ਪ੍ਰਦੂਸ਼ਿਤ ਸਤਲੁਜ ਦਰਿਆ 'ਚ ਹੋਇਆ ਬਾਬੇ ਨਾਨਕ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਲਾਈਟ ਅਤੇ ਸਾਊਂਡ ਸ਼ੋਅ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 03 2019 12:47
Reading time: 2 mins, 58 secs

ਪੰਜਾਬ ਦੇ ਦਰਿਆਵਾਂ ਦੇ ਪਾਣੀ ਹੁਣ ਪੀਣਯੋਗ ਨਹੀਂ ਰਹੇ, ਇਹ ਗੱਲ ਸਰਕਾਰ ਵੀ ਮੰਨਦੀ ਹੈ। ਪਰ ਪਤਾ ਨਹੀਂ ਸਰਕਾਰ ਫਿਰ ਵੀ ਕਿਵੇਂ ਦਰਿਆਵਾਂ ਦੇ ਵਿੱਚ ਹੀ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਧਿਆਤਮਿਕ ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਕਰਵਾ ਦਿੰਦੀ ਹੈ। ਦੱਸ ਦਈਏ ਕਿ ਸਤਲੁਜ ਦਰਿਆ ਦਾ ਪਾਣੀ ਇਸ ਵੇਲੇ ਕਾਫ਼ੀ ਜ਼ਿਆਦਾ ਪ੍ਰਦੂਸ਼ਿਤ ਹੋਇਆ ਪਿਆ ਹੈ, ਕਿਉਂਕਿ ਸਤਲੁਜ ਦਰਿਆ ਦੇ ਵਿੱਚ ਗੈਰ ਕਾਨੂੰਨੀ ਕਈ ਕਾਰੋਬਾਰ ਚੱਲ ਰਹੇ ਹਨ, ਜਿਨ੍ਹਾਂ ਦੇ ਬਾਰੇ ਵਿੱਚ ਪ੍ਰਸ਼ਾਸਨ ਫਿਰੋਜ਼ਪੁਰ ਪੂਰੀ ਤਰ੍ਹਾਂ ਵਾਕਿਫ਼ ਹੈ।

ਦੱਸ ਦਈਏ ਕਿ ਲੰਘੇ ਦਿਨੀਂ ਫਿਰੋਜ਼ਪੁਰ ਪ੍ਰਸ਼ਾਸਨ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਆਧਿਆਤਮਿਕ ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਹੁਸੈਨੀਵਾਲਾ ਵਿਖੇ ਦਰਿਆ ਸਤਲੁਜ ਦੇ ਕੰਢੇ 'ਤੇ ਕਰਵਾਇਆ ਗਿਆ। ਦਰਿਆ ਦੇ ਵਿਚਕਾਰ ਹੀ ਗੁਰੂ ਸਾਹਿਬ ਜੀ ਦੇ ਸਰੂਪ ਸੁਸ਼ੋਭਿਤ ਕੀਤੇ ਗਏ। ਬੇਸ਼ੱਕ ਇਸ ਆਧਿਆਤਮਿਕ ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਵੀ ਹੋਇਆ।

