ਦੁਖੀ ਕਿਸਾਨਾਂ ਨੇ ਡੀਸੀ ਦੇ ਬੂਹੇ ਅੱਗੇ ਛੱਡੇ ਪਸ਼ੂ!!!

Last Updated: Dec 02 2019 17:59
Reading time: 1 min, 18 secs

ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਵਿੱਚ ਬਲਾਕ ਘੱਲਖੁਰਦ ਦੇ ਪਿੰਡ ਫਿਰੋਜ਼ਸ਼ਾਹ ਦੇ ਸਮੂਹ ਕਿਸਾਨਾਂ ਨੇ ਅਵਾਰਾ ਪਸ਼ੂਆਂ ਨੂੰ ਇਕੱਠਾ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਛੱਡਿਆ ਗਿਆ। ਜਾਣਕਾਰੀ ਦਿੰਦਿਆਂ ਹੋਇਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਨਰਲ ਸੈਕਟਰੀ ਪੰਜਾਬ ਬਲਵਿੰਦਰ ਸਿੰਘ, ਬਲਜੀਤ ਸਿੰਘ ਭੰਗਾਲੀ ਮੁੱਖ ਸਕੱਤਰ ਬਲਾਕ ਘੱਲਖੁਰਦ, ਰਾਜਿੰਦਰ ਪਾਲ ਸਿੰਘ ਵਿੱਤ ਸਕੱਤਰ, ਮਲਕੀਤ ਸਿੰਘ ਇਕਾਈ ਪ੍ਰਧਾਨ ਫਿਰੋਜ਼ਸ਼ਾਹ, ਮੰਗਲ ਸਿੰਘ, ਕੁਲਵੰਤ ਸਿੰਘ, ਜਗਜੀਤ ਸਿੰਘ ਨੇ ਦੱਸਿਆ ਕਿ ਪਹਿਲੋਂ ਕਿਸਾਨ ਮੰਡੀਆਂ ਦੇ ਵਿੱਚ ਝੋਨੇ ਦੀ ਰਾਖੀ ਕਰਦੇ ਸਨ।

ਪਰ ਹੁਣ ਕਿਸਾਨਾਂ ਨੂੰ ਹਰੇ ਚਾਰੇ, ਬਰਸੀਨ, ਕਣਕ ਆਦਿ ਫਸਲ ਦੀ ਰਾਤ ਸਮੇਂ ਮੰਜਾ ਡਾਹ ਕੇ ਰਾਖੀ ਕਰਦੇ ਹਨ। ਕਿਉਂਕਿ ਖੇਤਾਂ ਦੇ ਵਿੱਚ ਅਵਾਰਾ ਪਸ਼ੂ ਹਰ ਵੇਲੇ ਹੀ ਘੁੰਮਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਕਿਸਾਨ ਖੇਤ ਵਿੱਚ ਦਿਨ ਜਾਂ ਰਾਤ ਸਮੇਂ ਨਹੀਂ ਜਾਂਦਾ, ਉਸੇ ਦਿਨ ਹੀ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹੁੰਦੀਆਂ ਹਨ। ਕਿਸਾਨਾਂ ਨੇ ਕਿਹਾ ਕਿ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਅੱਜ ਉਨ੍ਹਾਂ ਵੱਲੋਂ ਅੱਕ ਕੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਅਵਾਰਾ ਪਸ਼ੂ ਛੱਡੇ ਗਏ ਹਨ ਤਾਂ ਜੋ ਡੀਸੀ ਸਾਹਿਬ ਜਾਗ ਜਾਣ।

ਕਿਸਾਨਾਂ ਨੇ ਦੋਸ਼ ਲਗਾਇਆ ਕਿ ਅਵਾਰਾ ਪਸ਼ੂਆਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਪੰਜਾਬ ਦੀ ਕੈਪਟਨ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੈ, ਪਰ ਨਾ ਤਾਂ ਸਰਕਾਰ ਅਵਾਰਾ ਪਸ਼ੂਆਂ ਦੇ ਵੱਲ ਧਿਆਨ ਦੇ ਰਹੀ ਹੈ ਅਤੇ ਨਾ ਹੀ ਪ੍ਰਸ਼ਾਸਨ ਇਸ ਦਾ ਕੋਈ ਪੁਖਤਾ ਹੱਲ ਲੱਭ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਊ ਸੈੱਸ ਦੇ ਨਾਮ 'ਤੇ ਲੋਕਾਂ ਕੋਲੋਂ ਪੈਸਾ ਤਾਂ ਇਕੱਠਾ ਕੀਤਾ ਜਾ ਰਿਹਾ ਹੈ, ਪਰ ਅਵਾਰਾ ਪਸ਼ੂਆਂ ਨੂੰ ਨਹੀਂ ਸਾਂਭਿਆ ਜਾ ਰਿਹਾ। ਫਿਰੋਜ਼ਪੁਰ ਜ਼ਿਲ੍ਹੇ ਅੰਦਰ ਹੀ 80 ਏਕੜ ਜ਼ਮੀਨ ਗਊਆਂ ਵਾਸਤੇ ਹੀ ਹੈ, ਕੁਝ ਲੋਕ ਇਸ ਜ਼ਮੀਨ ਦਾ ਠੇਕਾ ਲੈ ਕੇ ਖਾ ਰਹੇ ਹਨ, ਪਰ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਹੈ।