ਦਸੰਬਰ ਮਹੀਨੇ ਦੌਰਾਨ ਖੇਤੀ ਰੁਝੇਵਿਆਂ ਬਾਰੇ ਖੇਤੀ ਮਾਹਿਰਾਂ ਨੇ ਦਿੱਤੀ ਕਿਸਾਨਾਂ ਨੂੰ ਸਲਾਹ

Last Updated: Dec 03 2019 13:54
Reading time: 1 min, 46 secs

ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਜਾਰੀ ਕੀਤੀ ਹੈ ਕਿ ਦਸੰਬਰ ਮਹੀਨੇ ਦੌਰਾਨ ਤੋਰੀਏ ਦੀ ਸਹੀ ਸੰਭਾਲ ਲਈ ਫਸਲ ਦੀ ਕਟਾਈ ਖ਼ਤਮ ਕਰ ਲੈਣੀ ਚਾਹੀਦੀ ਹੈ। ਬਲਾਕ ਸ੍ਰੀ ਹਰਗੋਬਿੰਦਪੁਰ ਦੇ ਖੇਤੀਬਾੜੀ ਵਿਕਾਸ ਅਧਿਕਾਰੀ ਪਰਮਬੀਰ ਸਿੰਘ ਕਾਹਲੋਂ ਨੇ ਕਿਹਾ ਕਿ ਜੇਕਰ ਸਰੋਂ ਅਤੇ ਰਾਇਆ 'ਤੇ ਤੇਲਾ ਨੁਕਸਾਨ ਕਰਨ ਦੀ ਸਮਰਥਾ 'ਤੇ ਪਹੁੰਚ ਜਾਂਦਾ ਹੈ ਤਾਂ ਫ਼ਸਲ ਨੂੰ 40 ਗ੍ਰਾਮ ਐਕਟਾਰਾ 25 ਤਾਕਤ (ਥਾਇਆਮੈਥੋਕਸਮ) ਜਾਂ 400 ਮਿਲੀਲਿਟਰ ਰੋਗਰ 30 ਤਾਕਤ (ਡਾਈਮੈਥੋਏਟ) ਜਾਂ 600 ਮਿਲੀਲਿਟਰ ਡਰਸਬਾਨ 20 ਤਾਕਤ (ਕਲੋਰੋਪਾਈਰੀਫਾਸ) ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਛੋਲਿਆਂ ਅਤੇ ਮਸਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਨ ਦੇ ਦਿਨ ਹਨ। ਸਮੇਂ ਸਿਰ ਬੀਜੀ ਛੋਲਿਆਂ ਦੀ ਫ਼ਸਲ ਨੂੰ ਅੱਧ ਦਸੰਬਰ ਦੇ ਆਸ-ਪਾਸ ਪਾਣੀ ਦੇ ਦੇਣਾ ਚਾਹੀਦਾ ਹੈ ਜਦਕਿ ਮਸਰਾਂ ਨੂੰ ਬਿਜਾਈ ਦੇ ਇੱਕ ਮਹੀਨਾ ਬਾਅਦ ਪਾਣੀ ਦੇਣਾ ਚਾਹੀਦਾ ਹੈ। ਖੇਤੀਬਾੜੀ ਅਧਿਕਾਰੀ ਪਰਮਬੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਕਮਾਦ ਦੀ ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਅੱਧ ਦਸੰਬਰ ਤੱਕ ਪਾਣੀ ਦੇ ਦੇਣਾ ਚਾਹੀਦਾ ਹੈ।

ਕਿਸਾਨ ਅਗੇਤੀਆਂ ਕਿਸਮਾਂ ਨੂੰ ਪੀੜਨ ਅਤੇ ਕਟਾਈ (ਮਿੱਲਾਂ ਵਿੱਚ ਭੇਜਣ ਲਈ) ਸ਼ੁਰੂ ਕਰ ਦੇਣ। ਕਟਾਈ ਖ਼ਤਮ ਹੁੰਦਿਆਂ ਸਾਰ ਹੀ ਖੇਤ ਵਿੱਚੋਂ ਖੋਰੀ ਇਕੱਠੀ ਕਰਕੇ ਖੇਤ ਨੂੰ ਪਾਣੀ ਦੇ ਦਿਓ। ਮੁੱਢਾਂ ਨੂੰ ਗੰਨੇ ਦੀ ਖੋਰੀ ਨਾਲ ਨਾ ਢੱਕੋ। ਉਨ੍ਹਾਂ ਕਿਹਾ ਕਿ ਹਰੇ ਚਾਰੇ ਦੀ ਘਾਟ ਨੂੰ ਪੂਰਾ ਕਰਨ ਲਈ ਅਗੇਤੀ ਬੀਜੀ ਜਵੀ ਕੱਟੀ ਜਾ ਸਕਦੀ ਹੈ। ਜੇਕਰ ਖੇਤ ਵਿੱਚ ਬੂਈਂ (ਪੋਆ ਘਾਹ) ਬਹੁਤ ਹੋਵੇ ਤਾਂ ਜਵੀ ਦੀਆਂ ਦੋ ਕਟਾਈਆਂ ਨਾ ਲਵੋ। ਹਰੇ ਚਾਰੇ ਦੀ ਘਾਟ ਵਾਲੇ ਸਮੇਂ ਹਰਾ ਚਾਰਾ ਪ੍ਰਾਪਤ ਕਰਨ ਲਈ ਲੂਸਣ ਦੀ ਕਟਾਈ ਲਈ ਜਾ ਸਕਦੀ ਹੈ। ਝੋਨੇ ਵਾਲੇ ਫਸਲੀ ਚੱਕਰ ਵਿੱਚ ਰੇਤਲੀਆਂ ਜ਼ਮੀਨਾਂ ਵਿੱਚ ਬੀਜੀ ਬਰਸੀਮ ਦੀ ਫਸਲ ਤੇ ਮੈਗਨੀਜ਼ ਦੀ ਘਾਟ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਘਾਟ ਕਾਰਨ ਵਿਚਕਾਰਲੇ ਤਣੇ ਦੇ ਪੱਤਿਆਂ ਉਪਰ ਭੂਰੇ ਗੁਲਾਬੀ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਬਾਅਦ ਵਿੱਚ ਸੁੱਕ ਕੇ ਝੜ ਜਾਂਦੇ ਹਨ ਅਤੇ ਪੱਤਾ ਛਾਨਣੀ-2 ਹੋ ਜਾਂਦਾ ਹੈ। ਘਾਟ ਠੀਕ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿੱਲੋ ਮੈਗਨੀਜ਼ ਸਲਫੇਟ 200 ਲੀਟਰ ਪਾਣੀ ਪ੍ਰਤੀ ਏਕੜ) ਦੇ ਛਿੜਕਾਅ ਫਸਲ ਕਟਣ ਉਪਰੰਤ ਦੋ ਹਫਤੇ ਦੇ ਨਵੇਂ ਫੁਟਾਰੇ ਤੇ ਕਰੋ ਅਤੇ ਹਫਤੇ-ਹਫਤੇ ਬਾਅਦ 2-3 ਛਿੜਕਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਰਸੀਮ ਵਿੱਚ ਤਣਾਂ ਗਲਣ ਦਾ ਰੋਗ ਹੋਵੇ ਤਾਂ ਫਸਲ ਕੱਟਣ ਪਿੱਛੋਂ ਖੇਤ ਨੂੰ ਧੁੱਪ ਲੱਗਣ ਦਿਓ।