ਤਨਖ਼ਾਹ ਨਾ ਮਿਲਣ ਤੋਂ ਅੱਕੇ ਬਿਜਲੀ ਕਾਮਿਆਂ ਨੇ ਕੀਤੀ ਖ਼ਜ਼ਾਨਾ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ

Last Updated: Dec 02 2019 18:27
Reading time: 0 mins, 36 secs

ਹਮੇਸ਼ਾ ਖ਼ਜ਼ਾਨੇ ਦੇ ਖ਼ਾਲੀ ਹੋਣ ਦੀ ਦੁਹਾਈ ਦਿੰਦੇ ਰਹਿਣ ਵਾਲੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਅੱਜ ਬਿਜਲੀ ਕਾਮਿਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਬਠਿੰਡਾ ਦੇ ਕਸਬਾ ਰਾਮਾ ਮੰਡੀ ਵਿਖੇ ਰਾਮਾਂ-ਤਲਵੰਡੀ ਰੋਡ 'ਤੇ ਸਥਿਤ ਬਿਜਲੀ ਘਰ ਵਿਖੇ ਬਿਜਲੀ ਕਰਮਚਾਰੀਆਂ ਨੇ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਸਾਂਝਾ ਫੋਰਮ ਦੇ ਸੱਦੇ 'ਤੇ ਭਾਰੀ ਰੋਸ ਰੈਲੀ ਕੀਤੀ।

ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ, ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ। ਬਿਜਲੀ ਕਾਮਿਆਂ ਨੇ ਦੋਸ਼ ਲਗਾਇਆ ਕਿ ਸਰਕਾਰ ਬਿਜਲੀ ਕਰਮਚਾਰੀਆਂ ਦੀਆਂ ਵਾਜਿਬ ਮੰਗਾਂ ਤੋਂ ਉਨ੍ਹਾਂ ਦਾ ਧਿਆਨ ਭਟਕਾਉਣ ਲਈ ਉਨ੍ਹਾਂ ਦੀਆਂ ਤਨਖ਼ਾਹਾਂ ਰੋਕ ਰਹੀ ਹੈ ਜਿਸ ਨੂੰ ਮੁਲਾਜ਼ਮ ਵਰਗ ਉੱਕਾ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਗੱਲ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।