ਕਿਸਾਨਾਂ ਦੇ ਧਰਨੇ ਨੂੰ ਮਿਲਿਆ ਆਮ ਆਦਮੀ ਪਾਰਟੀ ਦਾ ਸਮਰਥਨ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 02 2019 17:44
Reading time: 0 mins, 51 secs

ਪਿਛਲੇ ਮਹੀਨੇ ਦੀ 7 ਤਰੀਕ ਤੋਂ ਜੈਤੋ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨਾਂ ਤੇ ਹੋਏ ਪਰਾਲੀ ਸਾੜਨ ਕਾਰਨ ਪਰਚੇ ਰੱਦ ਕਰਵਾਉਣ ਅਤੇ ਕਿਸਾਨੀ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਪੱਧਰ ਦੇ ਧਰਨੇ ਨੂੰ ਅੱਜ ਆਮ ਆਦਮੀ ਪਾਰਟੀ ਦਾ ਸਮਰਥਨ ਮਿਲਿਆ। ਕਿਸਾਨਾਂ ਦੇ ਧਰਨੇ ਤੇ ਜੈਤੋ ਤਹਿਸੀਲ ਵਿਖੇ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਵਿਧਾਨ ਸਭਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਿੱਥੇ ਉਹ ਕਿਸਾਨਾਂ ਦੇ ਇਸ ਧਰਨੇ ਦਾ ਨਿੱਜੀ ਤੌਰ ਤੇ ਸਮਰਥਨ ਕਰਦੇ ਹਨ, ਉੱਥੇ ਉਹ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਧਰਨੇ ਦੀ ਹਿਮਾਇਤ ਕਰਨ ਪਹੁੰਚੇ ਹਨ। ਉਹਨਾਂ ਨੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਨੇ ਹੀ ਸਰਕਾਰ ਨੂੰ ਕਿਸਾਨਾਂ ਦੀ ਪਰਾਲੀ ਦੇ ਮਸਲੇ ਦੇ ਹੱਲ ਲਈ ਕਿਹਾ ਹੈ ਤਾਂ ਸਰਕਾਰ ਜੋ ਕਿਸਾਨਾਂ ਤੇ ਪਰਚੇ ਕਰ ਰਹੀ ਹੈ ਉਹ ਸਿਰਫ ਆਪਣੀ ਨਲਾਇਕੀ ਲੁਕਾਉਣ ਲਈ ਕਰ ਰਹੀ ਹੈ। ਦੂਜੇ ਪਾਸੇ ਕਿਸਾਨਾਂ ਵੱਲੋਂ ਲਗਾਤਾਰ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ। ਅੱਜ 25 ਹੋਰ ਕਿਸਾਨਾਂ ਦੇ ਜਥੇ ਨੇ ਗ੍ਰਿਫ਼ਤਾਰੀ ਦਿੱਤੀ ਅਤੇ ਪਰਸੋਂ ਗ੍ਰਿਫ਼ਤਾਰ ਕੀਤੇ ਗਏ 31 ਕਿਸਾਨਾਂ ਦੇ ਜਥੇ ਨੂੰ ਅੱਜ ਐਸਡੀਐਮ ਜੈਤੋ ਅੱਗੇ ਪੇਸ਼ ਕੀਤਾ ਗਿਆ।