ਨਵੇਂ ਵਰ੍ਹੇ ਵਿੱਚ ਬੇਰੁਜ਼ਗਾਰ ਨੌਜਵਾਨ ਵਜਾਉਣਗੇ ਕੈਪਟਨ ਦਾ ਦਿੱਤਾ ਝੁਣਝੁਣਾ !!!

Last Updated: Dec 04 2019 14:43
Reading time: 3 mins, 17 secs

ਸਿਆਸੀ ਲੋਕਾਂ ਨੂੰ ਪਤਾ ਹੈ ਕਿ ਕਿਸ ਸਮੇਂ ਜਨਤਾ ਨੂੰ ਕੀ ਦੇਣਾ ਹੈ ਸ਼ਾਇਦ ਇਸੇ ਕਰਕੇ ਹੀ ਸਿਆਸੀ ਪਾਰਟੀਆਂ ਦੇ ਆਗੂ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕਰ ਦਿੰਦੇ ਹਨ ਤੇ ਸੱਤਾ ਦਾ ਨਿੱਘ ਮਾਣਨ ਤੋਂ ਬਾਅਦ ਪਹਿਲੇ ਦੋ ਤਿੰਨ ਸਾਲ ਤਾਂ ਜਨਤਾ ਵੱਲ ਧਿਆਨ ਹੀ ਨਹੀਂ ਦਿੰਦੇ ਤੇ ਆਪਣੇ ਅਤੇ ਆਪਣੇ ਚਹੇਤਿਆਂ ਦੇ ਨਫ਼ੇ ਨੁਕਸਾਨ ਦੀ ਹੀ ਭਰਪਾਈ ਕਰਦੇ ਰਹਿੰਦੇ ਹਨ। ਪਹਿਲਾਂ ਜਿੱਥੇ ਪਿਛਲੀ ਅਕਾਲੀ ਸਰਕਾਰ ਤੇ ਅਜਿਹੇ ਇਲਜ਼ਾਮ ਲੱਗਦੇ ਰਹੇ ਸਨ ਕਿ ਉਹ ਪੰਜਾਬ ਨੂੰ ਲੁੱਟ ਕੇ ਖਾ ਗਏ ਹਨ ਤੇ ਆਪਣੇ ਹੀ ਢਿੱਡ ਭਰ ਰਹੇ ਹਨ ਜਿਸ ਕਰਕੇ ਲੋਕਾਂ ਨੇ ਬੜੇ ਹੀ ਚਾਆਂ ਨਾਲ ਕਾਂਗਰਸੀਆਂ ਨੂੰ ਸੱਤਾ ਦੀ ਚਾਬੀ ਦਿੱਤੀ ਸੀ ਪਰ ਇਸ ਸਰਕਾਰ ਦੇ ਮਹਿਜ਼ ਢਾਈ ਸਾਲਾਂ ਦੇ ਕਾਰਜਕਾਲ ਤੋਂ ਹੀ ਜਨਤਾ ਅੱਕ ਚੁੱਕੀ ਦਿਖਾਈ ਦੇ ਰਹੀ ਹੈ। ਅੱਜ ਜੇਕਰ ਵੇਖਿਆ ਜਾਵੇ ਤਾਂ ਆਮ ਜਨਤਾ ਤੋਂ ਇਲਾਕਾ ਕਿਸਾਨ ਵਰਗ, ਮੁਲਾਜ਼ਮ ਵਰਗ ਹਰ ਕੋਈ ਧਰਨੇ ਦੇਣ ਲਈ ਮਜਬੂਰ ਹੋਇਆ ਪਿਆ ਹੈ। ਇੱਕ ਵੱਡਾ ਵਰਗ ਨੌਜਵਾਨ ਜਿਸ ਨੇ ਸਰਕਾਰ ਬਣਾਉਣ ਵਿੱਚ ਯੋਗਦਾਨ ਵਧੇਰੇ ਕਰਕੇ ਪਾਇਆ ਸੀ ਨੂੰ ਹੁਣ ਅਗਲੇ ਵਰ੍ਹੇ ਕੈਪਟਨ ਸਾਹਿਬ ਝੁਣਝੁਣਾ ਦੇਣ ਜਾ ਰਹੇ ਹਨ ਜਿਸ ਨੂੰ ਉਹ ਪੂਰਾ ਸਾਲ ਵਜਾਉਂਦੇ ਰਹਿਣਗੇ ਤੇ ਸਰਕਾਰ ਦੇ ਗੁਣ ਗਾਉਂਦੇ ਰਹਿਣਗੇ ਜਿਸ ਤਰ੍ਹਾਂ ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਲਈ ਮਾਤਾ-ਪਿਤਾ ਝੁਣਝੁਣਾ ਫੜਾਉਂਦੇ ਹਨ ਇਸੇ ਤਰ੍ਹਾਂ ਹੀ ਹੁਣ ਸਰਕਾਰ ਆਪਣੇ ਬੇਰੁਜ਼ਗਾਰ ਬੱਚਿਆਂ ਨੂੰ ਇਹ ਦੇਣ ਜਾ ਰਹੀ ਹੈ।

