ਤਨਖ਼ਾਹਾਂ ਤੋਂ ਵਾਂਝੇ ਬਿਜਲੀ ਕਾਮਿਆਂ ਨੇ ਕੀਤਾ ਪਿੱਟ ਸਿਆਪਾ !!!

Last Updated: Dec 02 2019 18:06
Reading time: 0 mins, 51 secs

ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਅੱਜ ਬਿਜਲੀ ਬੋਰਡ ਦੀ ਜੱਥੇਬੰਦੀ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਵੱਲੋਂ ਗੇਟ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਸ਼ਹਿਰੀ ਸਬ ਡਵੀਜ਼ਨ ਫ਼ਿਰੋਜ਼ਪੁਰ ਅਤੇ ਸਬ ਅਰਬਨ ਸਬ ਡਵੀਜ਼ਨ ਫ਼ਿਰੋਜ਼ਪੁਰ ਦੇ ਬਿਜਲੀ ਕਰਮਚਾਰੀਆਂ ਨੇ ਇਕੱਠੇ ਹੋ ਕੇ ਗੇਟ ਰੈਲੀ ਕੀਤੀ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਅਸ਼ਵਨੀ ਕੁਮਾਰ, ਸਰਕਲ ਸੈਕਟਰੀ ਰਾਕੇਸ਼ ਸੈਣੀ, ਸ਼ਹਿਰੀ ਸਬ ਡਵੀਜ਼ਨ ਪ੍ਰਧਾਨ ਅਮੋਲਕ ਸਿੰਘ, ਸਕੱਤਰ ਸਤਨਾਮ ਸਿੰਘ, ਦਰਸ਼ਨ ਸਿੰਘ, ਹਰਪ੍ਰੀਤ ਸਿੰਘ, ਸ਼ਾਮ ਕੁਮਾਰ ਨੇ ਦੱਸਿਆ ਕਿ ਤਨਖ਼ਾਹ ਨਾ ਮਿਲਣ ਕਾਰਨ ਕਰਮਚਾਰੀਆਂ ਦੇ ਵਿੱਚ ਕਾਫ਼ੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ।

ਉਨ੍ਹਾਂ ਵੱਲੋਂ ਪਾਵਰਕਾਮ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਦੀਆਂ ਤਨਖ਼ਾਹਾਂ ਸਮੇਂ ਸਿਰ ਰਿਲੀਜ਼ ਨਾ ਕੀਤੀਆਂ ਗਈਆਂ ਤਾਂ ਇਸ ਸਬੰਧੀ 3 ਦਸੰਬਰ 2019 ਨੂੰ ਹੈੱਡ ਆਫ਼ਿਸ ਪਟਿਆਲਾ ਵਿਖੇ ਗੇਟ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਮੁਲਾਜ਼ਮਾਂ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸਾਂਝੇ ਫੋਰਮ ਨਾਲ ਹੋਏ ਸਮਝੌਤਿਆਂ ਨੂੰ ਜੇਕਰ ਤੁਰੰਤ ਲਾਗੂ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ਅੰਦਰ ਡਵੀਜ਼ਨ ਪੱਧਰ 'ਤੇ 20 ਦਸੰਬਰ ਤੱਕ ਧਰਨੇ ਦਿੱਤੇ ਜਾਣਗੇ। ਉਨ੍ਹਾਂ ਆਖਿਆ ਕਿ 2, 3 ਜਨਵਰੀ 2020 ਦੋ ਦਿਨ ਹੈੱਡ ਆਫ਼ਿਸ ਪਟਿਆਲਾ ਅੱਗੇ ਪੂਰੇ ਪੰਜਾਬ ਅੰਦਰ ਧਰਨੇ ਦਿੱਤੇ ਜਾਣਗੇ।