ਲੱਗਦੈ ਹੁਣ ਭਰ ਹੀ ਜਾਊ ਪੰਜਾਬ ਦਾ ਖ਼ਜ਼ਾਨਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 04 2019 18:14
Reading time: 0 mins, 56 secs

2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਕੈਪਟਨ ਸਰਕਾਰ ਅਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਤੋਂ ਪੰਜਾਬ ਦੇ ਲੋਕਾਂ ਨੇ ਇੱਕ ਗੱਲ ਲਗਾਤਾਰ ਸੁਣੀ ਕਿ ਕੀ ਕਰੀਏ ਜੀ ਖ਼ਜ਼ਾਨਾ ਖ਼ਾਲੀ ਹੈ। ਲੋਕਾਂ ਦੇ ਕਿਸੇ ਵੀ ਕੰਮ ਲਈ ਪੰਜਾਬ ਸਰਕਾਰ ਅਤੇ ਖ਼ਜ਼ਾਨਾ ਮੰਤਰੀ ਕੋਲ ਇੱਕੋ ਜਵਾਬ ਹੁੰਦਾ ਸੀ ਹਾਲਾਂਕਿ ਸਰਕਾਰ ਨੇ ਕਾਫੀ ਸਾਰੇ ਵਿਧਾਇਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਨਿਯੁਕਤ ਕਰਕੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜ ਦੇ ਦਿੱਤਾ ਅਤੇ ਉਨ੍ਹਾਂ ਦਾ ਖਰਚਾ ਵੀ ਚੁੱਕ ਲਿਆ।

ਹਾਲੇ ਕੁਝ ਕੁ ਦਿਨ ਪਹਿਲਾਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ, ਜਿਹੜੇ ਕੀ ਛੁੱਟੀਆਂ ਮਨਾ ਰਹੇ ਸਨ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ ਜੀਐਸਟੀ ਬਕਾਇਆ ਰੋਕਿਆ ਹੋਇਆ ਹੈ ਜਿਸ ਕਰਕੇ ਖ਼ਜ਼ਾਨੇ ਦੀ ਹਾਲਤ ਪਤਲੀ ਹੈ। ਅੱਜ ਪੰਜਾਬ ਦੇਖ ਖ਼ਜ਼ਾਨਾ ਮੰਤਰੀ ਨੇ ਭਾਰਤ ਦੀ ਖ਼ਜ਼ਾਨਾ ਮੰਤਰੀ ਨੂੰ ਮਿਲ ਕੇ ਦਰਖ਼ਾਸਤ ਕੀਤੀ ਕਿ ਉਨ੍ਹਾਂ ਦੇ ਰਾਜ ਦਾ ਬਕਾਇਆ ਜਾਰੀ ਕੀਤਾ ਜਾਵੇ।

ਇਸ ਮਿਲਣੀ ਮਗਰੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਿਲਣ ਮਗਰੋਂ ਖ਼ੁਸ਼ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸੀਤਾਰਮਨ ਨੇ ਫ਼ੰਡ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਇਸ ਲਈ ਛੇਤੀ ਹੀ ਪੰਜਾਬ ਦੀ ਬਕਾਇਆ ਰਾਸ਼ੀ ਜਾਰੀ ਹੋ ਜਾਏਗੀ।