ਕੀ ਸੁੱਖੀ ਸਾਂਦੀ ਨੇਪਰੇ ਚੜ ਸਕੇਗਾ ਵਿਸ਼ਵ ਕਬੱਡੀ ਕੱਪ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 03 2019 12:59
Reading time: 2 mins, 17 secs

ਕੈਪਟਨ ਸਰਕਾਰ ਵੱਲੋਂ ਬਾਦਲਾਂ ਦੀ ਤਰਜ਼ 'ਤੇ ਪੰਜਾਬ ਦੇ ਅੰਦਰ ਵਿਸ਼ਵ ਕਬੱਡੀ ਕੱਪ ਦੀ ਸ਼ੁਰੂਆਤ 1 ਦਸੰਬਰ ਤੋਂ ਕੀਤੀ ਗਈ ਹੈ। ਦੱਸ ਦਈਏ ਕਿ 1 ਦਸੰਬਰ ਨੂੰ ਕਬੱਡੀ ਕੱਪ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਤੋਂ ਕੀਤੀ ਗਈ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਵੱਲੋਂ ਪਿਛਲੇ ਦਿਨੀਂ ਬਿਆਨ ਜਾਰੀ ਕੀਤਾ ਗਿਆ ਸੀ ਕਿ ਇਹ ਵਿਸ਼ਵ ਕਬੱਡੀ ਕੱਪ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹੋ ਰਿਹਾ ਹੈ ਅਤੇ ਇਸ ਕਬੱਡੀ ਕੱਪ ਦੇ ਵਿੱਚ ਕਈ ਦੇਸ਼ਾਂ ਤੋਂ ਟੀਮਾਂ ਪੰਜਾਬ ਆ ਰਹੀਆਂ ਹਨ।

ਬੇਸ਼ੱਕ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਇਹ ਵਿਸ਼ਵ ਕਬੱਡੀ ਕੱਪ ਬਾਦਲਾਂ ਦੀ ਤਰ੍ਹਾਂ ਵਿਵਾਦਾਂ ਦੇ ਘੇਰੇ ਵਿੱਚ ਨਹੀਂ ਆਵੇਗਾ ਅਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਨੇਪਰੇ ਚੜ੍ਹੇਗਾ, ਪਰ ਦੋਸਤੋ ਜਿਸ ਹਿਸਾਬ ਦੇ ਨਾਲ 1 ਦਸੰਬਰ ਨੂੰ ਜੋ ਸੁਲਤਾਨਪੁਰ ਲੋਧੀ ਵਿਖੇ ਹੋਏ ਕਬੱਡੀ ਮੈਚਾਂ ਦੇ ਦੌਰਾਨ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ, ਉਸ ਤੋਂ ਸਾਬਤ ਪਤਾ ਲੱਗਦਾ ਹੈ ਕਿ ਇਹ ਵਿਸ਼ਵ ਕਬੱਡੀ ਕੱਪ ਵੀ ਬਾਦਲਾਂ ਦੇ ਵਾਂਗੂ ਕਿਸੇ ਵੀ ਵਿਵਾਦ ਤੋਂ ਪਿੱਛੇ ਨਹੀਂ ਹਟੇਗਾ ਅਤੇ ਵਿਵਾਦਾਂ ਵਿੱਚ ਆ ਕੇ ਹੀ ਸਾਹ ਲਵੇਗਾ।

ਦੱਸ ਦਈਏ ਕਿ ਸੁਲਤਾਨਪੁਰ ਲੋਧੀ ਵਿੱਚ ਮੈਚ ਹੋਣ ਤੋਂ ਪਹਿਲੋਂ ਖੇਡ ਮੰਤਰੀ ਵੱਲੋਂ ਕੀਤੀ ਗਈ ਪ੍ਰੈਸ ਕਾਨਫ਼ਰੰਸ ਦੇ ਦੌਰਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਟੇਜ ਦੇ ਮੂਹਰੇ ਹੀ ਬਾਬੇ ਨਾਨਕ ਦੀ ਤਸਵੀਰ ਕੋਲ ਕੁਝ ਲੋਕ ਮੀਟ ਖਾ ਰਹੇ ਹਨ ਅਤੇ ਖੇਡ ਮੰਤਰੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੇ ਹਨ। ਵੀਡੀਓ ਵਾਇਰਲ ਕਰਨ ਵਾਲਿਆਂ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੈਚ ਸ਼ੁਰੂ ਹੋਣ ਤੋਂ ਪਹਿਲੋਂ ਦੀ ਹੈ, ਪਰ ਨਿਊਜ਼ਨੰਬਰ ਇਸ ਦੀ ਪੁਸ਼ਟੀ ਨਹੀਂ ਕਰਦਾ। ਪਰ ਜੇਕਰ ਇਹ ਵੀਡੀਓ ਵਾਕਿਆ ਹੀ ਸੱਚੀ ਦੀ ਹੈ ਤਾਂ, ਇਹ ਘਟਨਾ ਬਹੁਤ ਮਾੜੀ ਹੈ।

