ਮੋਦੀ ਸਾਹਿਬ ਸਰਕਾਰੀ ਜਹਾਜ਼ਾਂ ਤੋਂ ਬਾਅਦ ਸਰਕਾਰੀ ਹਵਾਈ ਅੱਡੇ ਵੀ ਵੇਚਣ ਚੱਲੇ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 02 2019 18:21
Reading time: 1 min, 0 secs

5 ਟ੍ਰਿਲੀਅਨ ਦੀ ਅਰਥਵਿਵਸਥਾ ਦੀ ਰੱਟ ਲਾਈ ਬੈਠੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਾਰਤ ਦੀ ਆਰਥਿਕ ਵਿਕਾਸ ਦਰ ਇਸ ਕਦਰ ਡਰ ਗਈ ਹੈ ਕਿ ਉਸ ਦਾ ਬੀਪੀ ਥੱਲੇ ਨੂੰ ਹੀ ਜਾ ਰਿਹਾ ਹੈ। ਪਿਛਲੇ 6 ਸਾਲ ਦੇ ਸਭ ਤੋਂ ਨਿਚਲੇ ਸਤਰ ਤੇ ਪਹੁੰਚੀ ਭਾਰਤ ਦੀ ਅਰਥਵਿਵਸਥਾ ਲਈ ਇੱਕ ਹੋਰ ਬੁਰੀ ਖ਼ਬਰ ਹੈ ਕਿ ਭਾਰਤ ਸਰਕਾਰ ਹੁਣ ਦੇਸ਼ ਦੇ 6 ਹਵਾਈ ਅੱਡਿਆਂ ਨੂੰ ਵੀ ਵੇਚਣ ਦੀ ਤਿਆਰੀ ਕਰ ਚੁੱਕੀ ਹੈ। ਭਾਰਤੀ ਹਵਾਈ ਅੱਡਾ ਅਥਾਰਿਟੀ (ਏਏਆਈ) ਨੇ ਕੇਂਦਰ ਸਰਕਾਰ ਨੂੰ ਅੰਮ੍ਰਿਤਸਰ, ਵਾਰਾਣਸੀ, ਭੁਬਨੇਸ਼ਵਰ, ਇੰਦੌਰ, ਰਾਏਪੁਰ ਤੇ ਤ੍ਰਿਚੀ ਦੇ ਹਵਾਈ ਅੱਡਿਆਂ ਦਾ ਨਿਜੀਕਰਨ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਇਸ ਸਾਲ ਫਰਵਰੀ ਮਹੀਨੇ ਵਿੱਚ ਲਖਨਊ, ਅਹਿਮਦਾਬਾਦ, ਜੈਪੁਰ, ਮੰਗਲੁਰੂ, ਤਿਰੂਵਨੰਤਪੁਰਮ ਤੇ ਗੁਹਾਟੀ ਦੇ ਹਵਾਈ ਅੱਡਿਆਂ ਦੇ ਸੰਚਾਲਨ, ਪ੍ਰਬੰਧਨ ਤੇ ਵਿਕਾਸ ਦਾ ਕੰਮ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਰਾਹੀਂ ਸ਼ੁਰੂ ਕੀਤਾ ਜਾ ਚੁੱਕਾ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਿਉਂਕਿ ਛੇ ਹਵਾਈ ਅੱਡਿਆਂ ਦਾ ਪਹਿਲਾਂ ਹੀ ਨਿਜੀਕਰਨ ਕੀਤਾ ਜਾ ਚੁੱਕਾ ਹੈ, ਇਸ ਵਾਸਤੇ ਅਥਾਰਿਟੀ ਦੀ 5 ਸਤੰਬਰ ਨੂੰ ਹੋਈ ਬੋਰਡ ਮੀਟਿੰਗ ਵਿੱਚ ਛੇ ਹੋਰ ਹਵਾਈ ਅੱਡਿਆਂ ਦਾ ਨਿਜੀਕਰਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਵਾਰਾਣਸੀ, ਭੁਬਨੇਸ਼ਵਰ, ਇੰਦੌਰ, ਰਾਏਪੁਰ ਤੇ ਤ੍ਰਿਚੀ ਦੇ ਹਵਾਈ ਅੱਡੇ ਸ਼ਾਮਲ ਹਨ। ਬੋਰਡ ਦੇ ਫ਼ੈਸਲਾ ਲੈਣ ਮਗਰੋਂ ਇਸ ਸਬੰਧੀ ਸਿਫ਼ਾਰਸ਼ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਭੇਜ ਦਿੱਤੀ ਗਈ ਸੀ।