇ ਇਸ ਮੁਹਿੰਮ ਤਹਿਤ ਕੰਮ ਕਰਨ ਵਾਲੇ ਸਬੰਧਤ ਮਹਿਕਮਿਆਂ ਦੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਸਰਕਾਰ ਇਸ ਲਈ ਪਾਬੰਦ ਕਰੇ ਅਤੇ ਦਿਵਿਆਂਗਾਂ ਨੂੰ ਵਿਸ਼ਵਾਸ ਦਿਵਾਏ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇਗੀ ਅਤੇ ਕਿਸੇ ਤਰ੍ਹਾਂ ਦੀ ਖੱਜਲ ਖੁਆਰੀ ਦਾ ਸਾਹਮਣਾ ਉਨ੍ਹਾਂ ਨੂੰ ਨਹੀਂ ਕਰਨਾ ਪਵੇਗਾ ਤੱਦ ਹੀ ਇਸ ਮੁਹਿੰਮ ਦਾ ਅਸਲ ਮਕਸਦ ਪੁਰਾ ਹੋਵੇਗਾ।