ਹੁਣ ਸੰਤ ਸੀਚੇਵਾਲ ਦੀ ਅਗਵਾਈ ਹੇਠ ਸਾਫ਼ ਹੋਵੇਗਾ ਸਤਲੁਜ ਦਰਿਆ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 02 2019 17:46
Reading time: 2 mins, 22 secs

ਪੰਜਾਬ ਵਿੱਚ ਹੜ੍ਹਾਂ ਨਾਲ ਤਬਾਹੀ ਮਚਾਉਣ ਵਾਲੇ ਸਤਲੁਜ ਦਰਿਆ ਨੂੰ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਦਰਿਆ ਦੀ ਸਫ਼ਾਈ ਕੀਤੀ ਜਾਵੇਗੀ ਤੇ ਬੰਨ ਮਜ਼ਬੂਤ ਕੀਤਾ ਜਾਵੇਗਾ। ਪਿਛਲੇ ਦਿਨਾਂ ਤੋਂ ਲਗਾਤਾਰ ਸਤਲੁਜ ਦਰਿਆ ਦੇ ਧੁੱਸੀ ਬੰਨ ਦੇ ਕਿਨਾਰਿਆਂ ਤੇ ਵੱਸਣ ਵਾਲੇ ਪਿੰਡਾਂ ਦੀਆਂ ਮੀਟਿੰਗਾਂ ਕਰਕੇ ਬੰਨ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਚਲਾ ਰਹੇ ਸੰਤ ਸੀਚੇਵਾਲ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਇੰਨਾ ਮੀਟਿੰਗ ਵਿੱਚ ਲੋਕ ਭਰਵਾਂ ਹੁੰਗਾਰਾ ਦੇ ਰਹੇ ਹਨ।

ਸੰਤ ਸੀਚੇਵਾਲ ਨੂੰ ਲੋਕਾਂ ਨੇ ਭਰੋਸਾ ਦਿੱਤਾ ਕਿ ਉਹ ਸਰਦੀਆਂ ਦੇ ਮੌਸਮ ਦੌਰਾਨ ਦਰਿਆ ਦੇ ਧੁੱਸੀ ਬੰਨ ਨੂੰ ਮਜ਼ਬੂਤ ਕਰਨ ਲਈ ਮਿੱਟੀ ਪਾਉਣ ਲਈ ਤਿਆਰ ਰਹਿਣਗੇ। ਸੰਤ ਸੀਚੇਵਾਲ ਨੇ ਦੱਸਿਆ ਕਿ 7 ਕਿੱਲੋਮੀਟਰ ਤੱਕ ਬੰਨ ਨੂੰ ਮਜ਼ਬੂਤ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਹੀ 50 ਕਿੱਲੋਮੀਟਰ ਲੰਮੇ ਬੰਨ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਲਈ ਮੁਸੀਬਤ ਵੇਲੇ ਹਮਦਰਦੀ ਦਿਖਾਉਣ ਨਾਲੋਂ ਇੱਕ ਹਮਦਰਦੀ ਬੰਨ ਤੇ ਲਾ ਦਿੱਤੀ ਜਾਵੇ ਤਾਂ ਜੋ ਨੁਕਸਾਨ ਤੋਂ ਪਹਿਲਾਂ ਹੀ ਬਚਾਅ ਹੋ ਸਕੇ। ਇਸ ਮੌਕੇ ਐਨ.ਆਰ.ਆਈ ਨਿਰਮਲ ਸਿੰਘ ਕੰਗ ਨੇ ਇੱਕ ਲੱਖ ਰੁਪਏ ਤੇਲ ਲਈ ਦਿੱਤੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੰਨ ਮਜ਼ਬੂਤ ਕਰਨ ਲਈ ਚੱਲ ਰਹੀ ਮਸ਼ੀਨਰੀ ਵਿੱਚ ਤੇਲ ਪਾਉਣ ਲਈ ਆਪਣਾ ਯੋਗਦਾਨ ਪਾਉਣ। ਸੰਤ ਸੀਚੇਵਾਲ ਦੇ ਯਤਨਾਂ ਸਦਕਾ ਦੋ ਕਰੇਨਾਂ ਮਿੱਟੀ ਪੁੱਟਣ ਲਈ ਲਾਈਆਂ ਹੋਈਆਂ ਹਨ ਤੇ ਤੀਜੀ ਮਸ਼ੀਨ ਵੀ ਜਲਦੀ ਹੀ ਕੰਮ ਤੇ ਲਾ ਦਿੱਤੀ ਜਾਵੇਗੀ। ਕਿਸਾਨਾਂ ਨੇ ਪ੍ਰਤੀ ਏਕੜ 500 ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ।

ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪਿੰਡ ਜਾਣੀਆ ਚਾਹਲ ਬੰਨ ਦਾ ਦੌਰਾ ਕੀਤਾ। ਮਿੱਟੀ ਪਾ ਕੇ ਮਜ਼ਬੂਤ ਕੀਤੇ ਗਏ ਬੰਨ ਨੂੰ ਵਾਚਿਆ। ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਲੋਕ ਲਗਾਤਾਰ ਇਸ ਬੰਨ ਨੂੰ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਮਜ਼ਬੂਤ ਕਰਨ 'ਚ ਲੱਗੇ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਤ ਸੀਚੇਵਾਲ ਜੀ ਦਾ ਉਚੇਚਾ ਸਨਮਾਨ ਵੀ ਕੀਤਾ ਗਿਆ, ਜਿੰਨਾਂ ਨੇ ਦਿਨ-ਰਾਤ ਇੱਕ ਕਰਕੇ ਬੰਨ ਦੀ ਮਜ਼ਬੂਤੀ ਲਈ ਆਪਣੇ ਸੇਵਾਦਾਰਾਂ ਅਤੇ ਪੀੜਤ ਲੋਕਾਂ ਨੂੰ ਨਾਲ ਲੈ ਕੇ ਕੰਮ ਕੀਤਾ ਸੀ। ਹੁਣ ਵੀ ਬੰਨ ਦੀ ਮਜ਼ਬੂਤੀ ਲਈ ਕੰਮ ਲਗਾਤਾਰ ਚੱਲ ਰਿਹਾ ਹੈ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਬੰਨ ਦੁਆਲੇ ਹੋਏ ਨਜਾਇਜ਼ ਕਬਜ਼ਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਤਾਂ ਜੋ ਬੰਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਲੋਕਾਂ ਨੇ ਇੱਕਜੁੱਟਤਾ ਨਾਲ ਮੰਗ ਕੀਤੀ ਕਿ ਦਰਿਆ ਵਿੱਚੋਂ ਮਿੱਟੀ ਕੱਢਣ ਦੀ ਖੁੱਲ ਦਿੱਤੀ ਜਾਵੇ ਤਾਂ ਜੋ ਕਿਸਾਨ ਆਪ ਹੀ ਇਸ ਬੰਨ ਨੂੰ ਮਜ਼ਬੂਤ ਕਰ ਸਕਣ ਤੇ ਦਰਿਆ ਨੂੰ ਵੀ ਸਾਫ ਕਰ ਸਕਣ।

ਐਨ.ਆਰ.ਆਈ ਅਤੇ ਆਪ ਦੇ ਆਗੂ ਰਤਨ ਸਿੰਘ ਕਾਕੜਕਲਾਂ ਨੇ ਆਪਣੀ 10 ਏਕੜ ਜ਼ਮੀਨ ਵਿੱਚੋਂ ਮਿੱਟੀ ਦੀਆਂ 2500 ਟਰਾਲੀਆਂ ਚੁੱਕਵਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣਾ ਟ੍ਰੈਕਟਰ ਟਰਾਲੀ ਵੀ ਸੇਵਾ ਲਈ ਦੇਣ ਦਾ ਐਲਾਨ ਕੀਤਾ। ਪਿੰਡਾਂ ਵਾਲਿਆਂ ਨੇ ਧੁੱਸੀ ਬੰਨ ਨੂੰ ਮਜ਼ਬੂਤ ਕਰਨ ਲਈ ਇਲਾਕਾ ਵੰਡ ਕੇ ਮਜ਼ਬੂਤ ਕਰਨ ਦੀ ਰਣਨੀਤੀ ਤੈਅ ਕੀਤੀ। ਦੋ ਦਿਨਾਂ ਦੀਆਂ ਮੀਟਿੰਗਾਂ ਵਿੱਚ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਪੰਚ-ਸਰਪੰਚ ਤੇ ਹੜ੍ਹ ਪੀੜਤ ਲੋਕ ਆਏ ਹੋਏ ਸਨ। ਇਨਾਂ ਵਿੱਚ ਰਾਜੇਵਾਲ, ਬਾਹਮਣੀਆਂ, ਜਾਣੀਆ ਚਾਹਲ, ਜਾਣੀਆ, ਮਹਿਰਾਜਵਾਲਾ, ਚੱਕ ਬੁੰਡਾਲਾ, ਫਤਿਹਪੁਰ, ਗੱਟੀ ਰਾਏਪੁਰ, ਗੱਟੀ ਪੀਰ ਬਖਸ਼ ਤੇ ਹੋਰ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਲੋਕਾਂ ਸਾਹਮਣੇ ਰੱਖੀਆਂ।