ਲੱਗਦੈ, ਪਾਕਿਸਤਾਨ ਦੀ ਸਥਿਤੀ 'ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ' ਵਾਲੀ ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 04 2019 12:27
Reading time: 1 min, 51 secs

ਪਾਕਿਸਤਾਨ ਕਰਤਾਰਪੁਰ ਸਾਹਿਬ ਕੋਰੀਡੋਰ ਮਾਮਲੇ 'ਚ ਦੁਨੀਆ ਸਾਹਮਣੇ ਅਤੇ ਸਿੱਖਾਂ ਦੇ ਦਿਲਾਂ 'ਚ ਇਸ ਗੱਲ ਨੂੰ ਲੈ ਕੇ ਜਗ੍ਹਾ ਬਣਾਉਣ 'ਚ ਕਾਮਯਾਬ ਰਿਹਾ ਹੈ ਕਿ ਉਹ ਸਿੱਖਾਂ ਦਾ ਹਮਦਰਦ ਮੁਲਕ ਹੈ ਅਤੇ ਆਪਣੇ ਗੁਆਂਡੀ ਮੁਲਕ ਨਾਲ ਤਾਲੁਕਾਤ ਸੁਖਾਲਾ ਕਰਨ ਲਈ ਪਹਿਲਕਦਮੀ ਕੀਤੀ ਹੈ। ਬੇਸ਼ੱਕ ਪਾਕਿਸਤਾਨ ਦਾ ਅਸਲ ਚਿਹਰਾ ਦੁਨੀਆ ਅਤੇ ਖ਼ਾਸਕਰ ਭਾਰਤ ਦੇ ਲੋਕਾਂ ਨੂੰ ਪਤਾ ਹੈ ਅਤੇ ਇਸਦੇ ਵੱਲੋਂ ਭਾਰਤ ਅਤੇ ਇੱਥੋਂ ਦੇ ਭਾਈਚਾਰਕ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਚਲੀਆਂ ਜਾਂਦੀਆਂ ਚਾਲਾਂ ਲੁੱਕੀਆਂ ਨਹੀਂ ਹਨ, ਅਤੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਦੁਨੀਆ ਸਾਹਮਣੇ ਪਾਕਿਸਤਾਨ ਦੇ ਮੱਥੇ 'ਤੇ ਲੱਗੇ ਅੱਤਵਾਦ ਨੂੰ ਬੜ੍ਹਾਵਾ ਦੇਣ ਵਾਲੇ ਮੁਲਕ ਦੇ ਕਲੰਕ ਨੂੰ ਧੋਣ 'ਚ ਕਾਮਯਾਬ ਨਹੀਂ ਹੋਏ ਅਤੇ ਹਰ ਕੋਸ਼ਿਸ਼ ਨਾਕਾਮਯਾਬ ਰਹੀ ਹੈ।

ਜੇਕਰ ਗੱਲ ਕਰਤਾਰਪੁਰ ਕੋਰੀਡੋਰ ਦੀ ਕੀਤੀ ਜਾਵੇ ਤਾਂ ਪਾਕਿਸਤਾਨ ਨੇ ਇਸਦੇ ਲਈ ਜਿਸ ਤਰ੍ਹਾਂ ਦੀ ਦਿਲਚਸਪੀ ਵਿਖਾਈ ਉਸ ਨੂੰ ਵੇਖ ਕੇ ਭਾਰਤ ਅਤੇ ਦੁਨੀਆ ਦੇ ਬਾਕੀ ਮੁਲਕਾਂ ਨੂੰ ਹੈਰਾਨੀ ਹੋਈ ਅਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਹਨ। ਸੂਬਾ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪਾਕਿਸਤਾਨ 'ਤੇ ਇਲਜ਼ਾਮ ਲਾਇਆ ਹੈ ਕਿ ਕੋਰੀਡੋਰ 'ਚ ਇਮਰਾਨ ਖ਼ਾਨ ਵੱਲੋਂ ਵਿਖਾਈ ਗਈ ਦਿਲਚਸਪੀ ਪਿੱਛੇ ਸਾਜ਼ਿਸ਼ ਦੀ ਬੂ ਆ ਰਹੀ ਹੈ। ਇਸਦੇ ਨਾਲ ਹੀ ਕਈ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਪਾਕਿਸਤਾਨ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਕੋਰੀਡੋਰ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਤੋਂ ਵਸੂਲੀ ਜਾਣ ਵਾਲੀ ਫ਼ੀਸ ਵਸੂਲ ਕਰ ਰਿਹਾ ਹੈ।

ਹੁਣ ਪਾਕਿਸਤਾਨ ਦੇ ਸਿਆਸੀ ਤੇ ਧਾਰਮਿਕ ਸੰਗਠਨ ਤਹਿਰੀਕ-ਏ-ਲਬਬੈਕ ਪਾਕਿਸਤਾਨ ਦੇ ਸੰਸਥਾਪਕ ਮੌਲਵੀ ਖ਼ਾਦਿਮ ਰਿਜਵੀ ਦਾ ਇੱਕ ਵੀਡੀਓ ਬੇਹੱਦ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸਿੱਖਾਂ ਅਤੇ ਬਾਕੀ ਸ਼ਰਧਾਲੂਆਂ ਨੂੰ ਪਾਕਿਸਤਾਨ ਨਾ ਆਉਣ ਦੀ ਧਮਕੀ ਦੇ ਰਹੇ ਰਹੇ ਹਨ। ਸਿੱਖਾਂ ਅਤੇ ਬਾਕੀ ਧਾਰਮਿਕ ਸ਼ਰਧਾਲੂਆਂ ਵੱਲੋਂ ਮੌਲਵੀ ਵੱਲੋਂ ਇਸ ਤਰ੍ਹਾਂ ਦੀ ਭਾਸ਼ਾ ਦਾ ਪ੍ਰਯੋਗ ਦੋਵਾਂ ਦੇਸ਼ਾਂ ਵਿਚਕਾਰ ਹੋਰ ਕੂੜਤਨ ਪੈਦਾ ਕਰਨ ਵਾਲਾ ਹੈ ਅਜਿਹੇ 'ਚ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਨੂੰ ਇਹ ਸਪਸ਼ਟ ਕਰਨਾ ਹੋਵੇਗਾ ਕਿ ਆਖ਼ਰ ਕਦੇ ਉਨ੍ਹਾਂ ਦੀ ਵਜ਼ਾਰਤ ਦੇ ਮੰਤਰੀ, ਫ਼ੌਜ ਦੇ ਅਫਸਰ ਅਤੇ ਸੰਗਠਨਾਂ ਦੇ ਆਗੂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਹਨ ਤਾਂ ਕਿ ਉਨ੍ਹਾਂ ਵੱਲੋਂ ਉਨ੍ਹਾਂ ਨੂੰ ਰੋਕਣ ਲਈ ਕਿਉਂ ਕਦਮ ਨਹੀਂ ਚੁੱਕੇ ਜਾਂਦੇ ਜਾਂ ਫਿਰ ਪਾਕਿਸਤਾਨ ਉਸ ਕਹਾਵਤ ਨੂੰ ਸੱਚ ਸਾਬਤ ਕਰ ਰਿਹਾ ਹੈ ਕਿ ਹੱਥੀ ਦੇ ਦੰਦ ਖਾਣ ਦੇ ਹੋਰ 'ਤੇ ਵਿਖਾਉਣ ਦੇ ਹੋਰ ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।