ਬਾਬੇ ਨਾਨਕ ਦੇ ਵਿਚਾਰਾਂ ਤੋਂ ਉਲਟ ਚੱਲ ਕੇ ਕਬੱਡੀ ਮੈਚਾਂ ਦੇ ਦੌਰਾਨ ਮੀਟ ਦੇ ਲੰਗਰ ਚੱਲ ਰਹੇ ਹਨ, ਜੋ ਕਿ ਸਾਡੇ ਸਾਰਿਆਂ ਦੇ ਮਨਾ ਨੂੰ ਠੇਸ ਪਹੁੰਚਾ ਰਹੇ ਹਨ। ਦੱਸ ਦਈਏ ਕਿ ਵਾਇਰਲ ਵੀਡੀਓ ਵਿੱਚ ਬੇਸ਼ੱਕ ਮੀਟ ਵੀ ਸਾਫ਼ ਵਿਖਾਈ ਦੇ ਰਿਹਾ ਹੈ, ਪਰ ਹੁਣ ਤੱਕ ਇਸ ਘਟਨਾ 'ਤੇ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਹੋਣ ਦੀ ਗੱਲ ਸਾਹਮਣੇ ਨਹੀਂ ਆਈ। ਦੱਸ ਦਈਏ ਕਿ ਸਿੱਖ ਭਾਈਚਾਰੇ ਵਿੱਚ ਇਸ ਗੱਲ ਦਾ ਰੋਸ ਵੇਖਣ ਨੂੰ ਮਿਲ ਰਿਹਾ ਹੈ ਕਿ ਕਾਂਗਰਸ ਸਰਕਾਰ ਦੇ ਵੱਲੋਂ ਬਾਬੇ ਨਾਨਕ ਦੇ ਪ੍ਰਕਾਸ਼ ਪੂਰਬ ਨੂੰ ਮੁਹਰਾ ਬਣਾ ਕੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।

ਪਰ ਇਨ੍ਹਾਂ ਕਬੱਡੀ ਕੱਪਾਂ ਦੇ ਵਿੱਚ ਮੀਟ ਵਰਤਾਏ ਜਾ ਰਹੇ ਹਨ, ਉਹ ਵੀ ਬਾਬੇ ਨਾਨਕ ਦੀ ਫ਼ੋਟੋ ਦੇ ਕੋਲ। ਦੱਸ ਦਈਏ ਕਿ ਭਲਕੇ 4 ਦਸੰਬਰ ਨੂੰ ਗੁਰੂ ਰਾਮਦਾਸ ਸਟੇਡੀਅਮ ਗੁਰੂਹਰਸਹਾਏ ਵਿਖੇ ਕਬੱਡੀ ਦੀਆਂ ਛੇ ਟੀਮਾਂ ਪਹੁੰਚ ਰਹੀਆਂ ਹਨ, ਇਨ੍ਹਾਂ ਦੇ ਵਿੱਚ ਵਿਚਕਾਰ ਤਿੰਨ ਮੁਕਾਬਲੇ ਹੋਣ ਜਾ ਰਹੇ ਹਨ। ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਜੇਕਰ ਗੁਰੂਹਰਸਹਾਏ ਵਿਖੇ ਵੀ ਲੀਡਰਾਂ ਨੇ ਸੁਲਤਾਨਪੁਰ ਲੋਧੀ ਵਰਗੀ ਕੋਈ ਕਰਤੂਤ ਕੀਤੀ ਤਾਂ, ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ ਜਾਵੇਗਾ ਅਤੇ ਉਕਤ ਲੀਡਰਾਂ ਦਾ ਬਾਈਕਾਟ ਕੀਤਾ ਜਾਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।