ਨਹੀਂ ਮਿਲੀਆਂ ਘਰ ਘਰ ਨੌਕਰੀਆਂ

ਜੇਕਰ ਵੇਖਿਆ ਜਾਵੇ ਤਾਂ ਸਰਕਾਰ ਦੇ ਵਾਅਦੇ ਮੁਤਾਬਿਕ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਗਈ ਸੀ ਪਰ ਅਜੇ ਤੱਕ ਕਿਸੇ ਨੂੰ ਵੀ ਸਰਕਾਰੀ ਨੌਕਰੀਆਂ ਨਹੀਂ ਮਿਲੀਆਂ ਹਨ। ਇਸ ਤੋਂ ਇਲਾਵਾ ਉੱਚ ਡਿਗਰੀਆਂ ਕੀਤੀਆਂ ਨੌਜਵਾਨ ਬੇਰੁਜ਼ਗਾਰ ਸੜਕਾਂ ਦੀ ਮਿੱਟੀ ਫੱਕ ਰਹੇ ਹਨ ਪਰ ਸਰਕਾਰ ਦਾ ਧਿਆਨ ਇਸ ਪਾਸੇ ਨਹੀਂ ਜਾ ਰਿਹਾ ਹੈ। ਨਾ ਹੀ ਹੋਰ ਕਿਸਾਨਾਂ ਨਾਲ ਕੀਤੇ ਵਾਅਦੇ ਹੀ ਪੁਗਾਏ ਜਾ ਰਹੇ ਹਨ ਅਜਿਹੇ ਵਿੱਚ ਹੁਣ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਘੱਟੋ ਘੱਟ ਨੌਜਵਾਨ ਵਰਗ ਜੋ ਵਿਹਲਾ ਹੈ ਨੂੰ ਮੋਬਾਈਲ ਫ਼ੋਨ ਹੀ ਵੰਡ ਦਿੱਤੇ ਜਾਣ ਤੇ ਨਾਲ ਹੀ ਫ੍ਰੀ ਇੰਟਰਨੈਟ ਡਾਟਾ ਵੀ ਮੁਹੱਈਆ ਕਰਵਾ ਦਿੱਤਾ ਜਾਵੇਗਾ ਤਾਂ ਜੋ ਮੋਬਾਈਲ ਲੈਣ ਵਾਲੇ ਤਾਂ ਸਰਕਾਰ ਦੀ ਬਦਨਾਮੀ ਨਹੀਂ ਕਰਨਗੇ।

ਵਿੱਤ ਮਨਪ੍ਰੀਤ ਕਰ ਚੁੱਕੇ ਹਨ ਹੱਥ ਖੜੇ

ਮੁਫ਼ਤ ਦੀਆਂ ਸਹੂਲਤਾਂ ਦੇਣ ਲਈ ਪਹਿਲਾਂ ਤੋਂ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਹੱਥ ਖੜੇ ਕਰ ਚੁੱਕੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਸਰਕਾਰੀ ਖ਼ਜ਼ਾਨੇ ਦੀ ਹਾਲਤ ਬਹੁਤ ਜ਼ਿਆਦਾ ਪਤਲੀ ਹੋਈ ਪਈ ਹੈ ਤੇ ਇਸ ਵੇਲੇ ਸਰਕਾਰ ਕੋਲ ਤਾਂ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣ ਲਈ ਵੀ ਪੈਸੇ ਨਹੀਂ ਹਨ ਫੇਰ ਮੋਬਾਈਲ ਫ਼ੋਨ ਕਿੱਥੋਂ ਦਿੱਤੇ ਜਾ ਸਕਦੇ ਹਨ ਪਰ ਮੁੱਖ ਮੰਤਰੀ ਦੀ ਮਰਜ਼ੀ ਅੱਗੇ ਕੀ ਹੋ ਸਕਦਾ ਹੈ, ਚਲੋ ਜਿੱਥੇ ਇੰਨਾ ਕਰਜ਼ਾ ਪਹਿਲਾਂ ਹੀ ਸਰਕਾਰ ਦੇ ਸਿਰ ਤੇ ਹੈ ਤਾਂ ਫੇਰ 5-10 ਕਰੋੜ ਦੇ ਮੋਬਾਈਲ ਖ਼ਰਚਿਆਂ ਨਾਲ ਕੀ ਪਹਾੜ ਡਿੱਗਣ ਲੱਗਾ ਹੈ ਘੱਟੋ ਘੱਟ ਇੱਕ ਵੱਡਾ ਤਬਕਾ ਤਾਂ ਖੁਸ਼ ਹੋ ਜਾਵੇਗਾ ਨਾ।

