ਵਿਦਿਆਰਥੀਆਂ ਨੇ ਨਗਰ ਕੌਂਸਲ ਦੀ ਭੂਮਿਕਾ, ਕੌਂਸਲਰਾਂ ਦੇ ਕੰਮਕਾਜ, ਵਿਕਾਸ ਕਾਰਜਾਂ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ

Last Updated: Dec 02 2019 17:13
Reading time: 1 min, 30 secs

ਅੱਜ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਫਤਿਹਗੜ ਚੂੜੀਆਂ ਦੀ 6ਵੀਂ ਤੇ 7ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਨਗਰ ਕੌਂਸਲ ਫ਼ਤਿਹਗੜ੍ਹ ਚੂੜੀਆਂ ਦੇ ਦਫ਼ਤਰ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਨਗਰ ਕੌਂਸਲ ਦੁਆਰਾ ਕੀਤੇ ਜਾਣ ਵਾਲੇ ਸਾਰੇ ਕੰਮਾਂ ਪ੍ਰਤੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਬਲਜੀਤ ਸਿੰਘ ਚੌਹਾਨ ਪ੍ਰਧਾਨ ਨਗਰ ਕੌਂਸਲ, ਹਰਦਵਿੰਦਰ ਸਿੰਘ ਕੌਂਸਲਰ, ਪਰਮਜੀਤ ਸਿੰਘ ਸੈਨੇਟਰੀ ਇੰਸਪੈਕਟਰ, ਜਗਦੀਪ ਠਾਂਗਰੀ ਪ੍ਰੋਗਰਾਮ ਕੋਆਰਡੀਨਟਰ ਸਵੱਛ ਭਾਰਤ ਮਿਸ਼ਨ, ਪਲਵਿੰਦਰ ਸਿੰਘ ਜੂਨੀਅਰ ਸਹਾਇਕ, ਹਰਜਿੰਦਰ ਸਿੰਘ ਕਲਰਕ, ਰਮੇਸ਼ ਕੁਮਾਰ ਸੋਨੀ ਤੇ ਰੇਖਾ ਮੋਟੀਵੇਟਰ ਸਵੱਛ ਭਾਰਤ ਮਿਸ਼ਨ ਵੀ ਹਾਜ਼ਰ ਸਨ। 

ਸਕੂਲੀ ਵਿਦਿਆਰਥੀਆਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਅਧਿਕਾਰੀਆਂ ਨੂੰ ਵੱਖ-ਵੱਖ ਸਵਾਲ ਕੀਤੇ ਗਏ, ਜਿਨ੍ਹਾਂ ਦਾ ਜੁਆਬ ਕੌਂਸਲ ਦੇ ਪ੍ਰਧਾਨ ਅਤੇ ਅਧਿਕਾਰੀਆਂ ਵੱਲੋਂ ਵਿਸਥਾਰ ਸਹਿਤ ਵਿਦਿਆਰਥੀਆਂ ਨੂੰ ਦਿੱਤਾ ਗਿਆ, ਜੋ ਕਿ ਉਨ੍ਹਾਂ ਵੱਲੋਂ ਆਪਣੀ ਨੋਟ ਬੁੱਕ 'ਤੇ ਵੀ ਲਿਖਿਆ ਗਿਆ। ਵਿਦਿਆਰਥੀਆਂ ਵੱਲੋਂ ਨਗਰ ਕੌਂਸਲ ਦੀ ਭੂਮਿਕਾ, ਕੌਂਸਲਰਾਂ ਦੇ ਕੰਮਕਾਜ, ਵਿਕਾਸ ਕਾਰਜਾਂ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ ਗਈ, ਜੋ ਕਿ ਵਿਦਿਆਰਥੀਆਂ ਦੇ ਗਿਆਨ ਵਿੱਚ ਹੋਰ ਵੀ ਵਾਧਾ ਕਰੇਗੀ। 

ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਚੌਹਾਨ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਵੱਲੋਂ ਨਗਰ ਕੌਂਸਲ ਦੇ ਦੌਰੇ ਨਾਲ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੋਵੇਗਾ, ਓਥੇ ਹੋਰਨਾਂ ਵਿਦਿਆਰਥੀਆਂ ਅਤੇ ਲੋਕਾਂ ਨੂੰ ਇਸ ਤੋਂ ਸੇਧ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਵਿਸ਼ੇ ਨੂੰ ਉਜਾਗਰ ਕਰਕੇ ਉਨ੍ਹਾਂ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ। 

ਇਸ ਤੋਂ ਇਲਾਵਾ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਦਫ਼ਤਰ ਵਿੱਚ ਬਣਾਈਆਂ ਗਈਆਂ ਕੰਪੋਸਟ ਪਿੱਟਾਂ ਬਾਰੇ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰਕੇ ਇਸ ਤੋਂ ਖਾਦ ਤਿਆਰ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਸਵੱਛ ਭਾਰਤ ਮਿਸ਼ਨ 2020 ਅਤੇ ਸੋਰਸ ਸੈਗਰੀਗੇਸ਼ਨ ਬਾਰੇ ਵੀ ਜਾਗਰੂਕ ਕੀਤਾ ਗਿਆ, ਜਿਸਦੇ ਤਹਿਤ ਬੱਚਿਆਂ ਅਤੇ ਸਕੂਲੀ ਸਟਾਫ਼ ਨੇ ਇਸ ਮਿਸ਼ਨ ਵਿੱਚ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਕੀਤਾ। ਇਸ ਮੌਕੇ ਮੈਡਮ ਕਿਰਨਦੀਪ ਕੌਰ, ਰਾਜਕਰਨ ਸਿੰਘ, ਅਨੀਸ਼ ਹਾਜ਼ਰ ਸਨ।