ਵਿਜੀਲੈਂਸ ਹੱਥੇ ਚੜ੍ਹਿਆ ਰਿਸ਼ਵਤ ਲੈਂਦਾ ਪੰਜਾਬ ਪੁਲਿਸ ਦਾ ਏਐਸਆਈ !!!

Last Updated: Dec 03 2019 17:14
Reading time: 2 mins, 1 sec

ਪੰਜਾਬ ਦੇ ਅੰਦਰ ਰਿਸ਼ਵਤਖ਼ੋਰੀ ਇਸ ਕਦਰ ਵੱਧ ਚੁੱਕੀ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਲਗਾਤਾਰ ਵੱਧ ਰਹੇ ਰਿਸ਼ਵਤਖ਼ੋਰੀ ਦੇ ਕੇਸਾਂ ਨੇ ਪੰਜਾਬ ਦੇ ਸਰਕਾਰੀ ਤੰਤਰ 'ਤੇ ਇੱਕ ਵਾਰ ਫਿਰ ਤੋਂ ਸਵਾਲ ਖੜੇ ਕਰ ਦਿੱਤੇ ਹਨ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਰਿਸ਼ਵਤ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਰਿਸ਼ਵਤਖ਼ੋਰੀ ਵਿਰੁੱਧ ਇੱਕ ਅਹਿਮ ਮੁਹਿੰਮ ਵਿੱਢੀ ਹੋਈ ਹੈ, ਜਿਸ ਦੇ ਚੱਲਦਿਆਂ ਹੋਇਆ ਵਿਜੀਲੈਂਸ ਬਿਉਰੋ ਫ਼ਿਰੋਜ਼ਪੁਰ ਟੀਮ ਦੇ ਵੱਲੋਂ ਇੱਕ ਪੰਜਾਬ ਪੁਲਿਸ ਦੇ ਏਐਸਆਈ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਏਐਸਆਈ ਦੇ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ।

ਵਧੇਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਸੀਨੀਅਰ ਪੁਲਿਸ ਅਫ਼ਸਰ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਦਿਨੀਂ ਸਤਨਾਮ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਕਰਮੂਵਾਲਾ ਨੇ ਆਪਣੇ ਕਲਮਬੱਧ ਕਰਵਾਏ ਬਿਆਨ ਵਿੱਚ ਦੱਸਿਆ ਸੀ ਕਿ ਉਸ ਵੱਲੋਂ ਗੁਲਾਬ ਸਿੰਘ ਵਾਸੀ ਫ਼ਿਰੋਜ਼ਪੁਰ ਦੇ ਖ਼ਿਲਾਫ਼ ਇੱਕ ਦਰਖਾਸਤ ਦਫ਼ਤਰ ਐਸਐਸਪੀ ਫ਼ਿਰੋਜ਼ਪੁਰ ਨੂੰ ਦਿੱਤੀ ਸੀ, ਜੋ ਐਸਐਸਪੀ ਫ਼ਿਰੋਜ਼ਪੁਰ ਵੱਲੋਂ ਮੁੱਖ ਅਫਸਰ ਥਾਣਾ ਘੱਲਖੁਰਦ ਨੂੰ ਅਗਲੇਰੀ ਕਾਰਵਾਈ ਭੇਜੀ ਗਈ ਸੀ। ਮੁੱਖ ਅਫਸਰ ਥਾਣਾ ਵੱਲੋਂ ਕਾਰਵਾਈ ਕਰਨ ਲਈ ਏਐਸਆਈ ਮਲਕੀਤ ਸਿੰਘ ਥਾਣਾ ਘੱਲਖੁਰਦ ਦੀ ਡਿਊਟੀ ਲਗਾ ਦਿੱਤੀ ਗਈ।