ਬਾਜਵਾ ਨੇ ਕਿਹਾ ਸੀ ਨਹੀਂ ਦੇ ਸਕਦੇ ਘਰ ਘਰ ਨੌਕਰੀ

ਉਚੇਰੀ ਸਿੱਖਿਆ ਤੇ ਪੰਚਾਇਤ ਮੰਤਰੀ ਤ੍ਰਿਪਤਰਾਜਿੰਦਰ ਸਿੰਘ ਬਾਜਵਾ ਜੋ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਰਕਾਰ ਕੋਲ ਸਾਧਨ ਨਹੀਂ ਹਨ ਹਰੇਕ ਘਰ ਵਿੱਚ ਸਰਕਾਰੀ ਨੌਕਰੀ ਦੇਣ ਵਾਸਤੇ। ਬਾਜਵਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਘਰ ਘਰ ਰੋਜ਼ਗਾਰ ਦੇਣ ਦੀ ਗੱਲ ਕਹੀ ਸੀ ਨਾ ਕੇ ਸਰਕਾਰੀ ਨੌਕਰੀਆਂ ਦੇਣ ਦੀ। ਪਰ ਜੇਕਰ ਬਾਜਵਾ ਸਾਹਿਬ ਦੇ ਘਰ ਘਰ ਰੋਜ਼ਗਾਰ ਦੇਣ ਦੀ ਗੱਲ ਵੱਲ ਹੀ ਝਾਤ ਮਾਰ ਲਈਏ ਤਾਂ ਇਹ ਵੀ ਪੁੱਗਦੀ ਦਿਖਾਈ ਨਹੀਂ ਦਿੰਦੀ ਹੈ।

ਕੈਪਟਨ ਦਾ ਦਾਅਵਾ

ਓਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਤਾ ਨਹੀਂ ਕਿਹੜੀ ਕੈਲਕੂਲੇਸ਼ਨ ਕਰਦੇ ਹਨ ਤੇ ਕਹਿੰਦੇ ਰਹਿੰਦੇ ਹਨ ਕਿ ਜੋ ਵਾਅਦੇ ਸਾਡੇ ਵੱਲੋਂ ਕੀਤੇ ਗਏ ਸਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਤਾਂ ਅਸੀਂ ਪੂਰੇ ਕਰ ਦਿੱਤੇ ਹਨ ਤੇ ਰਹਿੰਦੇ ਵੀ ਕਰਕੇ ਹੀ ਛੱਡਾਂਗੇ। ਕੈਪਟਨ ਸਾਹਿਬ ਦਾ ਕਹਿਣਾ ਹੈ ਕਿ ਜੋ ਵਾਅਦੇ ਕੀਤੇ ਜਾਂਦੇ ਹਨ ਉਹ ਪੰਜ ਸਾਲਾਂ ਦੇ ਦੌਰਾਨ ਪੂਰੇ ਕਰਨੇ ਹੁੰਦੇ ਹਨ ਇਸ ਲਈ ਕਿਸੇ ਵੀ ਵਾਅਦੇ ਤੋਂ ਭੱਜਿਆ ਨਹੀਂ ਜਾਵੇਗਾ ਤੇ ਸਾਰੇ ਹੀ ਪੂਰੇ ਹੋਣਗੇ।

ਫ਼ਿਲਹਾਲ ਤਾਂ ਮੋਬਾਈਲ ਫ਼ੋਨ ਵਾਲਾ ਵਾਅਦਾ ਪੁਰਾ ਹੋਣ ਜਾ ਰਿਹਾ ਹੈ ਜਿਸ ਲਈ ਹੁਣ ਨੌਜਵਾਨ ਵਰਗ ਆਸ ਲਾਈ ਬੈਠੇ ਹੈ। ਅਗਲੇ ਵਰ੍ਹੇ 26 ਜਨਵਰੀ ਮੌਕੇ ਇਸ ਦੀ ਸ਼ੁਰੂਆਤ ਹੋਵੇਗੀ ਅਜਿਹਾ ਸੁਣਨ ਵਿੱਚ ਮਿਲ ਰਿਹਾ ਹੈ ਜਿਸ ਤੋਂ ਬਾਅਦ ਮੁਫ਼ਤ ਮੋਬਾਈਲ ਫ਼ੋਨ ਵਾਲਾ ਝੁਣਝੁਣਾ ਲੈ ਕੇ ਬੇਰੁਜ਼ਗਾਰ ਰੋਜ਼ ਵਜਾਇਆ ਕਰਨਗੇ ਜਿਸ ਵਿੱਚੋਂ ਜਨਤਾ ਨੂੰ ਕੁਝ ਵੀ ਹਾਸਲ ਹੋਣ ਵਾਲਾ ਦਿਖਾਈ ਨਹੀਂ ਦੇ ਰਿਹਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।