ਪਰ ਸਵਾਲ ਉਠਦਾ ਹੈ ਕਿ ਇਹ ਉਹ ਹੀ ਸਤਲੁਜ ਦਰਿਆ ਹੈ, ਜਿਸਦੇ ਵਿੱਚੋਂ ਵੱਡੀ ਮਾਤਰਾ ਵਿੱਚ ਸ਼ਰਾਬ ਕੱਢੀ ਜਾਂਦੀ ਹੈ ਅਤੇ ਪੁਲਿਸ ਉਸ ਨੂੰ ਬਰਾਮਦ ਵੀ ਕਰਦੀ ਹੈ। ਇਸ ਗੱਲ ਦੇ ਬਾਰੇ ਵਿੱਚ ਫਿਰੋਜ਼ਪੁਰ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਜਾਣਦਾ ਹੈ, ਪਰ ਫਿਰ ਵੀ ਪ੍ਰਦੂਸ਼ਿਤ ਸਤਲੁਜ ਦਰਿਆ ਦੇ ਵਿੱਚ ਬਾਬੇ ਨਾਨਕ ਦੇ ਸਰੂਪ ਨੂੰ ਰੱਖ ਕੇ ਅਤੇ ਪਾਲਕੀ ਟਾਈਪ ਬਣਾ ਕੇ ਸਤਲੁਜ ਦਰਿਆ ਦੇ ਵਿੱਚ ਰੱਖਿਆ ਗਿਆ, ਜਿਸ ਨੂੰ ਲੋਕਾਂ ਨੇ ਵੇਖਿਆ। ਦੱਸ ਦਈਏ ਕਿ ਜਿਸ ਜਗ੍ਹਾ 'ਤੇ ਇਹ ਪ੍ਰੋਗਰਾਮ ਹੋਇਆ ਸੀ।

ਉਸ ਜਗ੍ਹਾ ਤੋਂ ਚੰਦ ਕਦਮ ਦੂਰੀ 'ਤੇ ਹੀ ਪਿਛਲੇ ਕੁਝ ਸਮਾਂ ਪਹਿਲੋਂ ਸ਼ਰਾਬ ਦਾ ਜ਼ਖੀਰਾ ਬਰਾਮਦ ਹੋਇਆ ਸੀ। ਸਤਲੁਜ ਦਰਿਆ ਦੇ ਵਿੱਚ ਪਾਕਿਸਤਾਨ ਵਿੱਚ ਸਥਿਤ ਕਸੂਰ ਦਾ ਪਾਣੀ ਪੈਂਦਾ ਹੈ, ਜੋ ਕਿ ਭਾਰਤ ਦੇ ਹੁਸੈਨੀਵਾਲਾ ਦੇ ਰਸਤੇ ਫਿਰ ਤੋਂ ਪਾਕਿਸਤਾਨ ਦੇ ਵਿੱਚ ਚਲਾ ਜਾਂਦਾ ਹੈ। ਕਸੂਰ ਤੋਂ ਆਉਂਦਾ ਕਸੂਰੀ ਚਮੜੇ ਦਾ ਪਾਣੀ ਭਾਰਤੀ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ ਅਤੇ ਹੁਣ ਤੱਕ ਇਸਦਾ ਕਾਫ਼ੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ, ਜਿਸਦੇ ਬਾਰੇ ਵਿੱਚ ਪ੍ਰਸ਼ਾਸਨ ਸਭ ਕੁਝ ਜਾਣਦਾ ਵੀ ਹੈ।

ਪਰ ਫਿਰ ਵੀ ਪ੍ਰਸ਼ਾਸਨ ਦੇ ਵੱਲੋਂ ਜਾਣ ਬੁੱਝ ਕੇ ਦੋ ਦਿਨਾਂ ਲਾਈਟ ਅਤੇ ਸਾਊਂਡ ਸ਼ੋਅ ਸਤਲੁਜ ਦਰਿਆ ਦੇ ਵਿੱਚ ਹੀ ਕਰਵਾਇਆ ਗਿਆ। ਬੇਸ਼ੱਕ ਸੰਗਤਾਂ ਦਰਿਆ ਦੇ ਕੰਡੇ ਬੈਠ ਕੇ ਰੰਗਾਰੰਗ ਪ੍ਰੋਗਰਾਮ ਦਾ ਆਨੰਦ ਮਾਣ ਰਹੀਆਂ ਸਨ, ਪਰ ਜਿਸ ਦਰਿਆ ਵਿੱਚ ਬਾਬੇ ਨਾਨਕ ਦਾ ਸਰੂਪ ਸੀ, ਉਹ ਦਰਿਆ ਪੂਰੀ ਤਰ੍ਹਾਂ ਨਾਲ ਪ੍ਰਦੂਸ਼ਿਤ ਸੀ। ਦੱਸ ਦਈਏ ਕਿ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਆਧੁਨਿਕ ਤਰੀਕੇ ਤਹਿਤ ਸਾਊਂਡ ਤੇ ਲਾਈਟ ਸ਼ੋਅ ਦੌਰਾਨ ਦੋ ਦਿਨ ਵਿੱਚ 10 ਹਜ਼ਾਰ ਤੋਂ ਵੱਧ ਸੰਗਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ ਬਾਰੇ ਜਾਣਕਾਰੀ ਹਾਸਲ ਕੀਤੀ।

ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਾਬੇ ਨਾਨਕ ਨੇ ਜੋ ਸਿੱਖਿਆ ਸਮੂਹ ਸਮਾਜ ਨੂੰ ਦਿੱਤੀ ਸੀ, ਉਹ ਸਿੱਖਿਆ ਤੋਂ ਪ੍ਰਸ਼ਾਸਨ ਅਤੇ ਸਰਕਾਰ ਵਾਂਝੀ ਹੀ ਰਹੀ, ਤਾਂ ਕਰਕੇ ਹੀ ਪ੍ਰਸ਼ਾਸਨ ਦੇ ਵੱਲੋਂ ਸਤਲੁਜ ਦਰਿਆ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਲਾਈਟ ਅਤੇ ਸਾਊਂਡ ਸ਼ੋਅ ਕਰਵਾਇਆ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਨ੍ਹਾਂ ਸ਼ੋਆਂ ਦੀ ਸਰਾਹਨਾ ਕਰਦੇ ਹੋਏ ਕਿਹਾ ਗਿਆ ਕਿ ਸੂਬੇ ਭਰ ਵਿੱਚ ਇਨ੍ਹਾਂ ਸ਼ੋਆਂ ਤਹਿਤ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਨੂੰ ਗੁਰ ਨਾਨਕ ਦੇਵ ਜੀ ਦੇ ਚਰਨਾਂ ਨਾਲ ਜੋੜਿਆ ਹੈ।

ਪਰ ਫਿਰੋਜ਼ਪੁਰ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਖਰੇ ਤਰੀਕੇ ਨਾਲ ਲੋਕਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਜੀਵਨ ਤੋਂ ਜਾਣੂ ਕਰਵਾਇਆ ਗਿਆ ਹੈ। ਦੋਸਤੋ, ਬਾਬੇ ਨਾਨਕ ਵੱਲੋਂ ਜੋ ਸੰਦੇਸ਼ ਲੋਕਾਂ ਨੂੰ ਦਿੱਤਾ ਗਿਆ ਸੀ, ਉਹ ਸੰਦੇਸ਼ ਨੂੰ ਤਾਂ ਪ੍ਰਸ਼ਾਸਨ ਲੋਕਾਂ ਤੱਕ ਪਹੁੰਚਾ ਹੀ ਨਾ ਸਕਿਆ। ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਖੁਦ ਪ੍ਰਦੂਸ਼ਿਤ ਪਾਣੀ ਦੇ ਵਿੱਚ ਬਾਬੇ ਨਾਨਕ ਦੇ ਸਰੂਪ ਨੂੰ ਰੱਖਿਆ ਗਿਆ ਸੀ। ਕੀ ਅਜਿਹਾ ਕੁਝ ਚਾਹੁੰਦਾ ਸੀ ਬਾਬਾ ਨਾਨਕ ਕਿ ਦਰਿਆ ਦੇ ਵਿੱਚ ਉਸਦਾ ਸਰੂਪ ਰੱਖ ਕੇ ਲਾਈਟ ਅਤੇ ਸਾਊਂਡ ਸ਼ੋਅ ਕਰਵਾਇਆ ਜਾਵੇ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।