ਏਡਜ਼ ਪੀੜਤ ਦਾ ਸਮਾਜਕ ਬਾਈਕਾਟ ਕਰਨਾ ਗਲਤ: ਡਾ. ਸਾਰਿਕਾ ਦੁੱਗਲ

Last Updated: Dec 02 2019 18:35
Reading time: 1 min, 32 secs

ਏਡਜ਼ ਪੀੜਤ ਦਾ ਸਮਾਜਕ ਤੌਰ ਤੇ ਬਾਈਕਾਟ ਕਰਨਾ ਗਲਤ ਹੈ। ਇਹ ਸ਼ਬਦ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਵਿਸ਼ਵ ਏਡਜ਼ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਕਹੇ। ਕਾਰਜਕਾਰੀ ਸਿਵਲ ਸਰਜਨ ਡਾ. ਕੁਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਗਏ ਉਕਤ ਸੈਮੀਨਾਰ ਦੌਰਾਨ ਕਮਿਊਨਿਟੀ ਹੈਲਥ ਅਫਸਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਏਡਜ਼ ਪੀੜਤਾਂ ਦੀ ਸੰਖਿਆ ਵਿੱਚ ਵਾਧਾ ਹੋਣਾ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ ਇਸਦਾ ਕਾਰਨ ਜਾਗਰੂਕਤਾ ਦੀ ਕਮੀ ਹੋਣਾ ਹੈ। ਡਾ. ਸਾਰਿਕਾ ਨੇ ਕਿਹਾ ਕਿ ਏਡਜ਼ ਪੀੜਤ ਨਾਲ ਘਰਦਿਆਂ ਦਾ ਨਾਂਹਪੱਖੀ ਰਵੱਈਆ ਪੀੜਤ ਦੀਆਂ ਮੁਸ਼ਕਲਾਂ ਨੂੰ ਹੋ ਵਧਾ ਦਿੰਦਾ ਹੈ ਤੇ ਉਸ ਵਿੱਚ ਜਿਊਣ ਦੀ ਇੱਛਾ ਨਾ ਦੇ ਬਰਾਬਰ ਰਹਿ ਜਾਂਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਲਾਜ ਦੇ ਨਾਲ-ਨਾਲ ਪੀੜਤ ਨਾਲ ਭਾਵਨਾਤਮਕ ਲਗਾਅ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨਸ਼ਾਖੋਰੀ ਦੀ ਆਦਤ ਨੂੰ ਵੀ ਏਡਜ਼ ਦਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਨਸ਼ਾਖੋਰ ਇੱਕ ਹੀ ਸਰਿੰਜ ਦਾ ਵਾਰ-ਵਾਰ ਪ੍ਰਯੋਗ ਕਰਦੇ ਹਨ, ਜਿਸ ਨਾਲ ਏਡਜ਼ ਪੀੜਤਾਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ।

ਇਸ ਮੌਕੇ ਤੇ ਜ਼ਿਲ੍ਹਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਡਾ. ਸੋਨੀਆ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੈਡੀਕਲ ਅਫਸਰ ਡਾ. ਮੋਹਣਪ੍ਰੀਤ ਨੇ ਏਡਜ਼ ਦੇ ਕਾਰਨਾਂ ਤੇ ਲੱਛਣਾਂ ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਏਡਜ਼ ਨਾਲ ਪੀੜਤ ਵਿੱਚ ਰੋਗਾਂ ਨਾਲ ਲੜਣ ਦੀ ਸਮਰੱਥਾ ਘੱਟ ਜਾਂਦੀ ਹੈ ਤੇ ਉਹ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਨਾਲ ਜਕੜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਰ ਘਟਣਾ, ਲਗਾਤਾਰ ਬੁਖਾਰ ਰਹਿਣਾ, ਨਿਰੰਤਰ ਡਾਇਰੀਆ, ਸਾਹ ਲੈਣ ਵਿੱਚ ਦਿੱਕਤ, ਘਾਤਕ ਨਿਮੋਨੀਆ ਹੋਣਾ ਇਸਦੇ ਲੱਛਣ ਹਨ। ਡਾ. ਮੋਹਣਪ੍ਰੀਤ ਨੇ ਕਿਹਾ ਕਿ ਏਡਜ਼ ਪ੍ਰਤੀ ਫੈਲੀਆਂ ਗਲਤ ਧਾਰਨਾਵਾਂ ਤੋਂ ਬਚਿਆ ਜਾਣਾ ਚਾਹੀਦਾ ਹੈ। ਜ਼ਿਲ੍ਹਾ ਬਲੱਡ ਟ੍ਰਾਂਸਫਿਊਜਨ ਅਧਿਕਾਰੀ ਡਾ. ਪ੍ਰੇਮਪਾਲ ਨੇ ਆਈ.ਸੀ.ਟੀ.ਸੀ. ਸੈਂਟਰ ਤੇ ਏ.ਆਰ.ਟੀ. ਸੈਂਟਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੰਕ੍ਰਮਿਤ ਖੂਨ ਚੜਾਉਣ ਨਾਲ, ਅਨਸੇਫ ਸੈਕਸ, ਇੱਕੋ ਸਰਿੰਜ ਨਾਲ ਵਾਰ-ਵਾਰ ਟੀਕੇ ਲਗਾਉਣ ਨਾਲ, ਮਾਂ ਤੋਂ ਬੱਚੇ ਨੂੰ ਇਹ ਰੋਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਹਮੇਸ਼ਾ ਮਾਨਤਾ ਪ੍ਰਾਪਤ ਬਲੱਡ ਬੈਂਕ ਤੋਂ ਹੀ ਖੂਨ ਲੈਣਾ ਚਾਹੀਦਾ ਹੈ।