ਆਪਣੀ ਜਮੀਨ ਤੇ ਨਜਾਇਜ਼ ਕਬਜ਼ੇ ਦੀਆਂ ਕੋਸ਼ਿਸ਼ਾਂ ਤੋਂ ਦੁਖੀ ਕਿਸਾਨ ਨੇ ਕੀਤੀ ਲਾਈਵ ਹੋ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼, ਪੁਲਿਸ ਨੇ ਉਲਟਾ ਉਕਤ ਕਿਸਾਨ ਤੇ ਹੀ ਕੀਤਾ ਨਜਾਇਜ਼ ਕਬਜ਼ਾ ਕਰਨ ਦਾ ਪਰਚਾ ਦਰਜ

Last Updated: Dec 02 2019 18:08
Reading time: 1 min, 12 secs

ਕਿਸੇ ਦਾ ਜਦੋਂ ਹੱਕ ਖੋਹਿਆ ਜਾਂਦਾ ਹੈ ਤਾਂ ਉਹ ਆਪਣੇ ਹੱਕ ਦੀ ਰਾਖੀ ਲਈ ਹਰ ਕੋਸ਼ਿਸ਼ ਕਰਦਾ ਹੈ ਅਤੇ ਉਸ ਦੀ ਕੋਸ਼ਿਸ਼ ਜਦੋਂ ਕਿਸੇ ਮੁੱਲ ਨਹੀਂ ਪੈਂਦੀ ਤਾਂ ਬੰਦਾ ਨਿਰਾਸ਼ ਹਤਾਸ਼ ਹੋ ਜਾਂਦਾ ਹੈ। ਜ਼ਿਲ੍ਹਾ ਬਠਿੰਡਾ ਦੇ ਪਿੰਡ ਜਿਓਂਦ ਦੇ ਇੱਕ ਕਿਸਾਨ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਵੱਲੋਂ ਜ਼ਹਿਰੀਲਾ ਪਦਾਰਥ ਪੀ ਲਿਆ ਗਿਆ ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਕਤ ਨੌਜਵਾਨ ਦੇ ਪੀੜਤ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਛੇ ਘੁਮਾਂ ਜਮੀਨ ਖਰੀਦ ਕੀਤੀ ਗਈ ਸੀ ਅਤੇ ਉਸ ਦੇ ਨਾਲ ਬਾਰਾਂ ਘੁਮਾਂ ਜ਼ਮੀਨ ਕਿਸੇ ਹੋਰ ਵਿਅਕਤੀਆਂ ਵੱਲੋਂ ਖਰੀਦ ਕੀਤੀ ਗਈ ਸੀ ਪਰ ਉਹ ਵਿਅਕਤੀ ਹੁਣ 18 ਘੁੰਮਾਂ 'ਤੇ ਹੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਦੁਖੀ ਹੋ ਕੇ ਉਸ ਦੇ ਪੁੱਤਰ ਨੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਉਕਤ ਜ਼ਮੀਨ ਮਾਲਕ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਉਕਤ ਕਿਸਾਨ ਅਤੇ ਉਸਦੇ ਪਿਤਾ ਤੇ ਹੀ ਕਬਜ਼ਾ ਕਰਨ ਦੇ ਇਲਜ਼ਾਮ ਹੇਠ ਪਰਚਾ ਦਰਜ ਕਰਕੇ ਇਸ ਮਾਮਲੇ ਨੂੰ ਨਵਾਂ ਮੋੜ ਅਤੇ ਰੰਗ ਦੇ ਦਿੱਤਾ। ਥਾਣਾ ਸਦਰ ਰਾਮਪੁਰਾ ਦੇ ਮੁੱਖ ਅਫਸਰ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਸੌਦਾਗਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਲਕੀਤ ਸਿੰਘ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਪੀੜਤ ਧਿਰ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਕੇਸ ਦਰਜ ਹੋਣ ਤੋਂ ਬਾਅਦ ਸੌਦਾਗਰ ਸਿੰਘ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।