ਉਕਤ ਦਰਖਾਸਤ ਦੀ ਪੜਤਾਲ ਦੇ ਸਬੰਧ ਵਿੱਚ ਏਐਸਆਈ ਮਲਕੀਤ ਸਿੰਘ ਵੱਲੋਂ 15 ਅਕਤੂਬਰ 2019 ਨੂੰ ਥਾਣੇ ਵਿਖੇ ਸਤਨਾਮ ਸਿੰਘ ਨੂੰ ਬੁਲਾ ਕੇ ਉਸ ਦੇ ਬਿਆਨ ਕਲਮਬੱਧ ਕੀਤੇ ਗਏ ਸੀ, ਪਰ ਬਾਅਦ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀਆਂ ਵੱਲੋਂ ਸਤਨਾਮ ਸਿੰਘ ਦਾ ਅਤੇ ਗੁਲਾਬ ਸਿੰਘ ਦਾ ਉਕਤ ਦਰਖਾਸਤ ਦੇ ਸਬੰਧ ਵਿੱਚ ਰਾਜ਼ੀਨਾਮਾ ਕਰਵਾ ਦਿੱਤਾ ਸੀ, ਜਿਸ ਸਬੰਧੀ 2 ਦਸੰਬਰ 2019 ਨੂੰ ਉਸ ਵੱਲੋਂ ਰਾਜ਼ੀਨਾਮੇ ਸਬੰਧੀ ਬਿਆਨ ਕਲਮਬੱਧ ਕਰਵਾਉਣ ਲਈ ਏਐਸਆਈ ਮਲਕੀਤ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਇਸੇ ਦੌਰਾਨ ਏਐਸਆਈ ਮਲਕੀਤ ਸਿੰਘ ਨੇ ਸਤਨਾਮ ਸਿੰਘ ਕੋਲੋਂ ਰਾਜ਼ੀਨਾਮੇ ਦਾ ਬਿਆਨ ਲਿਖਣ ਅਤੇ ਰਿਪੋਰਟ ਐਸਐਸਪੀ ਫ਼ਿਰੋਜ਼ਪੁਰ ਨੂੰ ਭੇਜਣ ਬਦਲੇ 5 ਹਜ਼ਾਰ ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ। ਸਤਨਾਮ ਸਿੰਘ ਵੱਲੋਂ ਮਿੰਨਤ ਤਰਲਾ ਕਰਨ 'ਤੇ ਏਐਸਆਈ ਮਲਕੀਤ ਸਿੰਘ ਉਕਤ 3000 ਰੁਪਏ ਰਿਸ਼ਵਤ ਲੈਣ ਲਈ ਰਾਜ਼ੀ ਹੋ ਗਿਆ।

ਵਿਜੀਲੈਂਸ ਨੇ ਦੱਸਿਆ ਕਿ ਸਤਨਾਮ ਸਿੰਘ ਵੱਲੋਂ ਕਲਮਬੱਧ ਕਰਵਾਏ ਬਿਆਨਾਂ ਤੋਂ ਬਾਅਦ ਜਦੋਂ ਅੱਜ ਸਤਨਾਮ ਸਿੰਘ ਏਐਸਆਈ ਮਲਕੀਤ ਸਿੰਘ ਨੂੰ ਰਿਸ਼ਵਤ ਦੇਣ ਗਿਆ ਤਾਂ, ਮੌਕੇ 'ਤੇ ਪਹੁੰਚੀ ਵਿਜੀਲੈਂਸ ਟੀਮ ਨੇ 3 ਹਜ਼ਾਰ ਰੁਪਏ ਰਿਸ਼ਵਤ ਹਾਸਲ ਕਰਦੇ ਨੂੰ ਸਰਕਾਰੀ ਗਵਾਹ ਡਾਕਟਰ ਅਮਨਦੀਪ ਸਿੰਘ ਵੈਟਨਰੀ ਅਫਸਰ ਪਸ਼ੂ ਹਸਪਤਾਲ ਪਿੰਡ ਟਿੱਬੀ ਖੁਰਦ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਡਾਕਟਰ ਅਭਿਜੀਤ ਸਿੰਘ ਮੈਡੀਕਲ ਅਫਸਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੀ ਹਾਜ਼ਰੀ ਵਿੱਚ ਏਐਸਆਈ ਮਲਕੀਤ ਸਿੰਘ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਸਤਨਾਮ ਵੱਲੋਂ ਦਿੱਤੇ ਗਏ ਬਿਆਨ ਦੇ ਆਧਾਰ 'ਤੇ ਏਐਸਆਈ ਮਲਕੀਤ ਸਿੰਘ ਵਿਰੁੱਧ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।