ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੇਵਾ ਕੇਂਦਰਾਂ 'ਚ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਬਿਲਕੁਲ ਮੁਫ਼ਤ- ਐੱਸ.ਡੀ.ਐੱਮ. ਬਟਾਲਾ

Last Updated: Dec 02 2019 17:08
Reading time: 1 min, 0 secs

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਸੂਬਾ ਸਰਕਾਰ ਵੱਲੋਂ ਸਥਾਪਤ ਕੀਤੇ ਸੇਵਾ ਕੇਂਦਰਾਂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਅਪਲਾਈ ਕਰਨ ਵਾਲੇ ਸ਼ਰਧਾਲੂਆਂ ਤੋਂ ਕੋਈ ਪੈਸਾ ਨਾ ਵਸੂਲਿਆ ਜਾਵੇ। ਸੂਬਾ ਸਰਕਾਰ ਦੇ ਇਨ੍ਹਾਂ ਹੁਕਮਾਂ ਤਹਿਤ ਸੇਵਾ ਕੇਂਦਰਾਂ ਵਿਖੇ ਆਨਲਾਈਨ ਪੋਰਟਲ ਰਾਹੀਂ ਅਪਲਾਈ ਕਰਨ ਦੀ ਸਹੂਲਤ ਸ਼ਰਧਾਲੂਆਂ ਲਈ ਬਿਲਕੁਲ ਮੁਫ਼ਤ ਹੈ।

ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਸ਼ਰਧਾਲੂ ਜੋ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨ ਕਰਨ ਜਾਣਾ ਚਾਹੁੰਦਾ ਹੈ ਉਹ ਆਪਣੇ ਪਾਸਪੋਰਟ, ਆਧਾਰ ਕਾਰਡ ਅਤੇ ਆਪਣੀ ਇੱਕ ਫੋਟੋ ਨਾਲ ਸੇਵਾ ਕੇਂਦਰ ਵਿਖੇ ਜਾ ਕੇ ਮੁਫ਼ਤ ਅਪਲਾਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਦੇ ਕਰਮਚਾਰੀਆਂ ਨੂੰ ਇਹ ਖਾਸ ਹਦਾਇਤ ਕੀਤੀ ਗਈ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅਪਲਾਈ ਕਰਨ ਵਾਲੇ ਕਿਸੇ ਵੀ ਸ਼ਰਧਾਲੂ ਤੋਂ ਕੋਈ ਫੀਸ ਵਸੂਲ ਨਾ ਕੀਤੀ ਜਾਵੇ। 

ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸੇਵਾ ਕੇਂਦਰ ਦਾ ਕੋਈ ਕਰਮਚਾਰੀ ਕਿਸੇ ਤਰ੍ਹਾਂ ਦੀ ਫੀਸ ਵਸੂਲ ਕਰਦਾ ਹੈ ਤਾਂ ਇਸਦੀ ਸ਼ਿਕਾਇਤ ਐੱਸ.ਡੀ.ਐੱਮ. ਦਫ਼ਤਰ ਬਟਾਲਾ ਵਿਖੇ ਕੀਤੀ ਜਾਵੇ ਤਾਂ ਜੋ ਉਸ ਕਰਮਚਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਐੱਸ.ਡੀ.ਐੱਮ ਬਟਾਲਾ ਨੇ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੇਵਾ ਕੇਂਦਰਾਂ ਵਿੱਚ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਬਿਲਕੁਲ ਮੁਫ਼ਤ ਹੈ।